Nabaz-e-punjab.com

ਅਗਲੇ ਸਿੱਖਿਆ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਸਮੇਂ ਸਿਰ ਮੁਹੱਈਆ ਕੀਤੀਆਂ ਜਾਣਗੀਆਂ ਕਿਤਾਬਾਂ: ਕਲੋਹੀਆ

ਪੰਜਾਬ ਦੇ 10 ਖੇਤਰੀ ਡਿੱਪੂਆਂ ਵਿੱਚ 40 ਲੱਖ ਨਵੀਆਂ ਕਿਤਾਬਾਂ ਛਪ ਕੇ ਪੁੱਜੀਆਂ, 10 ਲੱਖ ਹੋਰ ਕਿਤਾਬਾਂ ਦੀ ਛਪਾਈ ਦਾ ਕੰਮ ਜਾਰੀ

ਅਪਰੈਲ ਵਿੱਚ ਬੋਰਡ ਵੱਲੋਂ 5 ਹੋਰ ਖੇਤਰੀ ਡਿੱਪੂ ਦਫ਼ਤਰ ਬਣਾਉਣ ਲਈ ਕੰਮ ਪ੍ਰਗਤੀ ਅਧੀਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2019-20 ਵਿੱਚ ਆਪਣੇ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਮੁਹੱਈਆ ਕਰਵਾਉਣ ਲਈ ਕਮਰ ਕੱਸ ਲਈ ਹੈ। ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਬੋਰਡ ਦੇ 10 ਖੇਤਰੀ ਡਿੱਪੂਆਂ ਵਿੱਚ 40 ਲੱਖ ਨਵੀਆਂ ਕਿਤਾਬਾਂ ਛਪ ਕੇ ਪਹੁੰਚ ਚੁੱਕੀਆਂ ਹਨ ਜਦੋਂਕਿ ਬਾਕੀ 10 ਲੱਖ ਹੋਰ ਕਿਤਾਬਾਂ ਅਗਲੇ 10 ਦਿਨਾਂ ਵਿੱਚ ਛਪ ਕੇ ਤਿਆਰ ਹੋ ਜਾਣਗੀਆਂ। ਜਦੋਂਕਿ ਇਸ ਤੋਂ ਪਹਿਲਾਂ ਪਿਛਲੇ ਸਮੇਂ ਵਿੱਚ ਵਿਦਿਆਰਥੀਆਂ ਸਮੇਂ ਸਿਰ ਕਿਤਾਬਾਂ ਨਾ ਮਿਲਣ ਕਾਰਨ ਪੜ੍ਹਾਈ ਪ੍ਰਭਾਵਿਤ ਹੁੰਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ 5 ਹੋਰ ਖੇਤਰੀ ਡਿੱਪੂ ਵੀ ਇਸੇ ਸਾਲ ਅਪਰੈਲ ਵਿੱਚ ਬਣਾਏ ਜਾਣਗੇ। ਇਸ ਸਬੰਧੀ ਪੂਰੀ ਤਿਆਰੀ ਕਰ ਲਈ ਗਈ ਹੈ।
ਸ੍ਰੀ ਕਲੋਹੀਆ ਨੇ ਇਸ ਸਬੰਧੀ ਬੋਰਡ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤੀ ਗਈ ਸਮੀਖਿਆ ਵਿੱਚ ਉੱਭਰ ਕੇ ਆਏ ਤੱਥਾਂ ਅਨੁਸਾਰ ਨਵੇਂ ਅਕਾਦਮਿਕ ਸਾਲ ਦੌਰਾਨ ਕੁੱਲ 332 ਟਾਈਟਲ ਕਿਤਾਬਾਂ ਦੀ ਵਿਕਰੀ ਕੀਤੀ ਜਾਣੀ ਹੈ। ਜਿਨ੍ਹਾਂ ਦੀ ਗਿਣਤੀ ਲਗਭਗ 50 ਲੱਖ ਬਣਦੀ ਹੈ। ਇਨ੍ਹਾਂ ’ਚੋਂ 282 ਟਾਈਟਲ ਪਾਠ-ਪੁਸਤਕਾਂ ਬੋਰਡ ਦੇ 10 ਖੇਤਰੀ ਡਿੱਪੂਆਂ ਅੰਮ੍ਰਿਤਸਰ, ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਮੁਹਾਲੀ, ਮੋਗਾ, ਪਠਾਨਕੋਟ, ਪਟਿਆਲਾ, ਰੂਪਨਗਰ ਅਤੇ ਸ਼ਹਿਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿੱਚ ਸਟਾਕ ਕਰ ਲਏ ਗਏ ਹਨ।
ਸ੍ਰੀ ਕਲੋਹੀਆ ਨੇ ਕਿਹਾ ਕਿ ਇਸ ਸਾਲ ਕਿਤਾਬਾਂ ਦਾ ਤਕਨੀਕੀ ਮਿਆਰ ਸੁਧਾਰਨ ਤੋਂ ਇਲਾਵਾ ਉਨ੍ਹਾਂ ਦੀ ਸਮੇਂ ਸਿਰ ਵੰਡ ਵੱਲ ਉਚੇਚਾ ਧਿਆਨ ਦਿੱਤਾ ਗਿਆ ਹੈ। ਜਿਸ ਦੇ ਤਹਿਤ 5 ਹੋਰ ਡਿੱਪੂ ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਮੁਕਤਸਰ ਸਾਹਿਬ, ਲੁਧਿਆਣਾ ਅਤੇ ਸੰਗਰੂਰ ਵਿੱਚ ਮੁੜ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਡਿੱਪੂਆਂ ਵਿੱਚ ਵਿਕਰੀ ਲਈ ਕਿਤਾਬਾਂ ਪਹਿਲੇ ਡਿੱਪੂਆਂ ’ਚੋਂ ਭੇਜ ਦਿੱਤੀਆਂ ਜਾਣਗੀਆਂ ਅਤੇ ਇਹ ਸਾਰਾ ਕਾਰਜ 15 ਮਾਰਚ ਤੱਕ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਅਪਰੈਲ ਤੋਂ ਪਹਿਲਾਂ-ਪਹਿਲਾਂ ਸਾਰੀਆਂ ਕਿਤਾਬਾਂ ਵਿਦਿਆਰਥੀਆਂ ਦੇ ਹੱਥਾਂ ਵਿੱਚ ਹੋਣ।
ਚੇਅਰਮੈਨ ਸ੍ਰੀ ਕਲੋਹੀਆ ਨੇ ਸਾਰੇ ਕਾਰਜ ਲਈ ਉਚੇਚੀ ਨਿਗਰਾਨੀ ਰੱਖੀ ਹੈ। ਜਿਸ ਦੇ ਤਹਿਤ ਉਹ ਡਿੱਪੂਆਂ ਦੀ ਅਚਨਚੇਤ ਚੈਕਿੰਗ ਕਰਕੇ ਕਾਰਜਾਂ ਦੀ ਦੇਖ-ਰੇਖ ਖ਼ੁਦ ਕਰਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਤਾਬਾਂ ਸਬੰਧੀ ਸਾਰੀ ਸਥਿਤੀ ਬੋਰਡ ਦੀ ਵੈਬਸਾਈਟ ਉੱਤੇ ਪਾਰਦਰਸ਼ੀ ਰੂਪ ਵਿੱਚ ਉਪਲਬਧ ਹੈ। ਕਿਤਾਬਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਏਜੰਸੀ ਹੋਲਡਰਾਂ ਨੂੰ ਵੀ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਲੋੜੀਂਦੀ ਸਾਰੀ ਜਾਣਕਾਰੀ ਵੈਬਸਾਈਟ ’ਤੇ ਅਪਲੋਡ ਕਰ ਦਿੱਤੀ ਗਈ ਹੈ। ਏਜੰਸੀ ਹੋਲਡਰਾਂ ਲਈ ਬੋਰਡ ਦੀ ਵੈਬਸਾਈਟ ’ਤੇ ਲਿੰਕ ਵੀ ਸਥਾਪਿਤ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…