ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਛੁੱਟੀ ਵਾਲੇ ਦਿਨ ਹੁਸ਼ਿਆਰਪੁਰ ਖੇਤਰੀ ਦਫ਼ਤਰ ਦੀ ਅਚਨਚੇਤ ਚੈਕਿੰਗ

15 ਮਾਰਚ ਤੱਕ ਅਗਲੇ ਸਾਲ ਦੀਆਂ 80 ਫੀਸਦੀ ਕਿਤਾਬਾਂ ਖੇਤਰੀ ਦਫ਼ਤਰਾਂ ਤੇ ਸੇਲ ਡਿੱਪੂਆਂ ਵਿੱਚ ਪਹੁੰਚਾਉਣ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਅੱਜ ਛੁੱਟੀ ਵਾਲੇ ਦਿਨ ਹੁਸ਼ਿਆਰਪੁਰ ਵਿੱਚ ਸਕੂਲ ਬੋਰਡ ਦੇ ਖੇਤਰੀ ਦਫ਼ਤਰ ਅਤੇ ਪਾਠ ਪੁਸਤਕਾਂ ਦੇ ਸੇਲ ਡਿੱਪੂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਜਾਰੀ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਅਗਲੇ ਅਕਾਦਮਿਕ ਸਾਲ ਲਈ ਦਫ਼ਤਰ ਦੇ ਡਿੱਪੂ ਰਾਹੀਂ ਕੀਤੇ ਜਾਣ ਵਾਲੇ ਵੱਖ ਵੱਖ ਕਾਰਜਾਂ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਚੇਅਰਮੈਨ ਨੇ ਖੇਤਰੀ ਦਫ਼ਤਰ ਦੀ ਕਾਰਗੁਜ਼ਾਰੀ ਸਬੰਧੀ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਕੀਤੀ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਭਰ ਦੇ ਵਿਦਿਆਰਥੀ, ਮਾਪੇ ਅਤੇ ਅਧਿਆਪਕ ਛੇਤੀ ਹੀ ਨਕਲ ਨੂੰ ਨਸ਼ਿਆਂ ਵਰਗਾ ਕੋਹੜ ਮੰਨਦੇ ਹੋਏ ਇਸ ਤੋਂ ਛੁਟਕਾਰਾ ਪਾਉਣ ਦਾ ਮਾਨਸਿਕ ਤਹੱਈਆ ਕਰਨਗੇ।
ਮੀਡੀਆ ਨੂੰ ਜਾਰੀ ਜਾਣਕਾਰੀ ਵਿੱਚ ਸ੍ਰੀ ਕਲੋਹੀਆ ਨੇ ਦੱਸਿਆ ਕਿ ਅਕਾਦਮਿਕ ਸਾਲ 2019-20 ਲਈ ਨਵੀਆਂ ਪਾਠ ਪੁਸਤਕਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਹੁਸ਼ਿਆਰਪੁਰ ਖੇਤਰੀ ਦਫ਼ਤਰ ਅਧੀਨ ਪੈਂਦੇ 19 ਬਲਾਕਾਂ ਵਿੱਚ 2018-19 ਦੀਆਂ ਮੁੱਖ ਤੇ ਵਾਧੂ ਮੰਗ ਦੀਆਂ ਪਾਠ ਪੁਸਤਕਾਂ ਦੀ ਸਪਲਾਈ ਮੁਕੰਮਲ ਕਰਨ ਮਗਰੋਂ ਹੁਣ ਅਗਲੇ ਸਾਲ ਲਈ ਢਾਈ ਲੱਖ ਤੋਂ ਵੱਧ ਨਵੀਆਂ ਪਾਠ ਪੁਸਤਕਾਂ ਹੁਸ਼ਿਆਰਪੁਰ ਡਿੱਪੂ ਵਿੱਚ ਪਹਿਲਾਂ ਹੀ ਪੁੱਜਦੀਆਂ ਕਰ ਦਿੱਤੀਆਂ ਗਈਆਂ ਹਨ।
ਖੇਤਰੀ ਦਫ਼ਤਰ ਦੇ ਮੈਨੇਜਰ ਲਲਿਤ ਕੁਮਾਰ ਦੀ ਜਾਣਕਾਰੀ ਮੁਤਾਬਕ ਇੱਕ ਲੱਖ 30 ਹਜ਼ਾਰ ਤੋਂ ਵੱਧ ਕਿਤਾਬਾਂ ਵਿਕਰੀ ਲਈ ਅਤੇ ਲਗਭਗ ਇੱਕ ਲੱਖ 20 ਹਜ਼ਾਰ ਕਿਤਾਬਾਂ ਭਲਾਈ ਵਿਭਾਗ ਰਾਹੀਂ ਮੁਫ਼ਤ ਵੰਡਣ ਲਈ ਪੁੱਜੀਆਂ ਹਨ। ਸ੍ਰੀ ਕਲੋਹੀਆ ਨੇ ਆਸ ਪ੍ਰਗਟਾਈ ਕਿ 15 ਮਾਰਚ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਅਗਲੇ ਸਾਲ ਦੀਆਂ 80 ਫੀਸਦੀ ਪਾਠ ਪੁਸਤਕਾਂ ਆਪਣੇ ਖੇਤਰੀ ਦਫ਼ਤਰਾਂ ਅਤੇ ਸੇਲ ਡਿੱਪੂਆਂ ਵਿੱਚ ਪੁੱਜਦੀਆਂ ਕਰ ਦਿੱਤੀਆਂ ਜਾਣਗੀਆਂ ਅਤੇ 31 ਮਾਰਚ ਤੱਕ ਵਿਦਿਆਰਥੀਆਂ ਨੂੰ ਵੰਡਣ ਲਈ ਬਲਾਕ ਪੱਧਰੀ ਕੇਂਦਰਾਂ ਵਿੱਚ ਲੋੜੀਂਦੀਆਂ ਕਿਤਾਬਾਂ ਪਹੁੰਚਾ ਦਿੱਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…