Share on Facebook Share on Twitter Share on Google+ Share on Pinterest Share on Linkedin ਧੋਖਾਧੜੀ: ਮੁਹਾਲੀ ਨੇੜਲੇ ਪਿੰਡ ਸਿਆਊ ਵਿੱਚ ਸਾਬਕਾ ਫੌਜੀ ਦੀ ਜ਼ਮੀਨ ’ਤੇ ਕਬਜ਼ਾ, ਪੁਲੀਸ ਵੱਲੋਂ ਸਮਝੌਤੇ ਲਈ ਦਬਾਅ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ: ਇੱਥੋਂ ਦੇ ਨੇੜਲੇ ਸਿਆਊ ਵਿੱਚ ਇੱਕ ਸਾਬਕਾ ਫੌਜੀ ਜਰਨੈਲ ਸਿੰਘ ਦੀ ਇੱਕ ਏਕੜ ਜ਼ਮੀਨ ’ਤੇ ਪ੍ਰਾਪਰਟੀ ਡੀਲਰ ਵੱਲੋਂ ਕਥਿਤ ਤੌਰ ’ਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਰਨੈਲ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਸੁਣਾਉਂਦਿਆਂ ਸਾਫ਼ ਆਖਿਆ ਹੈ ਕਿ ਉਹ (ਜਰਨੈਲ ਸਿੰਘ) ਉਕਤ ਜ਼ਮੀਨ ਦਾ ਮਾਲਕ ਹੈ ਪ੍ਰੰਤੂ ਉਸ ਦੇ ਬਾਵਜੂਦ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਜ਼ਮੀਨ ਦਾ ਕਬਜ਼ਾ ਨਹੀਂ ਛੱਡ ਰਿਹਾ ਹੈ। ਉਧਰ, ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਇਸੇ ਦੌਰਾਨ ਐਸਐਸਪੀ ਦੇ ਹੁਕਮਾਂ ’ਤੇ ਮੰਗਲਵਾਰ ਨੂੰ ਥਾਣਾ ਸੋਹਾਣਾ ਦੇ ਐਸਐਚਓ ਦਲਜੀਤ ਸਿੰਘ ਗਿੱਲ ਅਤੇ ਏਐਸਆਈ ਓਮ ਪ੍ਰਕਾਸ਼ ਅਤੇ ਕੁਝ ਹੋਰ ਪੁਲੀਸ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੋਵਾਂ ਧਿਰਾਂ ਦੀ ਗੱਲ ਸੁਣ ਗਈ। ਪੁਲੀਸ ਨੇ ਡੀਲਰ ਵੱਲੋਂ ਖੇਤਾਂ ਵਿੱਚ ਕੀਤੀ ਜਾ ਰਹੀ ਕੋਠੇ ਦੀ ਉਸਾਰੀ ਦਾ ਕੰਮ ਫਿਲਹਾਲ ਰੁਕਵਾ ਦਿੱਤਾ ਹੈ ਅਤੇ ਜ਼ਮੀਨ ਵਿੱਚ ਲਗਾਏ ਦਰਖ਼ਤ ਵੀ ਪੁੱਟ ਦਿੱਤੇ ਗਏ ਹਨ। ਜਰਨੈਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਉਸ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਸੂਚਨਾ ਮਿਲੀ ਤਾਂ ਉਸ ਵੱਲੋਂ ਤੁਰੰਤ ਸੋਹਾਣਾ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ, ਪ੍ਰੰਤੂ ਜਦੋਂ ਪੁਲੀਸ ਨੇ ਉਸ ਦੀ ਗੱਲ ਨਹੀਂ ਸੁਣੀ ਤਾਂ ਉਨ੍ਹਾਂ ਨੇ ਐਸਐਸਪੀ ਹਰਚਰਨ ਸਿੰਘ ਭੁੱਲਰ ਦਾ ਬੂਹਾ ਖੜਕਾਇਆ ਅਤੇ ਲਿਖਤੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੁਲੀਸ ਕਥਿਤ ਤੌਰ ’ਤੇ ਧੱਕੇ ਨਾਲ ਦੂਜੀ ਧਿਰ ਨਾਲ ਰਾਜ਼ੀਨਾਮਾ ਕਰਨ ਲਈ ਦਬਾਅ ਪਾ ਰਹੀ ਹੈ। ਪੀੜਤ ਜਰਨੈਲ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਸ ਦੀ ਜ਼ਮੀਨ ਧੋਖੇ ਨਾਲ ਭੁਪਿੰਦਰ ਸਿੰਘ ਆਪਣੇ ਨਾਮ ਕਰਵਾ ਲਈ ਹੈ। ਇਸ ਮਗਰੋਂ ਇਨਸਾਫ਼ ਪ੍ਰਾਪਤੀ ਲਈ ਮੁਹਾਲੀ ਅਦਾਲਤ ਵਿੱਚ ਪ੍ਰਾਪਰਟੀ ਡੀਲਰ ਖ਼ਿਲਾਫ਼ ਕੇਸ ਦਾਇਰ ਦਾਇਰ ਕੀਤਾ ਗਿਆ। ਅਦਾਲਤ ਨੇ ਪਿਛਲੇ ਦਿਨੀਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਸ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਪ੍ਰਾਪਰਟੀ ਡੀਲਰ ਵੱਲੋਂ ਕਰਵਾਈ ਰਜਿਸਟਰੀ ਰੱਦ ਕਰਕੇ ਪ੍ਰਸ਼ਾਸਨ ਨੂੰ ਉਕਤ ਜ਼ਮੀਨ ਦੀ ਰਜਿਸਟਰੀ ਉਸ ਦੇ ਨਾਮ ਕਰਨ ਲਈ ਹੁਕਮ ਦਿੱਤੇ ਹਨ। (ਬਾਕਸ ਆਈਟਮ) ਉਧਰ, ਇਸ ਸਬੰਧੀ ਥਾਣਾ ਸੋਹਾਣਾ ਦੇ ਐਸਐਚਓ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਸਿਆਊ ਦੀ ਉਕਤ ਜ਼ਮੀਨ ’ਤੇ ਕਬਜ਼ੇ ਸਬੰਧੀ ਨਾਜਾਇਜ਼ ਉਸਾਰੀ ਦਾ ਕੰਮ ਰੁਕਵਾ ਕੇ ਦੋਵਾਂ ਧਿਰਾਂ ਨੂੰ ਅਦਾਲਤੀ ਹੁਕਮਾਂ ਦੀ ਪਾਲਣਾ ਕਰਨ ਲਈ ਸਖ਼ਤ ਤਾੜਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। (ਬਾਕਸ ਆਈਟਮ) ਉਧਰ, ਇਸ ਸਬੰਧੀ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆ ਕਿਹਾ ਕਿ ਉਕਤ ਜ਼ਮੀਨ ’ਤੇ ਸ਼ੁਰੂ ਤੋਂ ਹੀ ਉਸ ਦਾ ਕਬਜ਼ਾ ਹੈ ਅਤੇ ਫਰਦ/ਗਿਰਦਾਵਰੀ ਅੱਜ ਵੀ ਉਸ ਦੇ ਨਾਮ ’ਤੇ ਦਰਜ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਫੌਜੀ ਜਰਨੈਲ ਸਿੰਘ ਨੇ 2007 ਵਿੱਚ ਮਲਕੀਤ ਸਿੰਘ ਨੂੰ ਜ਼ਮੀਨ ਵੇਚੀ ਗਈ ਸੀ। ਜਿਨ੍ਹਾਂ ਨੇ ਸਾਲ 2015 ਵਿੱਚ ਉਨ੍ਹਾਂ 4 ਕਨਾਲ ਜ਼ਮੀਨ ਵੇਚ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਅਦਾਲਤ ਵੱਲੋਂ ਜ਼ਮੀਨ ਦੀ ਡਿਗਰੀ ਜਰਨੈਲ ਸਿੰਘ ਦੇ ਨਾਮ ’ਤੇ ਕਰ ਦਿੱਤੀ ਗਈ ਹੈ ਪ੍ਰੰਤੂ ਜਦੋਂ ਉਕਤ ਜ਼ਮੀਨ ਦਾ ਇੰਤਕਾਲ ਜਰਨੈਲ ਸਿੰਘ ਦੇ ਨਾਮ ’ਤੇ ਚੜ੍ਹ ਜਾਵੇਗਾ ਤਾਂ ਉਹ ਖ਼ੁਦ ਹੀ ਜ਼ਮੀਨ ਦਾ ਕਬਜ਼ਾ ਛੱਡ ਦੇਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ