Nabaz-e-punjab.com

ਮੁਹਾਲੀ ਵਿੱਚ ਆਈ-10 ਕਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਕਾਰ ਚਾਲਕ ਦੀ ਦਰਦਨਾਕ ਮੌਤ

ਸੀਟ ਬੈਲਟ ਬਣੀ ਮੌਤ ਦਾ ਕਾਰਨ, ਅੱਗ ਤੋਂ ਬਚਨ ਲਈ ਕਾਹਲੀ-ਕਾਹਲੀ ਵਿੱਚ ਚਾਲਕ ਤੋਂ ਸੀਟ ਬੈਲਟ ਵੀ ਨਹੀਂ ਖੁੱਲ੍ਹੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਇੱਥੋਂ ਦੇ ਨੇੜਲੇ ਪਿੰਡ ਸੰਭਾਲਕੀ (ਸੈਕਟਰ-79) ਤੋਂ ਸੈਕਟਰ-80 ਦੀ ਮੁੱਖ ਸੜਕ ’ਤੇ ਅਚਾਨਕ ਆਈ-10 ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਚਾਲਕ ਦੀ ਬੂਰੀ ਤਰ੍ਹਾਂ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਾਧਵ ਚਤੁਰਵੇਦੀ (39) ਵਾਸੀ ਸੈਕਟਰ-108 ਵਜੋਂ ਹੋਈ ਹੈ। ਜੋ ਆਈਡੀਆ ਕੰਪਨੀ ਵਿੱਚ ਸੀਨੀਅਰ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਸੀ। ਮ੍ਰਿਤਕ ਦੀ ਪਤਨੀ ਡਾਕਟਰ ਹੈ ਅਤੇ ਉਹ ਆਪਣੇ 2 ਬੱਚਿਆਂ ਸਮੇਤ ਕੋਟਾ (ਰਾਜਸਥਾਨ) ਗਈ ਹੋਈ ਸੀ।
ਜਾਣਕਾਰੀ ਅਨੁਸਾਰ ਮਾਧਵ ਚਤੁਰਵੇਦੀ ਲੰਘੀ ਰਾਤ ਕਰੀਬ 11 ਵਜੇ ਆਪਣੀ ਆਈ-10 ਕਾਰ ਵਿੱਚ ਸਵਾਰ ਹੋ ਕੇ ਪਿੰਡ ਮੌਲੀ ਬੈਦਵਾਨ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਸੰਭਾਲਕੀ ਦੇ ਨੇੜੇ ਪੁੱਜਾ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਖਤਾਨਾਂ ਵਿੱਚ ਉਤਰ ਕੇ ਉੱਥੇ ਖੜੇ ਦਰਖਤ ਨਾਲ ਟਕਰਾ ਕੇ ਬੰਦ ਹੋ ਗਈ। ਅੱਗ ਜ਼ਿਆਦਾ ਫੈਲਣ ਕਾਰਨ ਕਾਰ ਚਾਲਕ ਬਹੁਤ ਘਬਰਾ ਗਿਆ ਅਤੇ ਉਸ ਤੋਂ ਸੀਟ ਬੈਲਟ ਨਹੀਂ ਖੁੱਲ੍ਹੀ ਅਤੇ ਬਾਹਰ ਨਹੀਂ ਨਿਕਲਣ ਕਾਰਨ ਉਸ ਦੀ ਕਾਰ ਵਿੱਚ ਸੜ ਕੇ ਦਰਦਨਾਕ ਮੌਤ ਹੋ ਗਈ।
ਉਧਰ, ਇਸ ਦੌਰਾਨ ਉੱਥੋਂ ਲੰਘ ਰਹੀ ਇੱਕ ਟੈਕਸੀ ਕਾਰ ਦੇ ਚਾਲਕ ਜਤਿੰਦਰ ਨੇ ਕਾਰ ਨੂੰ ਅੱਗ ਲੱਗੀ ਦੇਖ ਕੇ ਤੁਰੰਤ ਮੁਹਾਲੀ ਪੁਲੀਸ ਕੰਟਰੋਲ ਰੂਮ ਅਤੇ ਫਾਇਰ ਬ੍ਰਿਗੇਡ ਦਫ਼ਤਰ ਨੂੰ ਸੂਚਨਾ ਦਿੱਤੀ ਅਤੇ ਸੂਚਨਾ ਮਿਲਦੇ ਹੀ ਥਾਣਾ ਸੋਹਾਣਾ ਦੇ ਐਸਐਚਓ ਤਰਲੋਚਨ ਸਿੰਘ ਅਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾਇਆ ਅਤੇ ਕਾਰ ’ਚੋਂ ਬੁਰੀ ਤਰ੍ਹਾਂ ਸੜ ਚੁੱਕੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਪੁਲੀਸ ਅਨੁਸਾਰ ਅਮਿਤ ਕੁਮਾਰ ਨਾਂ ਦੇ ਵਿਅਕਤੀ ਹਾਦਸਾ ਗ੍ਰਸ਼ਤ ਕਾਰ ਦੀ ਪਛਾਣ ਕਰਕੇ ਦੱਸਿਆ ਕਿ ਇਹ ਲਾਸ਼ ਮਾਧਵ ਚਤੁਰਵੇਦੀ ਦੀ ਹੈ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਹੈ।
ਥਾਣਾ ਸੋਹਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਇਹ ਘਟਨਾ ਲੰਘੀ ਰਾਤ ਕਰੀਬ ਸਾਢੇ 11 ਵਜੇ ਦੀ ਹੈ। ਉਨ੍ਹਾਂ ਦੱਸਿਆ ਕਿ ਕਾਰ ਦੀ ਨੰਬਰ ਪਲੇਟ ਤੋਂ ਕਾਰ ਦੇ ਮਾਲਕ ਦੀ ਪਛਾਣ ਹੋਈ ਹੈ ਪ੍ਰੰਤੂ ਪੁਲੀਸ ਫਿਰ ਵੀ ਸ਼ੱਕ ਦੂਰ ਕਰਨ ਲਈ ਲਾਸ਼ ਦਾ ਡੀਐਨਏ ਟੈਸਟ ਅਤੇ ਵਿਸਰਾ ਫਰੈਂਸਿਕ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਫਰੈਂਸਿਕ ਮਾਹਰਾਂ ਦੀ ਟੀਮ ਨੂੰ ਮੌਕੇ ਕੇ ਸੱਦ ਕੇ ਸੈਂਪਲ ਲੈ ਕੇ ਫੋਰੈਂਸਿਕ ਲੈਬ ਵਿੱਚ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਧਵ ਚਤੁਰਵੇਦੀ ਜੋ ਕਿ ਆਈਡੀਆ ਕੰਪਨੀ ਵਿੱਚ ਬਤੌਰ ਸੀਨੀਅਰ ਮੈਨੇਜਰ ਕੰਮ ਕਰਦਾ ਸੀ ਅਤੇ ਉਹ ਪੰਚਕੂਲਾ ਸਥਿਤ ਬਰਾਂਚ ਵਿੱਚ ਤਾਇਨਾਤ ਸੀ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…