nabaz-e-punjab.com

ਸਨਅਤੀ ਏਰੀਆ ਵਿੱਚ ਸ਼ਰਾਬ ਦੇ ਠੇਕੇ ਤੋਂ ਨਗਦੀ ਲੁੱਟੀ, ਮਹਿੰਗੀ ਸ਼ਰਾਬ ਦੀਆਂ ਬੋਤਲਾਂ ਵੀ ਚੁੱਕ ਲੈ ਕੇ ਗਏ ਲੁਟੇਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਇੱਥੋਂ ਦੇ ਸਨਅਤੀ ਏਰੀਆ ਵਿੱਚ ਪਿੰਡ ਸ਼ਾਹੀ ਮਾਜਰਾ ਨੇੜੇ ਪਿਸਤੌਲ ਦੀ ਨੋਕ ’ਤੇ ਸ਼ਰਾਬ ਦੇ ਠੇਕੇ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਤਿੰਨ ਨਕਾਬ-ਪੋਸ਼ ਲੁਟੇਰੇ ਸ਼ਰਾਬ ਦੇ ਠੇਕੇ ’ਚੋਂ 10 ਹਜ਼ਾਰ ਰੁਪਏ ਦੀ ਨਕਦੀ ਅਤੇ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਆਪਣੇ ਨਾਲ ਲੈ ਗਏ। ਇਹ ਘਟਨਾ ਐਤਵਾਰ ਦੇਰ ਰਾਤ ਕਰੀਬ ਸਾਢੇ ਦਸ ਵਜੇ ਵਾਪਰੀ ਦੱਸੀ ਗਈ ਹੈ। ਇਸ ਸਬੰਧੀ ਠੇਕੇ ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਲੁੱਟ ਦੀ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਹੀ ਰੋਜ਼ਾਨਾ ਵਾਂਗ ਠੇਕੇ ’ਤੇ ਦਿਨ ਭਰ ਦੀ 45 ਹਜ਼ਾਰ ਕਮਾਈ ਇਕੱਠਾ ਕਰਨ ਵਾਲੇ ਕਰਮਚਾਰੀ ਲੈ ਕੇ ਗਏ ਸਨ। ਇਸ ਤੋਂ ਬਾਅਦ ਦੇਰ ਰਾਤ ਸਾਢੇ 10 ਵਜੇ ਨਕਾਬ ਪੋਸ਼ ਤਿੰਨ ਲੁਟੇਰੇ ਆਏ ਅਤੇ ਉਨ੍ਹਾਂ ’ਚੋਂ ਇੱਕ ਲੁਟੇਰੇ ਨੇ ਹਵਾਈ ਫਾਇਰ ਵੀ ਕੀਤਾ, ਜੋ ਠੇਕੇ ਦੀ ਛੱਤ ’ਤੇ ਵੱਜਾ ਅਤੇ ਉਹ ਕਾਫੀ ਡਰ ਗਏ।
ਇਸ ਦੌਰਾਨ ਲੁਟੇਰਿਆਂ ਨੇ ਗੱਲੇ ਵਿੱਚ ਪਈ ਨਗਦੀ ਮੰਗੀ ਤਾਂ ਕਰਿੰਦੇ ਨੇ ਜਦੋਂ ਨਗਦੀ ਵਾਲਾ ਗੱਲਾ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ’ਚੋਂ ਇੱਕ ਲੁਟੇਰੇ ਨੇ ਠੇਕੇ ਦੇ ਕਰਿੰਦੇ ਦੇ ਥੱਪੜ ਮਾਰਿਆਂ ਅਤੇ ਤੁਰੰਤ ਨਗਦੀ ਵਾਲਾ ਗੱਲਾ ਖੋਹ ਲਿਆ ਅਤੇ ਜਾਣ ਲੱਗਿਆਂ ਸ਼ਰਾਬ ਦੀਆਂ 10 ਮਹਿੰਗੀਆਂ ਬੋਤਲਾਂ ਵੀ ਆਪਣੇ ਨਾਲ ਲੈ ਗਏ। ਸ਼ਿਕਾਇਤ ਕਰਤਾ ਮੁਤਾਬਕ ਉਨ੍ਹਾਂ ਵੱਲੋਂ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ।
ਉਧਰ, ਪੁਲੀਸ ਦੀ ਜਾਂਚ ਵੱਲੋਂ ਸੋਮਵਾਰ ਨੂੰ ਵਾਰਦਾਤ ਵਾਲੀ ਥਾਂ ਅਤੇ ਹੋਰ ਆਸ-ਪਾਸ ਇਮਾਰਤਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਗਈਆਂ ਪ੍ਰੰਤੂ ਲੁਟੇਰਿਆਂ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ। ਇਸ ਸਬੰਧੀ ਸੰਪਰਕ ਕਰਨ ’ਤੇ ਸਨਅਤੀ ਏਰੀਆ ਪੁਲੀਸ ਫੇਜ਼-8 ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਵੱਲੋਂ 3 ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਧਾਰਾ 382 ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…