nabaz-e-punjab.com

ਧੋਖਾਧੜੀ: ਜਾਅਲੀ ਵਸੀਅਤ ਬਣਾ ਕੇ ਚਾਚੇ ਨੇ ਐਨਆਰਆਈ ਭਤੀਜੇ ਨਾਲ ਮਾਰੀ ਠੱਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਮੁਹਾਲੀ ਵਿੱਚ ਇੱਕ ਚਾਚੇ ਵੱਲੋਂ ਜਾਅਲੀ ਵਸੀਅਤ ਬਣਾ ਕੇ ਆਪਣੇ ਐਨਆਰਆਈ ਭਤੀਜੇ ਨਾਲ ਕਥਿਤ ਤੌਰ ’ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਫੇਜ਼-11 ਵਿੱਚ ਮੁਲਜ਼ਮ ਚਾਚਾ ਗੁਰਦਿਆਲ ਸਿੰਘ ਧਾਲੀਵਾਲ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 420, 465, 467, 468, 471 ਦੇ ਤਹਿਤ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਅਲੀ ਵਸੀਅਤ ਬਣਾ ਕੇ ਐਨਆਰਆਈ ਦੀ ਕੋਠੀ ਹੜੱਪਣ ਸਬੰਧੀ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਥਾਣਾ ਫੇਜ਼-11 ਦੇ ਐਸਐਚਓ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਧੀਰਜ ਰਾਵਲ ਨੇ ਦੱਸਿਆ ਕਿ ਉਸ ਦੇ ਦੋਸਤ ਦੇ ਐਨਆਰਅਈ ਬੇਟੇ ਪਰਮਿੰਦਰ ਸਿੰਘ ਜੋ ਇੰਗਲੈਂਡ ਵਿੱਚ ਰਹਿੰਦਾ ਹੈ। ਉਸ ਦੇ ਚਾਚਾ ਜਗਜੀਤ ਸਿੰਘ ਧਾਲੀਵਾਲ ਨੇ ਆਪਣੀ ਮੌਤ ਤੋਂ 1 ਮਹੀਨਾਂ ਪਹਿਲਾਂ ਬਣਾਈ ਵਸੀਅਤ ਵਿੱਚ ਆਪਣੇ ਭਤੀਜੇ ਪਰਮਿੰਦਰ ਸਿੰਘ ਦੇ ਨਾਂ ’ਤੇ ਫੇਜ਼-11 ਵਿਚਲੀ ਕੋਠੀ ਅਤੇ ਬਾਕੀ ਦੀ ਜ਼ਮੀਨ ਜਾਇਦਾਦ ਅਤੇ ਕੁਝ ਜਾਇਦਾਦ ਅਤੇ ਗਹਿਣੇ ਆਪਣੀ ਪਤਨੀ ਦੇ ਨਾਮ ਕੀਤੀ ਗਈ। ਦੋ ਸਾਲ ਪਹਿਲਾਂ 2017 ਵਿੱਚ ਐਨਆਰਆਈ ਪਰਮਿੰਦਰ ਸਿੰਘ ਨੇ ਜਦੋਂ ਗਮਾਡਾ ਵਿੱਚ ਉਕਤ ਕੋਠੀ ਆਪਣੇ ਨਾਂਅ ਤਬਦੀਲ ਕਰਨ ਲਈ ਅਰਜ਼ੀ ਦਿੱਤੀ ਤਾਂ ਪਤਾ ਲੱਗਾ ਕਿ ਗੁਰਦਿਆਲ ਸਿੰਘ ਧਾਲੀਵਾਲ ਨੇ ਪਹਿਲਾਂ ਹੀ ਜਾਅਲੀ ਵਸੀਅਤ ਬਣਾ ਕੇ ਕੋਠੀ ਆਪਣੇ ਨਾਂ ’ਤੇ ਤਬਦੀਲ ਕਰਵਾਉਣ ਦੀ ਪੈਰਵੀ ਕੀਤੀ ਜਾ ਰਹੀ ਹੈ। ਧੀਰਜ ਰਾਵਲ ਮੁਤਾਬਕ ਉਸ ਦਾ ਦੋਸਤ ਪਰਮਿੰਦਰ ਸਿੰਘ ਵਾਰ ਵਾਰ ਵਿਦੇਸ਼ ’ਚੋਂ ਭਾਰਤ ਨਹੀਂ ਆ ਸਕਦਾ ਹੈ। ਜਿਸ ਕਾਰਨ ਐਨਆਰਆਈ ਨੇ ਉਸ ਦੇ ਨਾਮ ’ਤੇ ਪਾਵਰ ਆਫ਼ ਅਟਾਰਨੀ ਦੇ ਕੇ ਜਾਇਦਾਦ ਸੰਭਾਲ ਅਤੇ ਮਾਮਲੇ ਦੀ ਪੈਰਵੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ।
ਧੀਰਜ ਅਨੁਸਾਰ ਗੁਰਦਿਆਲ ਧਾਲੀਵਾਲ ਐਨਆਰਆਈ ਦੀ ਫੇਜ਼-11 ਸਥਿਤ ਕੋਠੀ ਵਿੱਚ ਬਤੌਰ ਕਿਰਾਏਦਾਰ ਰਹਿੰਦਾ ਸੀ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਪੁਲੀਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਗੁਰਦਿਆਲ ਧਾਲੀਵਾਲ ਨੇ ਮਹਿੰਦਰ ਸਿੰਘ ਅਤੇ ਕੁਲਜੀਤ ਸਿੰਘ ਦੀ ਹਾਜ਼ਰੀ ਵਿੱਚ ਜਾਅਲੀ ਵਸੀਅਤ ਤਿਆਰ ਕੀਤੀ ਹੈ। ਪੁਲੀਸ ਨੇ ਅਸਲ ਵਸੀਅਤ ਅਤੇ ਜਾਅਲੀ ਵਸੀਅਤ ਦਾ ਮਿਲਾਨ ਕਰਵਾਉਣ ਲਈ ਫਰੈਂਸਿਕ ਲੈਬ ਵਿੱਚ ਭੇਜਣ ਦੀ ਸਿਫਾਰਸ਼ ਕੀਤੀ ਹੈ। ਫਿਲਹਾਲ ਪੁਲੀਸ ਨੇ ਪੀੜਤ ਦੇ ਛੋਟੇ ਚਾਚੇ ਗੁਰਦਿਆਲ ਧਾਲੀਵਾਲ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…