Share on Facebook Share on Twitter Share on Google+ Share on Pinterest Share on Linkedin ਪੈਸੇ ਦੀ ਬਰਬਾਦੀ: ਪਿੰਡ ਕੁੰਭੜਾ ਦੀਆਂ ਗਲੀਆਂ ਵਿੱਚ ਲੱਗੇ ਪੇਵਰ ਬਲਾਕ ਪੁੱਟ ਕੇ ਨਵੇਂ ਲਗਾਉਣ ਦੀ ਤਿਆਰੀ ਪੁੱਟੇ ਗਏ ਪੇਵਰ ਬਲਾਕਾਂ ’ਚੋਂ ਸਾਫ਼ ਪੇਵਰ ਬਲਾਕ ਪਤਾ ਨੀਂ ਕਿੱਥੇ ਸੁੱਟੇ, ਪ੍ਰੰਤੂ ਟੁੱਟੇ ਫੁੱਟੇ ਪੇਵਰ ਬਲਾਕ ਟੋਭੇ ’ਚ ਸੁੱਟੇ: ਕੁੰਭੜਾ ਲੋਕਲ ਬਾਡੀਜ਼ ਵਿਭਾਗ ਦੇ ਮੰਤਰੀ ਨੂੰ ਧਿਆਨ ਦੇ ਕੇ ਤੁਰੰਤ ਪੰਜਾਬ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ: ਮੁਹਾਲੀ ਨਗਰ ਨਿਗਮ ਐਸ.ਏ.ਐਸ. ਨਗਰ ਅਧੀਨ ਆਉਂਦੇ ਪਿੰਡ ਕੁੰਭੜਾ (ਵਾਰਡ ਨੰਬਰ 38 ਅਤੇ 39) ਦੀਆਂ ਗਲ਼ੀਆਂ ਵਿਚ ਨਵੇਂ ਪੇਵਰ ਬਲਾਕ ਲਗਾਉਣ ਦੀ ਆੜ ਹੇਠ ਪਹਿਲਾਂ ਲੱਗੇ ਹੋਏ ਵਧੀਆ ਕਿਸਮ ਦੇ ਪੇਵਰ ਬਲਾਕ ਪੁੱਟ ਕੇ ਸਰਕਾਰੀ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਪੇਵਰ ਬਲਾਕ ਇਨ੍ਹਾਂ ਗਲ਼ੀਆਂ ਵਿੱਚੋਂ ਪੁੱਟੇ ਜਾ ਰਹੇ ਹਨ, ਉਨ੍ਹਾਂ ਵਿਚੋਂ ਸਾਫ਼ ਪੇਵਰ ਬਲਾਕਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਸ ਨੂੰ ਦੇ ਦਿੱਤੇ ਗਏ ਹਨ ਪ੍ਰੰਤੂ ਜਿਹੜੇ ਟੁੱਟੇ ਫੁੱਟੇ ਪੇਵਰ ਬਲਾਕ ਬਚੇ ਹਨ, ਉਹ ਪਿੰਡ ਕੁੰਭੜਾ ਦੇ ਟੋਭੇ ਵਿਚ ਸੁਟਵਾਏ ਜਾ ਰਹੇ ਹਨ। ਪਿੰਡ ਵਿਚ ਸਟੇਟ ਬੈਂਕ ਆਫ਼ ਇੰਡੀਆ ਦੇ ਬਿਲਕੁਲ ਸਾਹਮਣੇ ਵਾਰਡ ਨੰਬਰ 38 ਤੇ 39 ਨੂੰ ਵੰਡਦੀ ਗਲ਼ੀ ਵਿਚ ਇਹ ਸਭ ਕੁਝ ਮੌਜੂਦਾ ਸਮੇਂ ਹੋ ਰਿਹਾ ਹੈ। ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਇਨ੍ਹਾਂ ਪੇਵਰ ਬਲਾਕਾਂ ਦੀ ਆੜ ਵਿਚ ਹੋ ਰਹੀ ਸਰਕਾਰੀ ਪੈਸੇ ਦੀ ਬਰਬਾਦੀ ਉਤੇ ਤਿੱਖਾ ਪ੍ਰਤੀਕ੍ਰਮ ਜ਼ਾਹਰ ਕਰਦਿਆਂ ਕਿਹਾ ਹੈ ਕਿ ਜ਼ਿਲ੍ਹਾ ਮੋਹਾਲੀ ਦੇ ਕਰੀਬ 15 ਪਿੰਡਾਂ ਵਿਚ ਪੰਚਾਇਤੀ ਰਾਜ ਰਾਹੀਂ ਪਹਿਲਾਂ ਲਗਾਏ ਗਏ ਇਨ੍ਹਾਂ ਪੇਵਰ ਬਲਾਕਾਂ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਸਬੰਧੀ ਹਾਈਕੋਰਟ ਵਿਚ ਕੇਸ ਵੀ ਪੈਂਡਿੰਗ ਹੈੇ। ਪਰਦੇ ਪਿੱਛੇ ਦੀ ਗੱਲ ਇਹ ਹੈ ਕਿ ਉਸ ਹੋਣ ਵਾਲੀ ਸੀ.ਬੀ.ਆਈ. ਦੀ ਜਾਂਚ ਤੋਂ ਬਚਣ ਲਈ ਅਫ਼ਸਰਾਂ ਅਤੇ ਆਗੂਆਂ ਦੀ ਮਿਲੀਭੁਗਤ ਨਾਲ ਇਹ ਪੇਵਰ ਬਲਾਕ ਪੁੱਟੇ ਜਾ ਰਹੇ ਹਨ। ਸ੍ਰੀ ਕੁੰਭੜਾ ਨੇ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਿਚ ਮਹਿਕਮਾ ਪੰਚਾਇਤੀ ਰਾਜ ਵੱਲੋਂ ਸਾਲ 2010-11 ਵਿਚ ਮੋਹਾਲੀ ਦੇ ਆਸ ਪਾਸ ਦੇ ਪਿੰਡਾਂ ਕੁੰਭੜਾ, ਸੋਹਾਣਾ, ਬਲੌਂਗੀ, ਕੰਬਾਲਾ, ਕੰਬਾਲੀ, ਪਾਪੜੀ, ਬਾਕਰਪੁਰ, ਬਹਿਲੋਲਪੁਰ, ਬੜਮਾਜਰਾ, ਭਾਗੋਮਾਜਰਾ, ਬੈਰੋਂਪੁਰ, ਬੱਲੋਮਾਜਰਾ, ਚਾਚੂਮਾਜਰਾ ਆਦਿ 15 ਦੇ ਕਰੀਬ ਪਿੰਡਾਂ ਦੀਆਂ ਗਲੀਆਂ ਵਿਚ ਪੇਵਰ ਬਲਾਕ ਲਗਾਏ ਗਏ ਸਨ। ਉਕਤ ਪਿੰਡਾਂ ਦੀ ਜ਼ਮੀਨ ਪੁੱਡਾ/ਗਮਾਡਾ ਵੱਲੋਂ ਅਕੁਆਇਰ ਕੀਤੇ ਜਾਣ ਕਾਰਨ ਇਨ੍ਹਾਂ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ ਪੁੱਡਾ/ਗਮਾਡਾ ਵੱਲੋਂ ਕੀਤੇ ਇਕਰਾਰਨਾਮੇ ਮੁਤਾਬਕ ਪੈਸਾ ਪੰਚਾਇਤੀ ਰਾਜ ਰਾਹੀਂ ਖਰਚ ਕੀਤਾ ਗਿਆ ਸੀ। ਉਸ ਸਮੇਂ ਇਨ੍ਹਾਂ ਕਾਰਜਾਂ ਵਿੱਚ ਹੋਏ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਸਬੰਧੀ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ’ਤੇ ਅਧਾਰਿਤ ਜੁਆਇੰਟ ਐਕਸ਼ਨ ਕਮੇਟੀ ਪੰਚਾਇਤੀ ਰਾਜ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਸੀ। ਅਕਾਲੀ ਸਰਕਾਰ ਸਮੇਂ ਵਿਜੀਲੈਂਸ ਦੀ ਜਾਂਚ ਵੀ ਹੋਈ ਪ੍ਰੰਤੂ ਵਿਜੀਲੈਂਸ ਵੱਲੋਂ ਗੋਲਮਟੋਲ ਜਾਂਚ ਕਰਕੇ ਇਹ ਕਹਿ ਕੇ ਬੰਦ ਕਰ ਦਿੱਤੀ ਗਈ ਕਿ ਕੋਈ ਘਪਲਾ ਨਹੀਂ ਹੋਇਆ। ਜੁਆਇੰਟ ਐਕਸ਼ਨ ਕਮੇਟੀ ਇਸ ਮਸਲੇ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਪਹੰੋੁਚ ਗਈ ਜਿੱਥੇ ਕਮੇਟੀ ਵੱਲੋਂ ਇਸ ਕੇਸ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਸਬੰਧੀ ਮੰਗ ਰੱਖੀ ਗਈ। ਉਹ ਮਾਮਲਾ ਅਜੇ ਵੀ ਹਾਈਕੋਰਟ ਵਿਚ ਪੈਂਡਿੰਗ ਹੈ ਪ੍ਰੰਤੂ ਨਗਰ ਨਿਗਮ ਵੱਲੋਂ ਪਹਿਲਾਂ ਠੀਕ ਢੰਗ ਨਾਲ ਲੱਗੇ ਲਗਾਏ ਪੇਵਰ ਬਲਾਕ ਪੁੱਟ ਕੇ ਉਸ ਪੁਰਾਣੇ ਘਪਲੇ ਉਤੇ ਮਿੱਟੀ ਪਾਉਣ ਦੀ ਕਥਿਤ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਨੂੰ ਬਚਾਇਆ ਜਾ ਸਕੇ। ਕੁੰਭੜਾ ਨੇ ਕਿਹਾ ਕਿ ਜਦੋਂ ਪਹਿਲਾਂ ਲੱਗੇ ਹੋਏ ਪੇਵਰ ਬਲਾਕ ਬਿਲਕੁਲ ਸਹੀ ਲੱਗੇ ਹੋਏ ਸਨ ਤਾਂ ਹੁਣ ਨਵੇਂ ਲਗਾਉਣ ਦੀ ਫਿਲਹਾਲ ਕੋਈ ਜ਼ਰੂਰਤ ਨਹੀਂ ਸੀ। ਨਿਗਮ ਵੱਲੋਂ ਪਿੰਡ ਕੁੰਭੜਾ ਵਿਚ ਉਕਤ ਦੋਵੇਂ ਵਾਰਡਾਂ ਵਿਚ ਪੇਵਰ ਬਲਾਕ ਲਗਾ ਕੇ ਸਰਕਾਰੀ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਲ ਬਾਡੀਜ਼ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਕੋਲੋਂ ਮੰਗ ਕੀਤੀ ਕਿ ਪਿੰਡ ਕੁੰਭੜਾ ਵਿੱਚ ਲਗਾਏ ਜਾ ਰਹੇ ਇਨ੍ਹਾਂ ਪੇਵਰ ਬਲਾਕਾਂ ਦੇ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਸਰਕਾਰੀ ਪੈਸੇ ਦੀ ਬਰਬਾਦੀ ਨੂੰ ਰੋਕਿਆ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ