nabaz-e-punjab.com

ਕਾਰੋਬਾਰੀ ਦੀ ਭੇਤਭਰੀ ਮੌਤ ਦਾ ਮਾਮਲਾ: ਮ੍ਰਿਤਕ ਦੀ ਪਤਨੀ ਵੱਲੋਂ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ

ਮ੍ਰਿਤਕ ਦੀ ਪਤਨੀ ਨੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਨਾਲ ਕੀਤੀ ਮੁਲਾਕਾਤ, ਸੀਬੀਆਈ ਤੋਂ ਜਾਂਚ ਲਈ ਮੰਗ ਪੱਤਰ ਸੌਂਪਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਇੱਥੋਂ ਦੇ ਉਦਯੋਗਿਕ ਖੇਤਰ ਫੇਜ਼-1 ਸਥਿਤ ਜਨਵਰੀ ਦੇ ਪਹਿਲੇ ਹਫ਼ਤੇ ਲੋਹੇ ਦੀ ਫੈਕਟਰੀ ਵਿੱਚ ਕਾਰੋਬਾਰੀ ਨਗਿੰਦਰ ਕੁਮਾਰ (37) ਵਾਸੀ ਆਦਰਸ਼ ਕਲੋਨੀ ਬਲੌਂਗੀ ਦੀ ਭੇਤਭਰੀ ਮੌਤ ਦਾ ਮਾਮਲਾ ਬੁਝਾਰਤ ਬਣ ਕੇ ਰਹਿ ਗਿਆ ਹੈ। ਸਥਾਨਕ ਨੂੰ ਬੀਤੀ 3 ਜਨਵਰਹੀ ਨੂੰ ਉਕਤ ਵਿਅਕਤੀ ਅੱਗ ਨਾਲ ਬੂਰੀ ਤਰ੍ਹਾਂ ਸੜੀ ਹੋਈ ਲਾਸ਼ ਮਿਲੀ ਸੀ। ਇਸ ਹਾਦਸੇ ਨੂੰ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਅਜੇ ਤਾਈਂ ਪੁਲੀਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਡੀਐਨਏ ਅਤੇ ਫੋਰੈਂਸਿਕ ਦੀ ਜਾਂਚ ਰਿਪੋਰਟ ਮਿਲਣ ਦੀ ਉਡੀਕ ਰਹੀ ਹੈ।
ਉਧਰ, ਮ੍ਰਿਤਕ ਦੀ ਪਤਨੀ ਸ੍ਰੀਮਤੀ ਬਬੀਤਾ ਰਾਣੀ ਨੇ ਅੱਜ ਪਸ਼ੂ ਪਾਲਣ, ਡੇਅਰੀ ਵਿਕਾਸ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਇਨਸਾਫ਼ ਦੀ ਗੁਹਾਰ ਲਗਾਈ। ਕਾਰੋਬਾਰੀ ਦੀ ਵਿਧਵਾ ਨੇ ਮੰਤਰੀ ਨੂੰ ਇੱਕ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਹੈ ਕਿ ਉਸ ਦੇ ਪਤੀ ਦੀ ਮੌਤ ਦੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਬਬੀਤਾ ਰਾਣੀ ਨੇ ਕਿਹਾ ਕਿ ਉਸਦੇ ਪਤੀ ਨਗਿੰਦਰ ਕੁਮਾਰ ਦੀ 3 ਜਨਵਰੀ ਨੂੰ ਇੰਡਸਟਰੀ ਏਰੀਆ ਫੇਜ਼-1 ਦੀ ਫੈਕਟਰੀ ਵਿੱਚ ਅੱਗ ਨਾਲ ਸੜਕ ਕੇ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਉਸ ਦੇ ਪਤੀ ਨੂੰ ਕਿਸੇ ਅਣਜਾਣ ਵਿਅਕਤੀ ਨੇ ਅੱਗ ਲਗਾ ਕੇ ਬੜੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਉਸਨੇ ਮੁਹਾਲੀ ਪੁਲੀਸ ਕੋਲ ਇਨਸਾਫ਼ ਲੈਣ ਲਈ ਗੁਹਾਰ ਲਗਾਈ ਸੀ ਪਰ ਅਜੇ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਮੰਤਰੀ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਨਿੱਜੀ ਦਖ਼ਲ ਦੇ ਕੇ ਉਸ ਦੇ ਪਤੀ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ। ਇਸ ਮੌਕੇ ਕੁਲਵੰਤ ਸਿੰਘ ਰਾਣਾ, ਅਤੁਲ ਗੁਪਤਾ, ਮੁਰਲੀ ਲਾਲ, ਬਲਬੀਰ ਕੌਰ, ਲਲਿਤਾ ਗਿਰੀ, ਰਾਹੁਲ ਕੁਮਾਰ, ਜੂਲੀ, ਪਿੰਕੀ ਵੀ ਮੌਜੂਦ ਸਨ।
ਉਧਰ, ਇਸ ਸਬੰਧੀ ਅੱਜ ਥਾਣਾ ਫੇਜ਼-1 ਦੇ ਐਸਐਚਓ ਗੁਰਬੰਤ ਸਿੰਘ ਨੇ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਉਦੋਂ ਕਾਰੋਬਾਰੀ ਦਾ ਪੂਰਾ ਸਰੀਰ ਪੂਰੀ ਤਰ੍ਹਾਂ ਸੜ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਹਾਲੇ ਪੁਲੀਸ ਨੂੰ ਫੋਰੈਂਸਿਕ ਅਤੇ ਡੀਐਨਏ ਦੀ ਜਾਂਚ ਰਿਪੋਰਟ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਰਿਪੋਰਟਾਂ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮ੍ਰਿਤਕ ਦੇ ਫੋਨ ਦੀ ਕਾਲ ਡਿਟੇਲ ਅਤੇ ਮੋਬਾਈਲ ਦਾ ਡੰਪ ਚੁੱਕਿਆ ਗਿਆ ਹੈ। ਲੇਕਿਨ ਹਾਲੇ ਤੱਕ ਮੁਲਜ਼ਮਾਂ ਤੱਕ ਪਹੁੰਚਣ ਲਈ ਕੋਈ ਕੜੀ ਨਹੀਂ ਜੁੜੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …