nabaz-e-punjab.com

ਪੰਜਾਬ ਭਰ ‘ਚ ਫੈਲਿਆ ‘ਆਪ’ ਦਾ ਬਿਜਲੀ ਅੰਦੋਲਨ: ਆਪ

ਜਾਖੜ ਅਸਤੀਫ਼ਾ ਦੇਣ ਜਾਂ ਬਿਜਲੀ ਕੰਪਨੀਆਂ ਦੀ ਜਾਂਚ ਲਈ ਕੈਪਟਨ ਵਿਰੁੱਧ ਮੋਰਚਾ ਖੋਲ੍ਹਣ: ਭਗਵੰਤ ਮਾਨ

ਚੌਥੇ ਦਿਨ 1000 ਤੋਂ ਪਾਰ ਲੰਘੀ ਪਿੰਡ ਬਿਜਲੀ ਕਮੇਟੀਆਂ ਦੀ ਗਿਣਤੀ

ਜਾਖੜ ਇੰਜ ਬੋਲ ਰਹੇ ਹਨ ਜਿਵੇਂ ਅੱਜ ਵੀ ਸਰਕਾਰ ਬਾਦਲਾਂ ਦੀ ਹੋਵੇ, ਮਾਨ ਨੇ ਕੱਸਿਆ ਤੰਜ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਫਰਵਰੀ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਹੈ ਕਿ ‘ਆਪ’ ਦਾ ਬਿਜਲੀ ਅੰਦੋਲਨ ਸੂਬੇ ਭਰ ‘ਚ ਇਸ ਕਰਕੇ ਤੇਜ਼ੀ ਨਾਲ ਫੈਲ ਰਿਹਾ ਹੈ, ਕਿਉਂਕਿ ਬੇਹੱਦ ਮਹਿੰਗੇ ਅਤੇ ਨਜਾਇਜ ਬਿਜਲੀ ਬਿੱਲਾਂ ਨੇ ਹਰ ਗ਼ਰੀਬ ਅਤੇ ਅਮੀਰ ਨੂੰ ਹੱਦੋਂ ਵੱਧ ਸਤਾਇਆ ਹੋਇਆ ਹੈ। ਉੱਪਰੋਂ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਸੁੱਤੀ ਪਈ ਹੈ, ਬਿਜਲੀ ਬਿੱਲਾਂ ਤੋਂ ਪੀੜਤਾਂ ਦੀ ਨਾਂ ਕਾਂਗਰਸੀ ਬਾਂਹ ਫੜ ਰਹੇ ਹਨ ਅਤੇ ਨਾ ਹੀ ਬਿਜਲੀ ਵਿਭਾਗ।
‘ਆਪ’ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮਹਿੰਗੀ ਕੀਤੀ ਜਾ ਰਹੀ ਬਿਜਲੀ ਵਿਰੁੱਧ ਆਵਾਜ਼ ਉਠਾਉਂਦੇ ਆਏ ਹਨ। ਪਿਛਲੀ ਬਾਦਲ ਸਰਕਾਰ ਸਮੇਂ ਜਦ ਸੁਖਬੀਰ ਸਿੰਘ ਬਾਦਲ ਬਠਿੰਡਾ ਸਮੇਤ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਕਰ ਕੇ ਨਿੱਜੀ ਕੰਪਨੀਆਂ ਨਾਲ ਬੇਹੱਦ ਮਹਿੰਗੀਆਂ ਬਿਜਲੀ ਦਰਾਂ ‘ਤੇ ਸਮਝੌਤੇ ਕਰ ਰਿਹਾ ਸੀ ਤਾਂ ਉਸ ਸਮੇਂ ਵੀ ‘ਆਪ’ ਨੇ ਡਟ ਕੇ ਵਿਰੋਧ ਕੀਤਾ ਸੀ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਨਿੱਜੀ ਕੰਪਨੀਆਂ ਨਾਲ ਹਜ਼ਾਰਾਂ ਕਰੋੜ ਰੁਪਏ ਦੀ ਹਿੱਸੇਦਾਰੀ ਕੀਤੀ ਹੈ। ਜਿਸ ਦੀ ਕੈਪਟਨ ਸਰਕਾਰ ਨੂੰ ਚੋਣ ਵਾਅਦੇ ਮੁਤਾਬਿਕ ਜਾਂਚ ਕਰਾਉਣੀ ਚਾਹੀਦੀ ਸੀ ਪਰੰਤੂ ਸੱਤਾ ‘ਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਵੀ ਇਨ੍ਹਾਂ ਨਿੱਜੀ ਬਿਜਲੀ ਕੰਪਨੀਆਂ ਨਾਲ ਮਿਲ ਗਈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ ਵੱਲੋਂ ਬਿਜਲੀ ਦੇ ਮੁੱਦੇ ‘ਤੇ ਅੱਜ ਦਿੱਤੀ ਪ੍ਰਤੀਕਿਰਿਆ ਕਿ 2300 ਕਰੋੜ ਰੁਪਏ ਪ੍ਰਤੀ ਸਾਲ ਅੱਜ ਵੀ ਉਨ੍ਹਾਂ ਤਿੰਨ ਨਿੱਜੀ ਥਰਮਲ ਪਲਾਟਾਂ ਦੀ ਜੇਬ ‘ਚ ਜਾ ਰਿਹਾ ਹੈ, ਜਿੰਨਾ ਦੀ ਸੁਖਬੀਰ ਬਾਦਲ ਨਾਲ ਭਾਈਵਾਲੀ ਹੈ ਅਤੇ ਇਹ ਪੈਸਾ ਸਰਕਾਰ ਦਾ ਪੈਸਾ ਨਹੀਂ ਸਗੋਂ ਲੋਕਾਂ ਦਾ ਪੈਸਾ ਹੈ ਜੋ ਬਿਨਾਂ ਬਿਜਲੀ ਖਪਤ ਵੀ ਉਨ੍ਹਾਂ ਕੋਲ ਜਾ ਰਿਹਾ ਹੈ ਦਾ ਸਖ਼ਤ ਨੋਟਿਸ ਲੈਂਦਿਆਂ ਪੁੱਛਿਆ ਕਿ ਅੱਜ ਪੰਜਾਬ ‘ਚ ਕਾਂਗਰਸ ਦੀ ਸਰਕਾਰ ਨਹੀਂ ? ਕਿਉਂਕਿ ਜਾਖੜ ਦੇ ਬਿਆਨ ਤੋਂ ਸਪਸ਼ਟ ਝਲਕਦਾ ਹੈ ਜਿਵੇਂ ਅੱਜ ਵੀ ਪੰਜਾਬ ‘ਚ ਬਾਦਲਾਂ ਦੀ ਸਰਕਾਰ ਹੋਵੇ ਅਤੇ ਜਾਖੜ ਸਮੇਤ ਬਹੁਤੇ ਕਾਂਗਰਸੀ ਕੈਪਟਨ ਦੀ ਸਰਕਾਰ ‘ਚ ਬੇਬਸ ਹੋਣ।
ਭਗਵੰਤ ਮਾਨ ਸੁਨੀਲ ਜਾਖੜ ਨੂੰ ਵੰਗਾਰਿਆ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਸਿੰਘ ਬਾਦਲ ਨਾਲ ਮਿਲੀ ਭੁਗਤ ਕਾਰਨ ਜਾਖੜ ਦੀ ਨਹੀਂ ਸੁਣਦੇ ਤਾਂ ਜਾਖੜ ਸਮੇਤ ਸਾਰੇ ਕਾਂਗਰਸੀਆਂ ਨੂੰ ਜਾਂ ਤਾਂ ਜ਼ਮੀਰ ਦੀ ਆਵਾਜ਼ ‘ਤੇ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ ਤਾਂ ਫਿਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਸਾਹਮਣੇ ਪੱਕਾ ਮੋਰਚਾ ਲਗਾ ਲੈਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਅੱਜ ਜਦੋਂ ‘ਆਪ’ ਦੇ ਬਿਜਲੀ ਅੰਦੋਲਨ ਨੇ ਪੰਜਾਬ ਲੋਕਾਂ ਨੂੰ ਨਵੀਂ ਉਮੀਦ ਦਿਖਾਈ ਹੈ ਤਾਂ ਕਾਂਗਰਸੀ, ਅਕਾਲੀ-ਭਾਜਪਾ ਅਤੇ ਇਨ੍ਹਾਂ ਦੀਆਂ ਏ-ਬੀ ਟੀਮਾਂ ਬੌਖਲਾਂ ਗਈਆਂ ਹਨ।
ਭਗਵੰਤ ਮਾਨ ਨੇ ਦੱਸਿਆ ਕਿ ਅੱਜ ਬਿਜਲੀ ਅੰਦੋਲਨ ਦੇ ਚੌਥੇ ਦਿਨ ਪੰਜਾਬ ਦੇ ਕਰੀਬ 650 ਪਿੰਡਾਂ ‘ਚ ਜਨਤਕ ਇਕੱਠ ਹੋਏ ਅਤੇ ਪਿੰਡ ਪੱਧਰੀ ਬਿਜਲੀ ਕਮੇਟੀਆਂ ਦਾ ਗਠਨ ਹੋਇਆ, ਜਦਕਿ ਕੱਲ੍ਹ ਐਤਵਾਰ ਨੂੰ 371 ਪਿੰਡਾਂ ‘ਚ ਬਿਜਲੀ ਅੰਦੋਲਨ ਤਹਿਤ ਬਿਜਲੀ ਕਮੇਟੀਆਂ ਦਾ ਗਠਨ ਹੋਇਆ ਸੀ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…