nabaz-e-punjab.com

ਪੰਜਾਬ ਵਿਜੀਲੈਂਸ ਵੱਲੋਂ ਮੁਹਾਲੀ ਥਾਣੇ ਵਿੱਚ ਵਣਪਾਲ ਹਰਸ਼ ਕੁਮਾਰ ਤੇ ਅਜੇ ਪਲਟਾ ਖ਼ਿਲਾਫ਼ ਜਾਅਲਸਾਜ਼ੀ ਦਾ ਕੇਸ ਦਰਜ

ਵਿਜੀਲੈਂਸ ਦੇ ਏਆਈਜੀ ਅਸੀਸ ਕਪੂਰ ਦੀ ਅਗਵਾਈ ਵਾਲੀ ਟੀਮ ਨੇ ਕੀਤੀ ਮਾਮਲੇ ਦੀ ਡੂੰਘਾਈ ਨਾਲ ਪੜਤਾਲ

ਸਾਲਾਨਾ ਗੁਪਤ ਰਿਪੋਰਟ ਠੀਕ ਕਰਵਾਉਣ ਲਈ ਪੰਜਾਬ ਸਰਕਾਰ ਤੇ ਵਣ ਵਿਭਾਗ ਨੂੰ ਸੌਂਪਿਆ ਸੀ ਫਰਜੀ ਪ੍ਰਸੰਸਾ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਆਪਣੀ ਸਲਾਨਾ ਗੁਪਤ ਰਿਪੋਰਟ ਨੂੰ ਠੀਕ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਵਣ ਵਿਭਾਗ ਨੂੰ ਫਰਜੀ ਪ੍ਰਸੰਸਾ ਪੱਤਰ ਸੌਂਪਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੰਜਾਬ ਵਿਜੀਲੈਂਸ ਬਿਊਰੋ ਦੇ ਏਆਈਜੀ ਅਸੀਸੀ ਕਪੂਰ ਦੀ ਅਗਵਾਈ ਵਾਲੀ ਟੀਮ ਨੇ ਮੁੱਢਲੀ ਜਾਂਚ ਤੋਂ ਬਾਅਦ ਵਣਪਾਲ, ਖੋਜ ਸਰਕਲ ਹੁਸ਼ਿਆਰਪੁਰ ਹਰਸ਼ ਕੁਮਾਰ ਅਤੇ ਪਲਟਾ ਇੰਜੀਨੀਅਰਿੰਗ ਵਰਕਸ ਪ੍ਰਾਈਵੇਟ ਲਿਮਟਿਡ, ਫੋਕਲ ਪੁਆਇੰਟ, ਜਲੰਧਰ ਦੇ ਡਾਇਰੈਕਟਰ ਅਜੇ ਪਲਟਾ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਆਈਪੀ ਸੀ ਦੀ ਧਾਰਾ 420, 465, 467, 468, 471, 474, 120ਬੀ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਜੀਲੈਂਸ ਅਨੁਸਾਰ ਕੁਲਦੀਪ ਕੁਮਾਰ ਲੋਮਿਸ ਪ੍ਰਧਾਨ ਮੁੱਖ ਵਣਪਾਲ ਨੇ ਹਰਸ਼ ਕੁਮਾਰ ਦੀ ਸਾਲ 2014-15 ਦੀ ਸਾਲਾਨਾ ਗੁਪਤ ਰਿਪੋਰਟ ਲਿਖਦੇ ਸਮੇਂ ਉਸ ਬਾਰੇ ਕੁਝ ਪ੍ਰਤੀਕੂਲ ਕਥਨ ਦਰਜ ਕੀਤੇ ਸਨ ਅਤੇ ਇਸ ਵਿਸ਼ੇ ਸਬੰਧੀ ਹਰਸ਼ ਕੁਮਾਰ ਨੇ ਇੱਕ ਪ੍ਰਤੀਬੇਨਤੀ ਪੱਤਰ ਵਣ ਮੰਤਰੀ ਨੂੰ ਪੇਸ਼ ਹੋ ਕੇ ਦਿੱਤਾ ਸੀ ਜਿਸ ਨਾਲ ਉਸ ਨੇ ਪ੍ਰਸੰਸਾ ਪੱਤਰ 4 ਮਈ 2015 (ਜੋ ਵਧੀਕ ਪ੍ਰਮੁੱਖ ਚੀਫ਼ ਕੰਜਰਵੇਟਰ, ਜੰਗਲਾਤ (ਵਿਕਾਸ) ਨੂੰ ਭੇਜੀ ਜਾਣੀ ਦਿਖਾਈ ਗਈ) ਦੀ ਫੋਟੋ ਕਾਪੀ ਵੀ ਨਾਲ ਨੱਥੀ ਕੀਤੀ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪ੍ਰਸੰਸਾ ਪੱਤਰ ਡਾ. ਅਸ਼ੋਕ ਕੁਮਾਰ ਸਾਇੰਟਿਸਟ-ਐਫ, ਜੈਨੇਟਿਕ ਤੇ ਰੁੱਖ ਉਤਪਤੀ, ਜੰਗਲਾਤ ਖੋਜ ਸੰਸਥਾ ਦੇਹਰਾਦੂਨ (ਉਤਰਾਖੰਡ) ਵੱਲੋਂ ਜਾਰੀ ਨਹੀਂ ਕੀਤਾ ਗਿਆ ਸੀ।
ਅਸਲ ਵਿੱਚ ਇਹ ਪ੍ਰਸੰਸਾ ਪੱਤਰ ਵਣ ਅਤੇ ਜੰਗਲੀ ਜੀਵ ਸੁਰੱਖਿਆ ਪੰਜਾਬ ਦੇ ਪ੍ਰਮੁੱਖ ਸਕੱਤਰ ਦਫ਼ਤਰ ਵਿੱਚ 11 ਮਈ 2015 ਨੂੰ ਪ੍ਰਾਪਤ ਹੋਇਆ। ਜਿਸ ਪਿੱਛੋਂ ਕੁਲਦੀਪ ਕੁਮਾਰ ਵੱਲੋਂ ਇਸ ਪੱਤਰ ਦੀ ਤਸਦੀਕ ਕਰਵਾਉਣ ’ਤੇ ਦੇਹਰਾਦੂਨ ਸਥਿਤ ਜੰਗਲਾਤ ਖੋਜ ਸੰਸਥਾ ਨੇ ਸਪੱਸ਼ਟ ਕੀਤਾ ਕਿ ਇਹ ਪ੍ਰਸੰਸਾ ਪੱਤਰ ਉਸ ਵੱਲੋਂ ਜਾਰੀ ਹੀ ਨਹੀਂ ਹੋਇਆ ਅਤੇ ਨਾ ਹੀ ਡਿਸਪੈਚ ਕੀਤਾ ਗਿਆ ਜਦੋਂਕਿ ਮੁਲਜ਼ਮ ਹਰਸ਼ ਕੁਮਾਰ ਵਣਪਾਲ, ਵਿਜੇ ਕੁਮਾਰ ਵਣ ਰੇਂਜ ਅਫ਼ਸਰ, ਖੋਜ ਸਰਕਲ, ਹੁਸ਼ਿਆਰਪੁਰ ਅਤੇ ਪ੍ਰਾਈਵੇਟ ਵਿਅਕਤੀ ਅਜੇ ਪਲਟਾ ਨੇ ਵਿਜੀਲੈਂਸ ਜਾਂਚ ਦੌਰਾਨ ਆਪਣੇ ਹਲਫ਼ੀਆ ਬਿਆਨ ਵਿੱਚ ਇਹ ਦਾਅਵਾ ਕੀਤਾ ਸੀ ਕਿ ਇਹ ਪੱਤਰ ਡਾ. ਅਸ਼ੋਕ ਕੁਮਾਰ, ਸਾਇੰਟਿਸਟ ਨੇ ਦੇਹਰਾਦੂਨ ਸੰਸਥਾ ਵਿੱਚ ਖੁਦ ਟਾਈਪ ਕਰਕੇ ਹਰਸ਼ ਕੁਮਾਰ ਅਤੇ ਅਜੇ ਪਲਟਾ ਦੀ ਹਾਜ਼ਰੀ ਵਿੱਚ ਵਿਜੇ ਕੁਮਾਰ ਨੂੰ ਦਿੱਤਾ ਸੀ।ਉਂਜ ਵੀ 4 ਮਈ 2015 ਨੂੰ ਬੁੱਧ ਪੂਰਨਿਮਾ ਦੀ ਛੁੱਟੀ ਹੋਣ ਕਰਕੇ ਉਕਤ ਸੰਸਥਾ ਦਾ ਦਫ਼ਤਰ ਬੰਦ ਸੀ ਅਤੇ ਛੁੱਟੀ ਵਾਲੇ ਦਿਨ ਇਸ ਇੰਸਟੀਚਿਊਟ ਦੇ ਮੁਖੀ ਪਾਸੋਂ ਪ੍ਰਵਾਨਗੀ ਲੈ ਕੇ ਹੀ ਇਹ ਦਫ਼ਤਰ ਖੋਲ੍ਹਿਆ ਜਾ ਸਕਦਾ ਸੀ।
ਇਸ ਤੋਂ ਇਲਾਵਾ ਹਰਸ਼ ਕੁਮਾਰ ਅਤੇ ਉਸ ਦੇ ਸਾਥੀਆਂ ਵੱਲੋਂ ਉਸ ਦਿਨ ਜਿਹੜੀ ਗੱਡੀ ਵਿੱਚ ਸਵਾਰ ਹੋ ਕੇ ਦੇਹਰਾਦੂਨ ਸੰਸਥਾ ਵਿੱਚ ਜਾਣਾ ਬਿਆਨ ਕੀਤਾ ਗਿਆ। ਉਸ ਦਿਨ ਸਬੰਧਤ ਵਾਹਨ ਇੰਸਟੀਚਿਊਟ ਵਿੱਚ ਦਾਖ਼ਲ ਹੋਣ ਬਾਰੇ ਐਂਟਰੀ ਰਜਿਸਟਰਾਂ ਵਿੱਚ ਕੋਈ ਵੇਰਵਾ ਦਰਜ ਨਹੀਂ ਹੈ। ਜਾਂਚ ਪ੍ਰੋਗਸ਼ਾਲਾ (ਐਫ.ਐਸ.ਐਲ.) ਦੀ ਰਿਪੋਰਟ ਮੁਤਾਬਕ ਉਕਤ ਵਿਵਾਦਮਈ ਪ੍ਰਸੰਸਾ ਪੱਤਰ ਉੱਤੇ ਕੀਤੇ ਹੋਏ ਦਸਤਖ਼ਤ ਅਸ਼ੋਕ ਕੁਮਾਰ, ਸਾਇੰਟਿਸਟ ਦੇ ਨਹੀਂ ਹਨ ਅਤੇ ਇਹ ਪੱਤਰ ਅਸ਼ੋਕ ਕੁਮਾਰ, ਸਾਇੰਟਿਸਟ ਵੱਲੋਂ ਵਰਤੇ ਜਾਂਦੇ ਕੰਪਿਊਟਰ ਦੀ ਹਾਰਡਡਿਸਕ ’ਚੋਂ ਵੀ ਨਹੀਂ ਮਿਲਿਆ।
ਇਸ ਤੋਂ ਇਲਾਵਾ ਡਾ. ਅਸ਼ੋਕ ਕੁਮਾਰ 21 ਦਸੰਬਰ 2016 ਨੂੰ ਸਾਇੰਟਿਸਟਾਂ ਦੀ ਈ-ਲਿਸਟ ਤੋਂ ਐਫ਼-ਲਿਸਟ ਵਿੱਚ ਪ੍ਰਮੋਟ ਹੋਇਆ ਹੈ ਜਦੋਂਕਿ 4 ਮਈ 2015 ਨੂੰ ਜਾਰੀ ਹੋਏ ਪ੍ਰਸੰਸਾ ਪੱਤਰ ਵਿੱਚ ਉਸ ਨੂੰ ਸਾਇੰਟਿਸਟ-ਐਫ ਦਰਸਾਇਆ ਹੋਇਆ ਹੈ। ਡਾ. ਅਸ਼ੋਕ ਕੁਮਾਰ ਦੇ ਅਸਲ ਲੈਟਰ ਹੈਡ ਵਿੱਚ ਹਰੇ ਰੰਗ ਦਾ ਲੋਗੋ ਹੈ ਪਰ ਇਸ ਪ੍ਰਸੰਸਾ ਪੱਤਰ ਵਿੱਚ ਛਪੇ ਲੋਗੋ ਦਾ ਰੰਗ ਕਾਲਾ ਹੈ। ਵਿਜੀਲੈਂਸ ਜਾਂਚ ਦੌਰਾਨ ਹਰਸ਼ ਕੁਮਾਰ ਵੱਲੋਂ ਆਪਣੇ ਮੋਬਾਈਲ ਫੋਨ 94170-13693 ਦਾ ਬਿੱਲ ਪੇਸ਼ ਕੀਤਾ ਗਿਆ। ਜਿਸ ਵਿੱਚ ਉਸ ਨੇ ਡਾ. ਅਸ਼ੋਕ ਕੁਮਾਰ ਨਾਲ 4 ਮਈ ਨੂੰ ਨੈਸ਼ਨਲ ਰੋਮਿੰਗ ਦੌਰਾਨ ਹੋਈ ਗੱਲਬਾਤ ਦੀ ਇੰਨਕਮਿੰਗ ਅਤੇ ਆਊਟਗੋਇੰਗ ਕਾਲਾਂ ਬਾਰੇ ਵੇਰਵਾ ਦਿੱਤਾ ਸੀ ਪਰ ਬਿੱਲ ਨੂੰ ਵਾਚਣ ’ਤੇ ਪਾਇਆ ਕਿ ਹਰਸ਼ ਕੁਮਾਰ 5 ਮਈ ਅਤੇ 6 ਮਈ ਨੂੰ ਹਰਿਆਣਾ ਅਤੇ ਦਿੱਲੀ ਦੇ ਇਲਾਕੇ ਵਿੱਚ ਮੌਜੂਦ ਰਿਹਾ ਜਦੋਂਕਿ ਇਹ ਪ੍ਰਸੰਸਾ ਪੱਤਰ 4 ਮਈ 2015 ਦੀ ਪਰਤ ਨੰਬਰ 3, ਜੋ ਕੰਜ਼ਰਵੇਟਰ ਆਫ ਫਾਰੈਸਟ, ਰਿਸਰਚ ਐਂਡ ਟਰੇਨਿੰਗ ਸਰਕਲ, ਹੁਸਿਆਰਪੁਰ ਵਿੱਚ ਪ੍ਰਾਪਤ ਹੋਇਆ ਦੱਸਿਆ ਗਿਆ ਹੈ। ਉਸ ਉੱਤੇ ਹਰਸ਼ ਕੁਮਾਰ ਨੇ 6 ਮਈ ਨੂੰ ਆਪਣੇ ਕਲਮੀ ਇਹ ਨੋਟ ਦਿੱਤਾ ਕਿ ਇਹ ਪ੍ਰਸ਼ੰਸਾ ਪੱਤਰ ਵਿਜੇ ਕੁਮਾਰ ਵਣ ਰੇਂਜ ਅਫ਼ਸਰ ਵੱਲੋਂ ਉਸ ਅੱਗੇ ਪੇਸ਼ ਕੀਤਾ ਗਿਆ। ਉਧਰ, ਜਤਿੰਦਰ ਸ਼ਰਮਾ ਪ੍ਰਧਾਨ ਮੱਖ ਵਣਪਾਲ ਪੰਜਾਬ ਨੇ ਲਿਖਤੀ ਰੂਪ ਵਿੱਚ ਦੱਸਿਆ ਕਿ ਇਹ ਪੱਤਰ 4 ਮਈ 2015 ਨਾ ਹੀ ਉਨ੍ਹਾਂ ਦੇ ਦਫ਼ਤਰ ਅਤੇ ਨਾ ਹੀ ਇਹ ਪੱਤਰ ਵਧੀਕ ਪ੍ਰਧਾਨ ਮੁੱਖ ਵਣਪਾਲ (ਵਿਕਾਸ) ਦੇ ਦਫ਼ਤਰ ਵਿੱਚ ਪ੍ਰਾਪਤ ਹੋਇਆ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…