Nabaz-e-punjab.com

ਸਿੱਖਿਆ ਮੰਤਰੀ ਨੇ ਸਕੂਲੀ ਅਧਿਆਪਕਾਂ ਦੀਆਂ ਪ੍ਰਵਾਨ ਕੀਤੀਆਂ ਮੰਗਾਂ ਤੋਂ ਕਿਨਾਰਾ ਵੱਟਿਆ

ਸਿੱਖਿਆ ਮੰਤਰੀ ਓਪੀ ਸੋਨੀ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਤੁਰੰਤ ਅਹੁਦੇ ਤੋਂ ਫਾਰਗ ਕੀਤਾ ਜਾਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜਨਵਰੀ:
ਸਿੱਖਿਆ ਮੰਤਰੀ ਓਪੀ ਸੋਨੀ ਵੱਲੋਂ ਪਿਛਲੇ ਦਿਨੀਂ ਪਟਿਆਲਾ ਵਿੱਚ ਲੜੀਵਾਰ ਧਰਨਾ ਚੁੱਕਣ ਦੀ ਅਪੀਲ ਕਰਨ ਮੌਕੇ ਅਧਿਆਪਕਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਮੰਨਣ ਸਬੰਧੀ ਕੀਤੇ ਐਲਾਨ ਤੋਂ ਹੁਣ ਕਿਨਾਰਾ ਵੱਟ ਲਿਆ। ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਕੂਲੀ ਅਧਿਆਪਕਾਂ ਨੂੰ ਮੁੜ ਤੋਂ ਸੜਕਾਂ ’ਤੇ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਬਲਕਾਰ ਸਿੰਘ ਵਲਟੋਹਾ ਨੇ ਮੁੱਖ ਮੰਤਰੀ ਤੋਂ ਮੰਤਗ ਕੀਤੀ ਕਿ ਅਧਿਆਪਕਾਂ ਨੂੰ ਮੁੜ ਸੰਘਰਸ਼ ਵਿੱਢਣ ਲਈ ਮਜਬੂਰ ਕਰਨ ਲਈ ਜ਼ਿੰਮੇਵਾਰ ਸਿੱਖਿਆ ਮੰਤਰੀ ਓਪੀ ਸੋਨੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਅਹੁਦੇ ਤੋਂ ਫਾਰਗ ਕੀਤਾ ਜਾਵੇ।
ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰਮਸਾ ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾ ਕੇ 15 ਹਜ਼ਾਰ 300 ਰੁਪਏ ’ਤੇ ਰੈਗੂਲਰ ਕਰਨ ਦੇ ਤੁਗਲਕੀ ਫ਼ਰਮਾਨ ਵਿਰੁੱਧ ਸਾਂਝਾ ਅਧਿਆਪਕ ਮੋਰਚਾ ਵੱਲੋਂ ਵੱਖ ਵੱਖ ਅਧਿਆਪਕ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਤਾਰ 57 ਦਿਨ ਸੰਘਰਸ਼ ਕਰਕੇ ਸਰਕਾਰ ਦੀਆਂ ਚੂਲਾਂ ਹਿੱਲਾ ਦਿੱਤੀਆਂ ਸਨ। ਜਿਸ ਕਾਰਨ ਸਿੱਖਿਆ ਮੰਤਰੀ ਨੇ ਸਾਂਝਾ ਅਧਿਆਪਕ ਮੋਰਚੇ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਇਹ ਭਰੋਸਾ ਦਿੱਤਾ ਸੀ ਕਿ ਸੰਘਰਸ਼ ਦੌਰਾਨ ਹਰ ਕਿਸਮ ਦੀ ਹੋਈ ਵਿਕਟੇਮਾਈਜੇਸ਼ਨ ਤੁਰੰਤ ਬਹਾਲ ਹੋਵੇਗੀ, ਜਿਨ੍ਹਾਂ ਅਧਿਆਪਕਾਂ ਦੀ ਬਦਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਮੁੜ ਪਹਿਲੇ ਸਟੇਸ਼ਨਾਂ ’ਤੇ ਭੇਜਿਆ ਜਾਵੇਗਾ ਅਤੇ 5178 ਅਧਿਆਪਕਾਂ ਨੂੰ ਪਹਿਲੀ ਜਨਵਰੀ ਤੋਂ ਪੱਕਾ ਕਰਕੇ ਪੂਰੇ ਗਰੇਡ ਵਿੱਚ ਤਨਖ਼ਾਹ ਦਿੱਤੀ ਜਾਵੇਗੀ, ਹਰ ਕਿਸਮ ਦੇ ਭਰਤੀ ਕੀਤੇ ਵਲੰਟੀਅਰ ਟੀਚਰਾਂ ਦੀ ਤਨਖ਼ਾਹ ਵਿੱਚ 1500 ਰੁਪਏ ਦਾ ਵਾਧਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਫੈਸਲਿਆਂ ਸਬੰਧੀ ਸਿੱਖਿਆ ਮੰਤਰੀ ਵੱਲੋਂ ਪਿਛਲੇ ਸਾਲ 1 ਦਸੰਬਰ ਨੂੰ ਪਟਿਆਲਾ ਧਰਨੇ ਵਿੱਚ ਐਲਾਨ ਕੀਤਾ ਗਿਆ ਸੀ ਅਤੇ ਮੰਤਰੀ ਦੇ ਭਰੋਸੇ ਮਗਰੋਂ ਅਧਿਆਪਕ ਜਥੇਬੰਦੀਆਂ ਨੇ ਲੜੀਵਾਰ ਧਰਨਾ ਚੁੱਕਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਪਹਿਲਾਂ ਚੋਣ ਜ਼ਾਬਤੇ ਦੀ ਆੜ ਵਿੱਚ ਉਕਤ ਫੈਸਲੇ ਲਮਕਾਏ ਗਏ ਅਤੇ ਹੁਣ ਸਿੱਖਿਆ ਵਿਭਾਗ ਰੋਜ਼ਾਨਾ ਫੈਸਲਿਆਂ ਤੋਂ ਉਲਟ ਨਿੱਤ ਨਵੇਂ ਹੁਕਮ ਜਾਰੀ ਕਰਕੇ ਅਧਿਆਪਕਾਂ ਨੂੰ ਦੂਰ ਦੁਰਾਡੇ ਸਕੂਲਾਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਅਧਿਆਪਕਾਂ ਦੇ ਸਬਰ ਦਾ ਪਿਆਲਾ ਭਰ ਚੱੁਕਾ ਹੈ ਅਤੇ ਅਧਿਆਪਕ ਆਪਣਾ ਹੋਰ ਸ਼ੋਸ਼ਣ ਸਹਿਣ ਨਹੀਂ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ 15 ਜਨਵਰੀ ਨੂੰ ਜ਼ਿਲ੍ਹਾ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ 19 ਜਨਵਰੀ ਨੂੰ ਜਲੰਧਰ ਵਿੱਚ ਕਨਵੈਨਸ਼ਨ ਕੀਤੀ ਜਾਵੇਗੀ। ਉਪਰੰਤ 3 ਫਰਵਰੀ ਨੂੰ ਮੁੜ ਪਟਿਆਲਾ ਵਿੱਚ ਸੂਬਾ ਪੱਧਰੀ ਰੈਲੀ ਕਰਕੇ ਅਗਲੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਦੌੜਕਾ, ਹਰਿੰਦਰ ਸਿੰਘ ਬਿਲਗਾ, ਵਨੀਤ ਕੁਮਾਰ, ਪ੍ਰਵੀਨ ਕੁਮਾਰ, ਸੁਲੱਖਣ ਬੇਗੋ, ਹਾਕਮ ਸਿੰਘ, ਰਾਜਵਿੰਦਰ ਨੀਰ, ਅਮਰੀਕ ਸਿੰਘ ਅਤੇ ਜਸਵਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …