ਪਹਿਲਾ ਅੰਡਰ-19 ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਅਮਿੱਟ ਪੈੜਾ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸਮਾਪਤ

ਸੁਰਜੀਤ ਅਕੈਡਮੀ ਜਲੰਧਰ ਨੇ ਸ਼ਾਹਬਾਦ (ਹਰਿਆਣਾ) ਨੂੰ ਹਰਾ ਕੇ ਗੋਲਡ ਕੱਪ ਤੇ 1 ਲੱਖ ਦਾ ਨਗਰ ਇਨਾਮ ਜਿੱਤਿਆ

ਹਾਕੀ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਇੱਥੋਂ ਦੇ ਪੀਆਈਐਸ ਹਾਕੀ ਸਟੇਡੀਅਮ ਵਿੱਚ ਕਰਵਾਇਆ ਗਿਆ ਅੰਡਰ-19 ਪਹਿਲਾ 5 ਰੋਜ਼ਾ ਕੇਸਾਧਾਰੀ ਗੋਲਕ ਕੱਪ ਹਾਕੀ ਟੂਰਨਾਮੈਂਟ ਸੋਮਵਾਰ ਨੂੰ ਦੇਰ ਸ਼ਾਮ ਆਪਣੀਆਂ ਅਮਿੱਟ ਪੈੜਾ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਅਖੀਰਲੇ ਦਿਨ ਸੁਰਜੀਤ ਹਾਕੀ ਅਕੈਡਮੀ ਜਲੰਧਰ ਅਤੇ ਸ਼ਾਹਬਾਦ (ਹਰਿਆਣਾ) ਦੇ ਖਿਡਾਰੀਆਂ ਵਿਚਕਾਰ ਫਸਵਾਂ ਮੁਕਾਬਲਾ ਹੋਇਆ। ਜਿਸ ਵਿੱਚ ਸ਼ਾਹਬਾਦ ਦੇ ਰਣਜੋਧ ਸਿੰਘ ਨੇ 13ਵੇਂ ਮਿੰਟ ਵਿੱਚ ਗੋਲ ਕਰਕੇ ਭਾਵੇਂ ਕਿ ਸੁਰਜੀਤ ਅਕੈਡਮੀ ਦੇ ਗੋਲ ਦਾ ਪਹਿਲਾ ਫੱਟਾ ਖੜਕਾ ਦਿੱਤਾ ਪ੍ਰੰਤੂ ਬਾਅਦ ਵਿੱਚ ਸੁਰਜੀਤ ਅਕੈਡਮੀ ਦੀ ਟੀਮ ਵੱਲੋਂ ਮੈਚ ਦੇ 16ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੁਰਪਾਲ ਸਿੰਘ, 19ਵੇਂ ਮਿੰਟ ਵਿੱਚ ਸੁਖਦਰਸ਼ਨ ਸਿੰਘ ਅਤੇ 42ਵੇਂ ਮਿੰਟ ਵਿੱਚ ਕਰਨਜੋਤ ਸਿੰਘ ਨੇ ਫੀਲਡ ਗੋਲ ਕਰਕੇ ਆਪਣੀ ਟੀਮ ਦਾ ਹੌਸਲਾ ਬੁਲੰਦ ਕਰਕੇ 3-1 ਗੋਲਾਂ ਦੀ ਲੀਡ ਹਾਸਲ ਕੀਤੀ।
ਮੈਚ ਦੇ 48ਵੇਂ ਮਿੰਟ ਵਿਚ ਜਿਉਂ ਹੀ ਸ਼ਾਹਬਾਦ ਵੱਲੋਂ ਪ੍ਰਗਟ ਸਿੰਘ ਨੇ ਗੋਲ ਤਾਂ 61ਵੇਂ ਮਿੰਟ ਵਿੱਚ ਸੁਰਜੀਤ ਅਕੈਡਮੀ ਦੇ ਗੁਰਪਾਲ ਸਿੰਘ ਮੁੜ ਗੋਲ ਠੋਕ ਦਿੱਤਾ। ਸ਼ਾਹਬਾਦ ਨੂੰ ਊਧਮਜੀਤ ਵੱਲੋਂ 67ਵੇਂ ਮਿੰਟ ਵਿੱਚ ਗੋਲ ਕਰਨ ਦਾ ਮੌਕਾ ਮਿਲਿਆ ਪਰ ਉਦੋਂ ਤੱਕ ਬਹੁਤ ਦੇਰੀ ਹੋ ਚੁੱਕੀ ਸੀ। ਸੁਰਜੀਤ ਅਕੈਡਮੀ ਦੇ ਗੁਰਪਾਲ ਸਿੰਘ ਨੇ 69ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਜਿੱਥੇ ਆਪਣੇ ਹੈਟ੍ਰਿਕ ਬਣਾਈ, ਉੱਥੇ ਆਪਣੀ ਟੀਮ ਨੂੰ 6-3 ਗੋਲਾਂ ਦੇ ਸਨਮਾਨਜਨਕ ਸਕੋਰ ਨਾਲ ਮੈਚ ਜਿੱਤ ਕੇ ਗੋਲਡ ਕੱਪ ’ਤੇ ਆਪਣਾ ਕਬਜ਼ਾ ਜਮਾਉਂਦਿਆਂ ਇੱਕ ਲੱਖ ਰੁਪਏ ਦਾ ਨਕਦ ਇਨਾਮ ਵੀ ਹਾਸਲ ਕੀਤਾ। ਸ਼ਾਹਬਾਦ ਦੀ ਟੀਮ ਨੂੰ ਉਪ ਜੇਤੂ ਟਰਾਫ਼ੀ ਤੇ 51 ਹਜ਼ਾਰ ਰੁਪਏ ਦਾ ਨਕਦ ਇਨਾਮ ਮਿਲਿਆ। ਤੀਜੇ ਤੇ ਚੌਥੇ ਸਥਾਨ ਲਈ ਕਰਵਾਏ ਗਏ ਮੁਕਾਬਲੇ ਵਿੱਚ ਬਾਬਾ ਉੱਤਮ ਸਿੰਘ ਹਾਕੀ ਅਕੈਡਮੀ ਖਡੂਰ ਸਾਹਿਬ ਨੇ ਪੀਆਈਐਸ ਲੁਧਿਆਣਾ ਨੂੰ 8-4 ਗੋਲਾਂ ਨਾਲ ਹਰਾ ਕੇ ਦੂਜੀ ਉਪ ਜੇਤੂ ਟਰਾਫ਼ੀ ਤੇ 21 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ। ਲੁਧਿਆਣਾ ਫੇਅਰ ਪਲੇਅ ਟਰਾਫ਼ੀ ਤੇ 11 ਹਜ਼ਾਰ ਰੁਪਏ ਦਾ ਇਨਾਮ ਮਿਲਿਆ। ਇਸ ਤਰ੍ਹਾਂ ਖਡੂਰ ਸਾਹਿਬ ਅਕੈਡਮੀ ਨੂੰ ਤੀਜਾ ਤੇ ਲੁਧਿਆਣਾ ਨੂੰ ਚੌਥਾ ਸਥਾਨ ਹਾਸਲ ਹੋਇਆ। ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਸੁਰਜੀਤ ਅਕੈਡਮੀ ਦੇ ਸੁਖਦਰਸ਼ਨ ਸਿੰਘ ਨੂੰ ਪਲੇਅਰ ਆਫ਼ ਦਾ ਟੂਰਨਾਮੈਂਟ, ਖਡੂਰ ਸਾਹਿਬ ਦੇ ਗੁਰਸ਼ਰਨਪ੍ਰੀਤ ਸਿੰਘ ਨੂੰ ਟਾਪ ਸਕੋਰਰ, ਸ਼ਾਹਬਾਦ ਦੇ ਲਵਪ੍ਰੀਤ ਸਿੰਘ ਨੂੰ ਬੈਸਟ ਗੋਲਕੀਪਰ ਦੇ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।
ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਖੀਰਲੇ ਦਿਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿੱਖ ਨੌਜਵਾਨ ਨੂੰ ਸਿੱਖੀ ਨਾਲ ਜੋੜਨ ਦਾ ਇਹ ਇੱਕ ਬਹੁਤ ਹੀ ਵਧੀਆ ਉਦਮ ਹੈ। ਇਸ ਨਾਲ ਸਿੱਖ ਬੱਚੇ ਜਿੱਥੇ ਆਪਣੇ ਵਿਰਸੇ ਨਾਲ ਜੁੜੇ ਰਹਿਣਗੇ, ਉਥੇ ਉਹ ਨਸ਼ਿਆਂ ਅਤੇ ਹੋਰ ਕੁਰੀਤੀਆਂ ਤੋਂ ਵੀ ਬਚੇ ਰਹਿਣਗੇ। ਉਨ੍ਹਾਂ ਨੇ ਸੰਸਥਾ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਪ੍ਰਧਾਨਗੀ ਪਦਮਸ੍ਰੀ ਪਹਿਲਵਾਨ ਕਰਤਾਰ ਸਿੰਘ ਨੇ ਕੀਤੀ। ਸੰਸਥਾ ਦੇ ਪ੍ਰਧਾਨ ਜਸਬੀਰ ਸਿੰਘ ਮੁਹਾਲੀ ਅਤੇ ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ, ਸਰਬੱਤ ਦਾ ਭਲਾ ਫਾਉਂਡੇਸ਼ਨ ਦੇ ਚੇਅਰਮੈਨ ਡਾ.ਐਸਪੀ ਸਿੰਘ ਓਬਰਾਏ, ਸਰਪਾਲ ਸਿੰਘ, ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ ਤੇ ਦਵਿੰਦਰ ਸਿੰਘ ਬਾਜਵਾ, ‘ਹਾਕੀ ਦੇ ਸਰਦਾਰ’ ਗੀਤ ਦੇ ਲੇਖਕ ਤੇ ਗਾਇਕ ਸੂਫ਼ੀ ਬਲਬੀਰ, ਜਗਰੂਪ ਸਿੰਘ ਜਰਖੜ, ਜੈਵਿਕ ਖੇਤੀ ਕਰਨ ਵਾਲੇ ਉਮਿੰਦਰ ਦੱਤ, ਜੱਸਾ ਪੱਟੀ ਪਹਿਲਵਾਨ, ਭਾਈ ਤੇਜਿੰਦਰ ਸਿੰਘ ਰਾਗੀ, ਅਲਗੋਜਾ ਵਾਦਕ ਕਰਮਜੀਤ ਸਿੰਘ ਬੱਗਾ, ਧਰਮਿੰਦਰ ਸਿੰਘ ਬਣਵੈਤ, ਜੀਪੀ ਸਿੰਘ, ਪਰਮਜੀਤ ਸਿੰਘ ਪੰਮੀ, ਦਰਸ਼ਨ ਸਿੰਘ ਜੌਲੀ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…