Nabaz-e-punjab.com

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਿਸਾਨਾਂ ਦੀ ਭਾਵਨਾਵਾਂ ਨਾਲ ਮਖੌਲ ਕਰ ਰਿਹਾ: ਜਥੇਦਾਰ ਬ੍ਰਹਮਪੁਰਾ

ਜਥੇਦਾਰ ਬ੍ਰਹਮਪੁਰਾ ਨੇ 3 ਨਵੀਆਂ ਲਿੰਕ ਸੜਕਾਂ ਦੇ ਨਿਰਮਾਣ ਲਈ 79 ਲੱਖ ਰੁਪਏ ਜਾਰੀ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਤਰਨ ਤਾਰਨ, 8 ਮਾਰਚ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਹਲਕਾ ਖਡੂਰ ਸਾਹਿਬ ਵਿਖੇ 79 ਲੱਖ ਰੁਪਏ ਦੀ ਲਾਗਤ ਨਾਲ 3 ਪਿੰਡਾਂ ਜਿਸ ਵਿੱਚ ਕਲੇਰ, ਵਾਂ, ਗੋਹਲਵਾੜ ਅਤੇ ਹੋਰ ਲਾਗਲੇ ਪਿੰਡਾਂ ਨਾਲ ਜੁੜੀਆਂ 3 ਕਿੱਲੋਮੀਟਰ ਦੇ ਕਰੀਬ ਵੱਖ-ਵੱਖ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਸੇਵਾ ਮੁਕਤ ਸਾਬਕਾ ਫੌਜ ਮੁਖੀ ਅਤੇ ਸਾਬਕਾ ਰਾਜਪਾਲ ਜਨਰਲ ਜੋਗਿੰਦਰ ਜਸਵੰਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ, ਜੋ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਉਮੀਦਵਾਰ ਹਨ।
ਇਸ ਮੌਕੇ ਜਥੇਦਾਰ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੇ ਧਾਰਮਿਕ ਜਮਾਤ ਤੇ ਉਸਰਿਆ ਪਵਿੱਤਰ ਸ਼੍ਰੋਮਣੀ ਅਕਾਲੀ ਦਲ ਨੂੰ ਤਬਾਹ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਪਖੰਡੀ ਸਾਧ ਜਿਸਨੇ ਗੁਰੂ ਗੋਬਿੰਦ ਸਿੰਘ ਵਾਂਗ ਬਾਣਾ ਪਹਿਨ ਕੇ ਨਕਲ ਕੀਤੀ ਅਤੇ ਆਪਣੇ ਪੈਰੋਕਾਰਾਂ ਨੂੰ (ਰੂਹ-ਆਫਜ਼ਾ) ਸ਼ਰਬਤ ਪਿਲਾਇਆ, ਪਖੰਡੀ ਸਾਧ ਦੀ ਇਸ ਨੀਚ ਹਰਕਤ ਨਾਲ ਸਿੱਖ ਸਮੂਦਾਇ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਭੁਲਾਇਆ ਨਹੀਂ ਜਾ ਸਕਦਾ। ਇੱਥੇ ਦੱਸਣਯੋਗ ਹੈ ਕਿ ਪਖੰਡੀ ਸਾਧ ਰਾਮ ਰਹੀਮ ਦੇ ਨਾਲ ਬਾਦਲ ਪਰਿਵਾਰ ਨੇ ਸਿਰਫ਼ ਕੁੱਝ ਕੁ ਵੋਟਾਂ ਦੇ ਖਾਤਿਰ ਪਖੰਡੀ ਸਾਧ ਨੂੰ ਮੁਆਫ਼ੀ ਦੁਆਈਂ ਸੀ ਜਿਸ ਕਾਰਨ ਸਿੱਖ ਕੌਮ ਦਾ ਕ੍ਰੋਧ ਸਤਵੇਂ ਅਸਮਾਨ ਤਕ ਪਹੁੰਚ ਗਿਆ ਜਿਸ ਨਾਲ ਅੱਜ ਸਮੂਚੀ ਸਿੱਖ ਕੌਮ ਨੇ ਬਾਦਲਾਂ ਦਾ ਬਾਈਕਾਟ ਕਰ ਦਿੱਤਾ ਹੈ।
ਇਸ ਮੌਕੇ ਬ੍ਰਹਮਪੁਰਾ ਵਲੋਂ 33 ਲੱਖ ਰੁਪਏ ਪਿੰਡ ਗੋਹਲਵਾੜ ਦੀ ਫਿਰਨੀ ਦੇ ਨਿਰਮਾਣ ਲਈ ਦਿੱਤੇ ਗਏ ਜਿਸਦਾ ਸਿਹਰਾ ਇਲਾਕਾ ਨਿਵਾਸੀਆਂ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਸਿਰ ਬੰਨਿਆ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਬਦੋਲਤ ਹੀ ਪਿੰਡ ਦਾ ਵਿਕਾਸ ਵੱਡੇ ਪੱਧਰ ਤੇ ਹੋਇਆ ਹੈ ਅਤੇ ਜਦ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪੰਜਾਬ ਸਰਕਾਰ ਵਿਚ ਵਜ਼ੀਰ ਸਨ ਤਾਂ ਹਲਕਾ ਖਡੂਰ ਸਾਹਿਬ ਦਾ ਵਿਕਾਸ ਫਰਸ਼ ਤੋਂ ਅਰਸ਼ ਤੱਕ ਚੁੱਕਿਆ ਗਿਆ ਸੀ ਪਰ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਨੇ ਵਿਕਾਸ ਦੇ ਨਾਂਅ ਤੇ ਲੋਕਾਂ ਨੂੰ ਸਿਰਫ਼ ਮੂਰਖ਼ ਬਣਾਇਆ ਹੈ ਜਿਸਦਾ ਖਮਿਆਜ਼ਾ ਕਾਂਗਰਸ ਸਰਕਾਰ ਨੂੰ ਆਮ ਚੋਣਾਂ ਵਿਚ ਭੁਗਤਣਾ ਪਏਗਾ।
ਸ੍ਰੀ ਬ੍ਰਹਮਪੁਰਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਜ਼ਿਲ੍ਹਾ ਮੋਗਾ ਦੇ ਪਿੰਡ ਕਿਲੀ ਚਾਹਲਾਂ ਵਿਖੇ ਬੀਤੇ ਦਿਨੀਂ ਹੋਈ ਰੈਲੀ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਨੇ ਹੁਣ ਤੱਕ ਕਿਸਾਨਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ ਜਿਸ ਤੋਂ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਧੋਖਾਧੜੀ ਸਾਫ਼ ਨਜ਼ਰ ਆਉਂਦੀ ਹੈ ਅਤੇ ਦੂਸਰਾ ਹਰ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ, ਆਰਥਿਕ ਪੱਖੋਂ ਕਮਜ਼ੋਰ ਪਛੜੀਆਂ ਸ਼੍ਰੇਣੀਆਂ ਦੀ ਗ਼ਰੀਬ ਲੜਕੀਆਂ ਦੇ ਵਿਆਹ ਸਮੇਂ ਸ਼ਗਨ ਸਕੀਮ 51 ਹਜ਼ਾਰ ਰੁਪਏ ਦੇਣ ਵਿੱਚ ਵੀ ਪੂਰੀ ਤਰ੍ਹਾਂ ਨਾਲ ਅਸਫ਼ਲ ਰਹੀ ਹੈ ਅਤੇ ਹੁਣ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਦਾ ਜਹਾਜ਼ ਡੁੱਬ ਜਾਵੇਗਾ ਜੋ ਕਿ ਸੂਬੇ ਵਿੱਚ ਸੱਤਾਧਾਰੀ ਪਾਰਟੀ ਲਈ ਬਹੁਤ ਮੰਦਭਾਗਾ ਹੈ।
ਸ੍ਰੀ ਬ੍ਰਹਮਪੁਰਾ ਨੇ ਆਪਣੇ ਇਸ ਬਿਆਨ ਵਿੱਚ ਕਿਹਾ ਕਿ ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਉਣ ਵਾਲੀਆਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡਬਲ ਕ੍ਰਾਸ ਭੂਮਿਕਾ ਨਿਭਾ ਰਹੇ ਹਨ। ਗਾਂਧੀ ਪਰਿਵਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਬਾਰੇ ਲੋਕਾਂ ਨੂੰ ਸਿਰਫ਼ ਮੂਰਖ਼ ਬਣਾ ਰਿਹਾ ਹੈ ਜਿਸ ਨਾਲ ਕੇਵਲ ਝੂਠ ਮਾਰ ਕੇ ਵੋਟਾਂ ਲਈਆਂ ਜਾ ਸਕਣ ਜਿਵੇਂ ਕਿ ਉਨ੍ਹਾਂ ਪੰਜਾਬ ਵਿੱਚ ਫਰਜ਼ੀ ਅਤੇ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਜੋ ਕਿ ਬਹੁਤ ਗ਼ਲਤ ਹੈ ਅਤੇ ਰਾਹੁਲ ਗਾਂਧੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪੰਜਾਬ ਵਿੱਚ ਕਿਸਾਨਾਂ ਦੇ ਕਰਜ਼ੇ ਕਦੋਂ ਮੁਆਫ਼ ਕੀਤੇ ਜਾਣਗੇ ਕਿਉਜੋ ਆਏਂ ਦਿਨ ਪੰਜਾਬ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਜਿਸ ਲਈ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਸ੍ਰ. ਬ੍ਰਹਮਪੁਰਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਹ ਵੀ ਸੁਝਾਅ ਵੀ ਦਿੱਤਾ ਕਿ ਉਹ ਦੇਸ਼ ਵਿਚ ਸਿਰਫ਼ ਵੋਟਾਂ ਲੈਣ ਖਾਤਰ ਝੂਠੇ, ਫਰਜ਼ੀ ਅਤੇ ਗ਼ਲਤ ਵਾਅਦੇ ਨਾ ਕਰਨ ਜਿਸ ਨਾਲ ਦੇਸ਼ ਦਾ ਭਵਿੱਖ ਖ਼ਰਾਬ ਹੋਵੇ।
ਇਸ ਮੌਕੇ ਸਰਪੰਚ ਹਰਵਿੰਦਰ ਸਿੰਘ, ਮੈਂਬਰ ਹਰਜਿੰਦਰ ਸਿੰਘ, ਮੈਂਬਰ ਸੁਖਚੈਨ ਸਿੰਘ, ਮੈਂਬਰ ਗੁਰਪ੍ਰੀਤ ਸਿੰਘ ਗੋਪੀ, ਕਾਮਰੇਡ, ਨੰਬਰਦਾਰ ਹਰਦੇਵ ਸਿੰਘ, ਨਿਰਵੈਲ ਸਿੰਘ ਸਾਬਕਾ ਮੈਂਬਰ ਪੰਚਾਇਤ, ਪ੍ਰੋ. ਰਾਜਵਿੰਦਰ ਸਿੰਘ ਗੋਹਲਵਾੜ, ਕਰਤਾਰ ਸਿੰਘ ਸਾਬਕਾ ਪੰਚ, ਮਾਸਟਰ ਮਹਿੰਗਾ ਸਿੰਘ, ਨਿਰਵੈਲ ਸਿੰਘ ਬਾਬੇਕੇ, ਗੁਰਜਿੰਦਰ ਸਿੰਘ, ਬਲਵੰਤ ਸਿੰਘ ਸਾਬਕਾ ਮੈਂਬਰ ਪੰਚਾਇਤ, ਸਬੇਰਾ ਸਿੰਘ ਹਵੇਲੀ ਵਾਲੇ, ਦਿਲਬਾਗ ਸਿੰਘ ਮੈਂਬਰ, ਦਿਲਬਾਗ ਸਿੰਘ ਵਰਿਆਂ ਵਾਲੇ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…