ਪੰਜਾਬ ਪੁਲੀਸ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਦੋ ਨੌਜਵਾਨ ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ

ਮੁਹਾਲੀ ਅਦਾਲਤ ਵੱਲੋਂ ਮੁਲਜ਼ਮ ਨੌਜਵਾਨਾਂ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਦੋ ਨੌਜਵਾਨਾਂ ਨੂੰ ਪਿਸਤੌਲ ਅਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕਾਬੂ ਕੀਤੇ ਇਨ੍ਹਾਂ ਮੁਲਜ਼ਮ ਨੌਜਵਾਨਾਂ ਦੀ ਪਛਾਣ ਜੈ ਖੁਸ਼ ਬੰਟੀ ਉਰਫ਼ ਰਾਹੁਲ ਵਾਸੀ ਪੁਤਲੀ ਘਰ, ਅੰਮ੍ਰਿਤਸਰ ਅਤੇ ਜਸਮੀਤ ਸਿੰਘ ਵਾਸੀ ਖਾਲਸਾ ਐਵਨਿਊ (ਅੰਮ੍ਰਿਤਸਰ) ਵਜੋਂ ਹੋਈ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਸਟੇਟ ਸਪੈਸ਼ਲ ਸੈੱਲ ਦੇ ਮੁਹਾਲੀ ਸਥਿਤ ਫੇਜ਼-1 ਥਾਣੇ ਵਿੱਚ ਅਸਲਾ ਐਕਟ ਅਤੇ ਹੋਰਨਾਂ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਬਿਹਾਰ ਤੋਂ ਰੇਲ ਗੱਡੀ ਰਾਹੀਂ ਲੁਧਿਆਣਾ ਵਿੱਚ ਆ ਰਹੇ ਹਨ ਅਤੇ ਉਹ ਅਸਲੇ ਨਾਲ ਲੈਸ ਹਨ। ਸਪੈਸ਼ਲ ਸੈਲ ਦੀ ਇੱਕ ਟੀਮ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਦੇਰ ਸ਼ਾਮ ਇਸ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਲੁਧਿਆਣਾ ਰੇਲਵੇ ਸਟੇਸ਼ਨ ਨੇੜਿਓਂ ਉਕਤ ਦੋਵੇਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਪੁਲੀਸ ਨੇ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 32 ਬੋਰ ਦਾ 1 ਪਿਸਤੌਲ, 2 ਖਾਲੀ ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਦੋਵੇਂ ਬਾਰ੍ਹਵੀਂ ਜਮਾਤ ਪਾਸ ਹਨ ਅਤੇ ਬਿਹਾਰ ਤੋਂ ਅਸਲਾ ਲਿਆ ਕਿ ਪੰਜਾਬ ਵਿੱਚ ਵੇਚਦੇ ਸਨ ਅਤੇ ਇਸ ਵਾਰ ਵੀ ਉਹ ਕਿਸੀ ਦੀ ਡਿਮਾਂਡ ’ਤੇ ਪਿਸਤੌਲ ਲੈ ਕੇ ਆਏ ਸਨ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਜੈ ਖ਼ੁਸ਼ ਬੰਟੀ ਉਰਫ਼ ਰਾਹੁਲ ਖ਼ਿਲਾਫ਼ ਪਹਿਲਾਂ ਵੀ ਅੰਮ੍ਰਿਤਸਰ ਵਿੱਚ ਅਸਲਾ ਬਰਾਮਦ ਹੋਣ ਦਾ ਕੇਸ ਦਰਜ ਹੈ।
ਪੁਲੀਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਅੱਜ ਮੁਹਾਲੀ ਦੇ ਡਿਊਟੀ ਮੈਜਿਸਟਰੇਟ ਅਮਿਤ ਬਖ਼ਸ਼ੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੌਜਵਾਨਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈ ਕੇ ਜਾਂਚ ਟੀਮ ਵੱਲੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਬਿਹਾਰ ’ਚੋਂ ਕਿਹੜੇ ਡੀਲਰ ਤੋਂ ਅਸਲਾ ਲੈ ਕੇ ਆਉਂਦੇ ਹਨ ਅਤੇ ਪੰਜਾਬ ਵਿੱਚ ਹੁਣ ਤੱਕ ਕਿੰਨਾਂ ਕਿੰਨਾਂ ਲੋਕਾਂ ਨੂੰ ਆਨ ਡਿਮਾਂਡ ਅਸਲਾ ਵੇਚ ਚੁੱਕੇ ਹਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …