ਪਹਿਲਾ ਅੰਡਰ-19 ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ:

ਸੁਰਜੀਤ ਅਕੈਡਮੀ ਜਲੰਧਰ ਤੇ ਸ਼ਾਹਬਾਦ (ਹਰਿਆਣਾ) ਦੀਆਂ ਟੀਮਾਂ ਫਾਈਨਲ ਵਿੱਚ ਪੁੱਜੀਆਂ

ਅਖੀਰਲੇ ਦਿਨ ਸਮਾਜ ਸੇਵੀ ਆਗੂਆਂ ਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਇੱਥੋਂ ਦੇ ਪੀਆਈਐਸ ਹਾਕੀ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਅੰਡਰ-19 ਪਹਿਲੇ 5 ਰੋਜ਼ਾ ਕੇਸਾਧਾਰੀ ਗੋਲਕ ਕੱਪ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਸੁਰਜੀਤ ਅਕੈਡਮੀ ਜਲੰਧਰ, ਖਡੂਰ ਸਾਹਿਬ ਅਕੈਡਮੀ, ਸ਼ਾਹਬਾਦ (ਹਰਿਆਣਾ) ਅਕੈਡਮੀ ਅਤੇ ਪੀਆਈਐਸ ਲੁਧਿਆਣਾ ਦੀਆਂ ਟੀਮਾਂ ਦੇ ਮੈਚ ਕਰਵਾਏ ਗਏ। ਰਾਊਂਡ ਗਲਾਸ ਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਤੇ ਖੇਡ ਪ੍ਰਮੋਟਰ ਸਰਪਾਲ ਸਿੰਘ ਨੇ ਉਦਘਾਟਨ ਕੀਤਾ। ਦੱਸਣਯੋਗ ਹੈ ਕਿ ਸਰਪਾਲ ਸਿੰਘ ਕਾਫੀ ਸਮਾਂ ਪਹਿਲਾਂ ਭਾਰਤ ਦੀ ਹਾਕੀ ਟੀਮ ਵਿੱਚ ਖੇਡ ਚੁੱਕੇ ਹਨ। ਉਨ੍ਹਾਂ ਹਾਕੀ ਨੂੰ ਪ੍ਰਮੋਟ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਸਰੀਰ ਨੂੰ ਅਰੋਗ ਤੇ ਤੰਦਰੁਸਤ ਹੀ ਨਹੀਂ ਬਣਾਉਂਦੀਆਂ ਸਗੋਂ ਦੇਸ਼ ਤੇ ਕੌਮ ਦੀ ਜਵਾਨੀ ਦੀ ਨੀਂਹ ਵੀ ਮਜ਼ਬੂਤ ਹੁੰਦੀ ਹੈ। ਉਨ੍ਹਾਂ ਗੋਲਡ ਕੱਪ ਦਾ ਤੀਜਾ 21 ਹਜ਼ਾਰ ਰੁਪਏ ਦਾ ਨਕਦ ਇਨਾਮ ਆਪਣੀ ਕੰਪਨੀ ਵੱਲੋਂ ਸਪਾਂਸਰ ਕਰਨ ਦਾ ਐਲਾਨ ਕਰਦਿਆਂ ਭਵਿੱਖ ਵਿੱਚ ਟੂਰਨਾਮੈਂਟ ਦੌਰਾਨ ਸਾਰੇ ਖਿਡਾਰੀਆਂ ਨੂੰ ਖਾਣਾ ਦੇਣ ਦੀ ਪੇਸ਼ਕਸ਼ ਕੀਤੀ। ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਭਲਕੇ ਅਖੀਰਲੇ ਦਿਨ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਫਾਊਂਡਰ ਡਾ. ਐਸਪੀ ਸਿੰਘ ਓਬਰਾਏ, ਜੈਵਿਕ ਖੇਤੀ ਕਰਨ ਵਾਲੇ ਉਮਿੰਦਰ ਦੱਤ, ਜੱਸਾ ਪੱਟੀ ਪਹਿਲਵਾਨ, ਭਾਈ ਤੇਜਿੰਦਰ ਸਿੰਘ ਰਾਗੀ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਐਤਵਾਰ ਨੂੰ ਪਹਿਲਾ ਸੈਮੀਫਾਈਨਲ ਮੈਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਅਤੇ ਪੀਆਈਐਸ ਲੁਧਿਆਣਾ ਵਿਚਕਾਰ ਖੇਡਿਆ ਗਿਆ। ਮੈਚ ਦੇ ਪਹਿਲੇ 18 ਮਿੰਟਾਂ ਵਿੱਚ ਦੋਵੇਂ ਟੀਮਾਂ ਬਰਾਬਰ ਰਹੀਆਂ ਪ੍ਰੰਤੂ ਮੈਚ ਦੇ 19ਵੇਂ ਮਿੰਟ ਵਿੱਚ ਸੁਰਜੀਤ ਅਕੈਡਮੀ ਦੇ ਜਸ੍ਰਪੀਤ ਸਿੰਘ ਨੇ ਲੁਧਿਆਣਾ ਦੀ ਸੁਰੱਖਿਆ ਪੰਕਤੀ ਨੂੰ ਤੋੜ ਕੇ ਅਤੇ ਗੋਲਕੀਪਰ ਦਰਸ਼ਪ੍ਰੀਤ ਸਿੰਘ ਨੂੰ ਝਕਾਨੀ ਦਿੰਦਿਆਂ ਪਹਿਲਾ ਫੀਲਡ ਗੋਲ ਦਾਗ ਕੇ ਆਪਣੀ ਟੀਮ ਦਾ ਹੌਸਲਾ ਬੁਲੰਦ ਕੀਤਾ। ਸੁਰਜੀਤ ਅਕੈਡਮੀ ਵੱਲੋਂ 22ਵੇਂ ਮਿੰਟ ਵਿੱਚ ਸਿਮਰਨਜੋਤ ਸਿੰਘ ਅਤੇ 46ਵੇਂ ਮਿੰਟ ਵਿੱਚ ਅੰਮ੍ਰਿਤਪਾਲ ਸਿੰਘ ਨੇ ਆਪਣੀ ਟੀਮ ਨੂੰ 3-0 ਗੋਲਾਂ ਦੀ ਲੀਡ ਦਿਵਾ ਕੇ ਫਾਈਨਲ ਵਿੱਚ ਪੱੁਜਣ ਲਈ ਆਪਣੀ ਥਾਂ ਪੱਕੀ ਕੀਤੀ। ਇਸ ਮੈਚ ਵਿੱਚ ਸੁਰਜੀਤ ਅਕੈਡਮੀ ਦੇ ਸਿਮਰਨਜੋਤ ਸਿੰਘ ਨੂੰ ਮੈਨ ਆਫ਼ ਦਾ ਮੈਚ ਐਵਾਰਡ ਦਿੱਤਾ ਗਿਆ।
ਦੂਜਾ ਸੈਮੀਫਾਈਨਲ ਮੈਚ ਸ਼ਾਹਬਾਦ (ਹਰਿਆਣਾ) ਅਤੇ ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਖਡੂਰ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਖਡੂਰ ਸਾਹਿਬ ਦੇ ਲਵਜੀਤ ਸਿੰਘ ਨੇ ਮੈਚ ਦੇ 14ਵੇਂ ਮਿੰਟ ਵਿੱਚ ਫੀਲਡ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ ਅਤੇ 20ਵੇਂ ਮਿੰਟ ਵਿੱਚ ਟੀਮ ਦੇ ਗੁਰਸ਼ਰਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ 2-0 ਗੋਲਾਂ ਨਾਲ ਬੜ੍ਹਤ ਵਧਾ ਦਿੱਤੀ। 2 ਗੋਲ ਖਾਣ ਤੋਂ ਬਾਅਦ ਸ਼ਾਹਬਾਦ ਦੀ ਟੀਮ ਦੇ ਖਿਡਾਰੀਆਂ ਵਿੱਚ ਬਿਜਲੀ ਵਰਗੀ ਤੇਜ਼ੀ ਆ ਗਈ। ਉਨ੍ਹਾਂ ਨੇ ਖਡੂਰ ਸਾਹਿਬ ਦੇ ਗੋਲਾਂ ਦੇ ਤਾਬੜਤੋੜ ਹਮਲੇ ਕਰਨੇ ਸ਼ੁਰੂ ਦਿੱਤੇ। ਜਿਸ ਦੇ ਸਿੱਟੇ ਵਜੋਂ ਸ਼ਾਹਬਾਦ ਦੇ ਲਵਪ੍ਰੀਤ ਸਿੰਘ ਨੇ ਮੈਚ ਦੇ 23ਵੇਂ ਮਿੰਟ ਵਿੱਚ ਫੀਲਡ ਗੋਲ ਤੇ 26ਵੇਂ ਮਿੰਟ ਵਿੱਚ ਊਧਮਜੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ’ਤੇ ਲਿਆ ਖੜ੍ਹਾ ਕੀਤਾ। ਮੈਚ ਦੇ 42ਵੇਂ ਮਿੰਟ ਵਿੱਚ ਸ਼ਾਹਬਾਦ ਦੇ ਲਵਪ੍ਰੀਤ ਸਿੰਘ ਨੇ ਗੋਲ ਕਰਕੇ ਲੀਡ ਨੂੰ ਆਪਣੇ ਹੱਕ ਵਿੱਚ 3-2 ਗੋਲ ਕਰ ਦਿੱਤਾ। ਲਵਪ੍ਰੀਤ ਦਾ ਇਹ ਗੋਲ ਮੈਚ ਦਾ ਫੈਸਲਾਕੁੰਨ ਗੋਲ ਸਾਬਤ ਹੋਇਆ। ਇਸੇ ਗੋਲ ਸਦਕਾ ਸ਼ਾਹਬਾਦ ਦੇ ਲਵਪ੍ਰੀਤ ਨੂੰ ਮੈਨ ਆਫ਼ ਦਾ ਮੈਚ ਐਲਾਨਿਆ ਗਿਆ।
ਸੋਮਵਾਰ ਨੂੰ ਦੂਜੀ ਉਪ-ਜੇਤੂ ਟਰਾਫ਼ੀ ਅਤੇ ਫੇਅਰ ਪਲੇਅ ਟਰਾਫ਼ੀ ਲਈ ਪੀਆਈਐਸ ਲੁਧਿਆਣਾ ਅਤੇ ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਖਡੂਰ ਸਾਹਿਬ ਵਿਚਕਾਰ ਮੈਚ ਬਾਅਦ ਦੁਪਹਿਰ 1 ਵਜੇ ਅਤੇ ਵੱਕਾਰੀ ‘ਗੋਲਡ ਕੱਪ’ ਅਤੇ ਉਪ-ਜੇਤੂ ਟਰਾਫ਼ੀ ਲਈ ਫਾਈਨਲ ਮੈਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਅਤੇ ਸ਼ਾਹਬਾਦ (ਹਰਿਆਣਾ) ਦਰਮਿਆਨ ਬਾਅਦ ਦੁਪਹਿਰ 3 ਵਜੇ ਖੇਡਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਅਕਾਲੀ ਦਲ ਦੇ ਸਕੱਤਰ ਜਨਰਲ ਪਰਜੀਤ ਸਿੰਘ ਕਾਹਲੋਂ, ਮਾਈਨਿੰਗ ਅਫ਼ਸਰ ਬਲਿੰਦਰ ਸਿੰਘ, ਸਪੋਰਟਸ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚੰਡੀਗੜ੍ਹ ਦੇ ਸਕੱਤਰ ਪ੍ਰੋ. ਗੁਰਚਰਨ ਸਿੰਘ ਗਿੱਲ, ਡੀਪੀਈ ਸੁਖਵਿੰਦਰ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰਾਈਸਿਟੀ ਜ਼ੋਨ ਦੇ ਪ੍ਰਧਾਨ ਜੀ.ਪੀ. ਸਿੰਘ, ਇੰਦਰਜੀਤ ਸਿੰਘ, ਜਗਜੀਤ ਸਿੰਘ, ਸੀਐਸ ਸੱਗੂ, ਅਵਤਾਰ ਸਿੰਘ ਸੱਗੂ, ਹਰਪਾਲ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
(ਬਾਕਸ ਆਈਟਮ)
‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਫਾਊਂਡਰ ਡਾ. ਐਸਪੀ ਸਿੰਘ ਓਬਰਾਏ ਨੇ ਜਿੱਥੇ ਇਸ ਕੇਸਾਧਾਰੀ ਹਾਕੀ ਟੂਰਨਾਮੈਂਟ ਲਈ ‘ਗੋਲਡ ਕੱਪ’ ਦੀ ਟਰਾਫ਼ੀ ਸਪਾਂਸਰ ਕੀਤੀ ਗਈ, ਉੱਥੇ ਉਨ੍ਹਾਂ ਨੇ ਟੂਰਨਾਮੈਂਟ ਦੀ ਜੇਤੂ ਟੀਮ ਲਈ 1 ਲੱਖ ਰੁਪਏ ਦਾ ਪਹਿਲਾ ਇਨਾਮ ਵੀ ਸਪਾਂਸਰ ਕੀਤਾ ਹੈ। ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਤੇ ਸਾਥੀਆਂ ਵੱਲੋਂ ਡਾ. ਓਬਰਾਏ ਵੱਲੋਂ ਦਿੱਤੇ ਵੱਡਮੁੱਲੇ ਸਹਿਯੋਗ ’ਤੇ ਉਨ੍ਹਾਂ ਨੂੰ ਕੌਂਸਲ ਦਾ ਸਰਪ੍ਰਸਤ ਬਣਾਏ ਜਾਣ ਦੀ ਪੇਸ਼ਕਸ਼ ਵੀ ਕੀਤੀ ਗਈ। ਜਿਸ ਨੂੰ ਉਨ੍ਹਾਂ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ ਹੈ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…