Nabaz-e-punjab.com

ਵਿਕਾਸ ਦਾ ਯੁੱਗ: ਮੁਹਾਲੀ ਨਗਰ ਨਿਗਮ ਵੱਲੋਂ 149.92 ਕਰੋੜ ਰੁਪਏ ਦਾ ਬਜਟ

ਸਾਲ ਦੀ ਕੁੱਲ ਆਮਦਨ 127.80 ਕਰੋੜ, ਖਰਚਾ 149.92 ਹੋਣ ਦਾ ਅਨੁਮਾਨ, ਵਿਕਾਸ ਕਾਰਜਾਂ ਲਈ 105.85 ਕਰੋੜ ਦਾ ਪ੍ਰਬੰਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਮੁਹਾਲੀ ਨਗਰ ਨਿਗਮ ਦੀ ਅੱਜ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ 149.92 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ। ਬਜਟ ਵਿੱਚ ਜ਼ਿਆਦਾਤਰ ਮਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਨਾਲ ਸਬੰਧਤ ਹਨ। ਨਿਗਮ ਦੇ ਇਸ ਫੈਸਲੇ ਨਾਲ ਮੁਹਾਲੀ ਵਿੱਚ ਵਿਕਾਸ ਦੇ ਯੁੱਗ ਦੀ ਸ਼ੁਰੂਆਤ ਹੋਈ ਹੈ। ਮੀਟਿੰਗ ਦੀ ਖਾਸ ਗੱਲ ਇਹ ਰਹੀ ਕਿ ਕਾਬਜ਼ ਧਿਰ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਇੱਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਕਰਨ ਦੀ ਬਜਾਏ ਵਿਕਾਸ ਦੇ ਮੁੱਦੇ ’ਤੇ ਬਿਨਾਂ ਪੜੇ ਹੀ ਬਜਟ ਦਾ ਮਤਾ ਪਾਸ ਕੀਤਾ ਗਿਆ। ਮੇਅਰ ਕੁਲਵੰਤ ਸਿੰਘ ਨੇ ਵੀ ਸਰਕਾਰ ਜਾਂ ਕਿਸੇ ਵਿਸ਼ੇਸ਼ ਮੰਤਰੀ ਜਾਂ ਰਾਜਸੀ ਆਗੂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਦਲੀਲਾਂ ਦੇ ਕੇ ਬੜੇ ਹੀ ਠਰੰ੍ਹਮੇ ਨਾਲ ਮੀਟਿੰਗ ਦੀ ਕਾਰਵਾਈ ਨੂੰ ਨੇਪਰੇ ਚਾੜਿਆ।
ਮੀਟਿੰਗ ਵਿੱਚ ਸਾਲ 2019-20 ਲਈ 149.92 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਜਦੋਂਕਿ ਨਿਗਮ ਨੂੰ 127.80 ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਨਗਰ ਨਿਗਮ ਵੱਲੋਂ 22 ਕਰੋੜ 12 ਲੱਖ ਘਾਟੇ ਵਾਲਾ ਬਜਟ ਪਾਸ ਕੀਤਾ ਗਿਆ ਹੈ। ਜਿਸ ਵਿੱਚ ਅਮਲਾ, ਅਚਨਚੇਤ ਖ਼ਰਚੇ, ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਮੁਲਾਜ਼ਮਾਂ ਨਾਲ ਸਬੰਧਤ ਕੰਮ ਸ਼ਾਮਲ ਹਨ। ਪਿਛਲੇ ਸਾਲ 2018-19 ਦੌਰਾਨ 10815.50 ਲੱਖ ਰੁਪਏ ਦਾ ਆਮਦਨ ਬਜਟ ਪ੍ਰਵਾਨ ਕੀਤਾ ਗਿਆ ਸੀ।
ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਤੋਂ 25 ਕਰੋੜ ਰੁਪਏ, ਮਿਉਂਸਪਲ ਫੰਡ ਦੇ ਤਹਿਤ 66 ਕਰੋੜ ਰੁਪਏ, ਬਿਜਲੀ ’ਤੇ ਮਿਉਂਸਪਲ ਟੈਕਸ 7.50 ਕਰੋੜ ਰੁਪਏ, ਅਡੀਸ਼ਨਲ ਐਕਸਾਈਜ਼ ਡਿਊਟੀ 8 ਕਰੋੜ ਰੁਪਏ, ਰੈਂਟ/ਸਮਝੌਤਾ ਫੀਸ 60 ਲੱਖ ਰੁਪਏ, ਇਸ਼ਤਿਹਾਰਾਂ ਤੋਂ 11 ਕਰੋੜ ਰੁਪਏ, ਵਾਟਰ ਸਪਲਾਈ ਅਤੇ ਸੀਵਰੇਜ 1.3 ਕਰੋੜ ਰੁਪਏ, ਬਿਲਡਿੰਗ ਐਪਲੀਕੇਸ਼ਨ ਫੀਸ 30 ਲੱਖ ਰੁਪਏ ਅਤੇ ਲਾਇਸੈਂਸ 45 ਲੱਖ ਦੀ ਆਮਦਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ 39.51 ਕਰੋੜ ਰੁਪਏ, ਅਚਨਚੇਤ ਖ਼ਰਚਿਆਂ ਲਈ 4.56 ਕਰੋੜ ਰੁਪਏ ਅਤੇ ਵਿਕਾਸ ਕਾਰਜਾਂ ਲਈ 105.85 ਕਰੋੜ ਰੁਪਏ ਦੇ ਖ਼ਰਚੇ ਤਜਵੀਜ਼ ਕੀਤੇ ਗਏ ਹਨ। ਇਸ ਵਿੱਚ ਸਲਾਟਰ ਹਾਊਸ ਦੇ ਆਧੁਨਿਕੀਰਨ ਲਈ 1 ਕਰੋੜ ਰੁਪਏ, ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਤਹਿਤ 65 ਲੱਖ ਰੁਪਏ ਅਤੇ ਸਾਲਿਡ ਵੇਸਟ ਮੈਨੇਜਮੈਟ-ਵੇਸਟ ਪ੍ਰੋਸੈਸਿੰਗ ਲਈ ਵਿਸ਼ੇਸ਼ ਉਪਬੰਧ ਕੀਤਾ ਗਿਆ ਹੈ। ਸਟਰੀਟ ਲਾਈਟ ਦੇ ਬਿਜਲੀ ਬਿੱਲ, ਵਾਟਰ ਸਪਲਾਈ ਤੇ ਮੈਨਨੈਸ ਅਤੇ ਸੜਕਾਂ, ਗਲੀਆਂ, ਨਾਲਿਆਂ, ਫੁੱਟਪਾਥ ਅਤੇ ਮਸ਼ੀਨਰੀ ਖ਼ਰੀਦਣ ਲਈ ਵੱਖ ਵੱਖ ਮੱਦਾਂ ਅਧੀਨ ਬਜਟ ਦਾ ਢੁਕਵਾਂ ਉਪਬੰਧ ਕੀਤਾ ਗਿਆ ਹੈ।
ਮੀਟਿੰਗ ਸ਼ੁਰੂ ਤੋਂ ਪਹਿਲਾਂ ਸੀਨੀਅਰ ਅਕਾਲੀ ਦਲ ਆਗੂ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੂੰ ਦੋ ਮਿੰਟ ਦਾ ਮੋਨ ਧਾਰਕ ਕੇ ਸ਼ਰਧਾਂਜਲੀ ਦਿੱਤੀ ਗਈ। ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਤੇ ਭਾਜਪਾ ਕੌਂਸਲਰ ਬੌਬੀ ਕੰਬੋਜ ਨੇ ਬਜਟ ਨੂੰ ਲੋਕਪੱਖੀ ਦੱਸਦਿਆਂ ਆਵਾਰਾ ਪਸ਼ੂਆਂ ਦਾ ਮੁੱਦਾ ਚੁੱਕਿਆਂ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਭਾਜਪਾ ਕੌਂਸਲਰ ਬੌਬੀ ਕੰਬੋਜ ਨੇ ਕਿਹਾ ਕਿ ਅੱਜ ਬਜਟ ਮੀਟਿੰਗ ਦੇ ਮੱਦੇਨਜ਼ਰ ਵੀ ਆਵਾਰਾ ਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਦਾ ਮੁੱਦਾ ਚੁੱਕਿਆ। ਮੇਅਰ ਨੇ ਭਰੋਸਾ ਦਿੱਤਾ ਕਿ ਆਧੁਨਿਕ ਗਊਸ਼ਾਲਾ ਬਣਾਉਣ ਲਈ ਗਮਾਡਾ ਤੋਂ ਜ਼ਮੀਨ ਲੈਣ ਲਈ ਪੈਰਵੀ ਕੀਤੀ ਜਾਵੇਗੀ ਕਿਉਂਕਿ ਪੰਚਾਇਤਾਂ ਨੇ ਜ਼ਮੀਨ ਦੇਣ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਆਰਪੀ ਸ਼ਰਮਾ ਨੇ ਪਾਰਕਾਂ ਦੀਆਂ ਲਾਇਬਰੇਰੀਆਂ ਵਿੱਚ ਅਖ਼ਬਾਰ, ਕਿਤਾਬਾਂ ਅਤੇ ਰਸਾਲੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਕਿ ਵਾਈਪੀਐਸ ਚੌਂਕ ਤੋਂ ਲੈ ਕੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੱਕ ਦੇ ਇਲਾਕੇ ਨੂੰ ਵਿਦੇਸ਼ੀ ਤਰਜ਼ ’ਤੇ ਵਿਕਸਤ ਕੀਤਾ ਜਾਵੇ। ਮੇਅਰ ਨੇ ਸ੍ਰੀ ਧਨੋਆ ਨੂੰ ਅਧਿਕਾਰ ਦਿੰਦਿਆਂ ਕਿਹਾ ਕਿ ਉਹ ਇਸ ਸਬੰਧੀ ਨਕਸ਼ਾ ਅਤੇ ਏਜੰਡਾ ਬਣਾ ਕੇ ਲਿਆਉਣ।
ਅਕਾਲੀ ਕੌਂਸਲਰ ਜਸਪ੍ਰੀਤ ਕੌਰ ਨੇ ਸ਼ਹਿਰ ਵਿੱਚ ਪਾਣੀ ਦੀ ਸਮੱਸਿਆਵਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਜਦੋਂ ਤਕਨੀਕੀ ਖ਼ਰਾਬੀ ਕਾਰਨ ਮੁਰੰਮਤ ਕਾਰਜਾਂ ਲਈ ਪਾਣੀ ਦੀ ਬੰਦੀ ਲਈ ਜਾਂਦੀ ਹੈ ਤਾਂ ਉਨ੍ਹਾਂ ਦਿਨਾਂ ਵਿੱਚ ਕੌਂਸਲਰਾਂ ਨੂੰ ਪਾਣੀ ਦੇ ਟੈਂਕਰ ਮੁਹੱਈਆ ਕਰਵਾਏ ਜਾਣ ਤਾਂ ਜੋ ਉਹ ਆਪਣੇ ਵਾਰਡ ਵਿੱਚ ਲੋਕਾਂ ਨੂੰ ਲੋੜ ਅਨੁਸਾਰ ਪਾਣੀ ਮੁਹੱਈਆ ਕਰਵਾ ਸਕਣ। ਕੁਲਦੀਪ ਕੌਰ ਕੰਗ ਨੇ ਪਬਲਿਕ ਪਖਾਨਿਆਂ ਦੀ ਮਾੜੀ ਹਾਲਤ ਦਾ ਮੁੱਦਾ ਚੁੱਕਿਆ। ਹਰਵਿੰਦਰ ਕੌਰ ਲੰਗ ਨੇ ਰਿਹਾਇਸ਼ੀ ਖੇਤਰਾਂ ਵਿੱਚ ਮੋਬਾਈਲ ਟਾਵਰ ਲਾਉਣ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ।
(ਬਾਕਸ ਆਈਟਮ)
ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਸੁਖਦੇਵ ਸਿੰਘ ਪਟਵਾਰੀ ਨੇ ਪੰਜਾਬੀ ਮਾਂ ਬੋਲੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਬਜਟ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ 10 ਲੱਖ ਰੁਪਏ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਮੇਅਰ ਕੁਲਵੰਤ ਸਿੰਘ ਨੇ ਦਲੀਲਾਂ ਦਿੰਦਿਆਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ 10 ਲੱਖ ਦੀ ਥਾਂ 20 ਲੱਖ ਰੁਪਏ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਅਤੇ ਕੌਂਸਲਰਾਂ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਪ੍ਰੇਰਿਆ। ਕੌਂਸਲਰ ਫੂਲਰਾਜ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਜ਼ਿਆਦਾਤਰ ਸੂਚਨਾ ਬੋਰਡਾਂ ’ਤੇ ਪੰਜਾਬੀ ਮਾਂ ਬੋਲੀ ਦਾ ਨਿਰਾਦਰ ਕੀਤਾ ਗਿਆ ਹੈ।
(ਬਾਕਸ ਆਈਟਮ)
ਅਕਾਲੀ ਕੌਂਸਲਰਾਂ ਨੇ ਨਗਰ ਨਿਗਮ ਦੇ ਸੁਪਰਡੈਂਟ ਕੇਸਰ ਸਿੰਘ ਨੂੰ ਅਜੇ ਤਾਈਂ ਬਹਾਲ ਨਾ ਕਰਨ ’ਤੇ ਕਮਿਸ਼ਨਰ ਦੀ ਜਵਾਬਤਲਬੀ ਕੀਤੀ ਗਈ, ਪ੍ਰੰਤੂ ਇਹ ਗੱਲ ਟੇਬਲ ’ਤੇ ਹੀ ਗੋਲ ਮੋਲ ਹੋ ਕੇ ਰਹਿ ਗਈ। ਇਸ ਸਬੰਧੀ ਪਿਛਲੀ ਮੀਟਿੰਗ ਵਿੱਚ ਮੁਅੱਤਲ ਸੁਪਰਡੈਂਟ ਦੀਆਂ ਸੇਵਾਵਾਂ ਬਹਾਲ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ ਪ੍ਰੰਤੂ ਕੌਂਸਲਰਾਂ ਨੇ ਦੋਸ਼ ਲਾਇਆ ਸਿਆਸੀ ਦਬਾਅ ਕਾਰਨ ਸੁਪਰਡੈਂਟ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…