ਜ਼ਿਲ੍ਹਾ ਮੁਹਾਲੀ ਹੁਣ ਤੱਕ 804 ਕੈਂਸਰ ਪੀੜਤਾਂ ਨੂੰ 10 ਕਰੋੜ 34 ਲੱਖ 32 ਹਜ਼ਾਰ ਦੀ ਦਿੱਤੀ ਵਿੱਤੀ ਸਹਾਇਤਾ: ਡੀਸੀ ਸ੍ਰੀਮਤੀ ਸਪਰਾ

ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਯਤਨ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਹੁਣ ਤੱਕ 800 ਤੋਂ ਵੱਧ ਕੈਂਸਰ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਨ੍ਹਾਂ ’ਚੋਂ 804 ਕੈਂਸਰ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਸਕੀਮ ਅਧੀਨ 10 ਕਰੋੜ 34 ਲੱਖ 32 ਹਜ਼ਾਰ 830 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਦਸੰਬਰ 2018 ਤੱਕ ਰਜਿਸਟਰ ਹੋਏ 796 ਕੈਂਸਰ ਪੀੜਤ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਜਨਵਰੀ ਵਿੱਚ ਮਨਜ਼ੂਰ ਹੋਈ 10 ਕਰੋੜ 28 ਲੱਖ 32 ਹਜ਼ਾਰ 830 ਰੁਪਏ ਵਿੱਤੀ ਸਹਾਇਤਾ ਵਜੋਂ ਦਿੱਤੇ ਗਏ ਹਨ। ਇਨ੍ਹਾਂ ’ਚੋਂ ਕੈਂਸਰ ਦੇ 15 ਕੇਸ ਇਕੱਲੇ ਦਸੰਬਰ 2018 ਦੇ ਹਨ। ਜਿਨ੍ਹਾਂ ਵਿੱਚ 4 ਪੁਰਸ਼ ਅਤੇ 11 ਅੌਰਤਾਂ ਸ਼ਾਮਲ ਹਨ। ਇਨ੍ਹਾਂ ’ਚੋਂ 14 ਮਰੀਜ਼ਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਅਤੇ 1 ਮਰੀਜ਼ ਨੂੰ ਜੀਐਮਜੀਐਚ ਸੈਕਟਰ-32 ਵਿੱਚ ਭੇਜਿਆ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਮੁਹਾਲੀ ਦੇ 6, ਡੇਰਾਬੱਸੀ ਦੇ 2, ਖਰੜ ਦੇ 7 ਮਰੀਜ਼ ਹਨ। ਇਸੇ ਤਰ੍ਹਾਂ ਜਨਵਰੀ 2019 ਵਿੱਚ ਕੈਂਸਰ ਦੇ 8 ਕੇਸ ਰਜਿਸਟਰਡ ਹੋਏ ਹਨ। ਜਿਨ੍ਹਾਂ ਵਿੱਚ 4 ਪੁਰਸ਼ ਅਤੇ 4 ਅੌਰਤਾਂ ਸ਼ਾਮਲ ਹਨ। ਇਨ੍ਹਾਂ ’ਚੋਂ 6 ਕੈਂਸਰ ਪੀੜਤ ਮਰੀਜ਼ਾਂ ਨੂੰ ਪੀਜੀਆਈ ਅਤੇ 1 ਮਰੀਜ਼ ਨੂੰ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਅਤੇ 1 ਮਰੀਜ਼ ਨੂੰ ਮੈਕਸ ਹਸਪਤਾਲ ਫੇਜ਼-6 ਵਿੱਚ ਇਲਾਜ ਲਈ ਭੇਜਿਆ ਗਿਆ। ਇਨ੍ਹਾਂ ’ਚੋਂ 1-1 ਮਰੀਜ਼ ਮੁਹਾਲੀ ਤੇ ਡੇਰਾਬੱਸੀ ਅਤੇ ਖਰੜ ਦੇ 6 ਮਰੀਜ਼ ਹਨ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ 1 ਫਰਵਰੀ ਤੱਕ ਕੈਂਸਰ ਦੇ 3 ਕੇਸਾਂ ਲਈ 6 ਲੱਖ ਰੁਪਏ ਰਕਮ ਮਨਜ਼ੂਰ ਕੀਤੀ ਗਈ ਜਦਕਿ 5 ਹੋਰ ਕੇਸਾਂ ਵਿੱਚ ਜਲਦੀ ਹੀ ਵਿੱਤੀ ਸਹਾਇਤਾ ਪ੍ਰਦਾਨ ਕਰ ਦਿੱਤੀ ਜਾਵੇਗੀ। ਇਸ ਤਰ੍ਹਾਂ ਜਨਵਰੀ ਤੱਕ ਕੁੱਲ 804 ਕੈਂਸਰ ਪੀੜਤ ਮਰੀਜ਼ਾਂ ਨੂੰ ਮੁੱਖ ਮੰਤਰੀ ਕੈਂਸਰ ਰਾਹਤ ਫੰਡ ’ਚੋਂ ਮਨਜ਼ੂਰ ਹੋਈ 10 ਕਰੋੜ 34 ਲੱਖ 32 ਹਜ਼ਾਰ 830 ਰੁਪਏ ਦੀ ਰਕਮ ਮਾਲੀ ਮਦਦ ਪ੍ਰਦਾਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਸਕੀਮ ਅਧੀਨ ਕੈਂਸਰ ਪੀੜਤ ਮਰੀਜ਼ ਨੂੰ ਇਲਾਜ ਲਈ 1 ਲੱਖ 50 ਹਜ਼ਾਰ ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚੋਂ ਕੈਂਸਰ ਖਾਤਮੇ ਲਈ ਜਿੱਥੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਉੱਥੇ ਇਸ ਬੀਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਬੀਮਾਰੀ ਤੋਂ ਬਚਾਅ ਹੋ ਸਕੇ। ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜ਼ਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਮਕਸਦ ਹੈ ਕਿ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਪੈਸੇ ਦੀ ਘਾਟ ਮਹਿਸੂਸ ਨਾ ਹੋਵੇ ਅਤੇ ਉਹ ਆਪਣਾ ਇਲਾਜ ਬਿਹਤਰ ਢੰਗ ਨਾਲ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਲਿਆਉਣ ਲਈ ਵਿਆਪਕ ਯਤਨ ਕੀਤੇ ਜਾ ਰਹੇ ਹਨ ਤਾਂ ਲੋਕ ਆਪਣੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਬਿਮਾਰੀਆਂ ਰਹਿਤ ਜ਼ਿੰਦਗੀ ਬਸਰ ਕਰ ਸਕਣ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …