nabaz-e-punjab.com

ਆਮ ਆਦਮੀ ਪਾਰਟੀ ਨੇ ਪੰਜਾਬ ਲਈ ਪਹਾੜੀ ਸੂਬਿਆਂ ਦੀ ਤਰਜ਼ ‘ਤੇ ਟੈਕਸ ਵਿੱਚ ਛੋਟ ਤੇ ਹੋਰ ਪੈਕੇਜ ਦੀ ਕੀਤੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਮਾਰਚ-
ਸੂਬੇ ਦੀਆਂ ਸਰਕਾਰਾਂ ਨੂੰ ਸੂਬੇ ਵਿੱਚ ਵਪਾਰ ਅਤੇ ਉਦਯੋਗ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੋਂ ਪਹਾੜੀ ਸੂਬਿਆਂ ਦੀ ਤਰਜ਼ ‘ਤੇ ਪੰਜਾਬ ਲਈ ਟੈਕਸ ਵਿੱਚ ਛੋਟ ਅਤੇ ਹੋਰ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਹੈ। ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਆਪ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਵਪਾਰ ਅਤੇ ਰੁਜ਼ਗਾਰ ਇੱਕ ਦੂਜੇ ਦੇ ਨਾਲ ਸਬੰਧਿਤ ਹਨ ਅਤੇ ਸੂਬੇ ਵਿੱਚੋਂ ਵਪਾਰ ਅਤੇ ਉਦਯੋਗਾਂ ਦੇ ਖ਼ਤਮ ਹੋਣ ਨਾਲ ਰੋਜ਼ਗਾਰ ਵੀ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਕਾਰਨ ਸੂਬੇ ਦੇ ਨੌਜਵਾਨਾਂ ਦਾ ਰੁਜ਼ਗਾਰ ਖੁੱਸ ਗਿਆ ਹੈ।
ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਤੇ ਆਪਣੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਗਾਉਂਦਿਆਂ ਹੇਅਰ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਹਰ ਸਾਲ 25 ਲੱਖ ਨੌਕਰੀਆਂ ਦੇਵੇਗੀ ਪ੍ਰੰਤੂ ਸਰਕਾਰ ਸਥਾਪਤੀ ਤੋਂ ਬਾਅਦ ਉਹ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ।
ਇਸ ਮੁੱਦੇ ਉੱਤੇ ਬੋਲਦਿਆਂ ਆਮ ਆਦਮੀ ਪਾਰਟੀ ਟਰੇਡ ਅਤੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਨੀਨਾ ਮਿੱਤਲ ਨੇ ਕਿਹਾ ਕਿ ਸੂਬੇ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਅਤੇ ਯੂਪੀਏ ਸਰਕਾਰ ਨੇ ਸੂਬੇ ਵਿੱਚ ਉਦਯੋਗਾਂ ਦੀ ਸਥਾਪਤੀ ਲਈ ਕੋਈ ਵੀ ਕਦਮ ਨਹੀਂ ਉਠਾਇਆ। ਉਸ ਮਗਰੋਂ ਮੋਦੀ ਸਰਕਾਰ ਨੇ ਵੀ ਸੂਬੇ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਕਿਸ ਤਰ੍ਹਾਂ ਜਦੋਂ ਸੁਖਬੀਰ ਸਿੰਘ ਬਾਦਲ ਵਾਜਪਾਈ ਸਰਕਾਰ ਵਿੱਚ ਕੇਂਦਰੀ ਮੰਤਰੀ ਸਨ ਤਾਂ ਪੰਜਾਬ ਦੇ ਹਿੱਤਾਂ ਨੂੰ ਅਣਗੌਲਿਆ ਕਰਦਿਆਂ ਕੇਂਦਰ ਸਰਕਾਰ ਨੇ ਪੰਜਾਬ ਦੇ ਗੁਆਂਢੀ ਪਹਾੜੀ ਰਾਜਾਂ ਨੂੰ ਟੈਕਸ ਕਰਾਂ ਵਿੱਚ ਛੋਟ ਦਿੱਤੀ ਸੀ ਜਿਸ ਕਾਰਨ ਸੂਬੇ ਦਾ ਸਾਰਾ ਵਪਾਰ ਅਤੇ ਉਦਯੋਗ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰਾਖੰਡ ਵਰਗੇ ਸੂਬਿਆਂ ਵਿੱਚ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਸੁਖਬੀਰ ਬਾਦਲ ਇਸ ਦੇ ਵਿਰੋਧ ਵਿੱਚ ਇੱਕ ਸ਼ਬਦ ਵੀ ਨਹੀਂ ਬੋਲੇ ਜੋ ਕਿ ਉਨ੍ਹਾਂ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਕਰਦਾ ਹੈ।
ਮਿੱਤਲ ਨੇ ਕਿਹਾ ਕਿ ਪੰਜਾਬ ਵਿਚ ਅੱਤਵਾਦ ਦੇ ਦੌਰ ਦੌਰਾਨ 80 ਦੇ ਦਹਾਕੇ ਵਿੱਚ ਪੰਜਾਬ ਵਿੱਚੋਂ ਛੋਟੇ ਅਤੇ ਮੱਧਮ ਵਰਗੀ ਵਪਾਰ ਦੂਜੇ ਸੂਬਿਆਂ ਵਿੱਚ ਚਲੇ ਗਏ ਹਨ, ਜਿਸ ਕਾਰਨ ਸੂਬੇ ਦੇ ਬਟਾਲਾ, ਮੰਡੀ ਗੋਬਿੰਦਗੜ੍ਹ, ਜਲੰਧਰ, ਗੋਰਾਇਆ, ਫਗਵਾੜਾ ਆਦਿ ਸ਼ਹਿਰਾਂ ਵਿੱਚ ਉਦਯੋਗ ਬਿਲਕੁਲ ਬੰਦ ਹੋ ਗਏ ਸਨ। ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਉੱਤੇ ਨਿਸ਼ਾਨਾ ਸਾਧਦਿਆਂ ਮਿੱਤਲ ਨੇ ਕਿਹਾ ਕਿ ਇਹ ਸ਼ਰਮ ਵਾਲੀ ਗੱਲ ਹੈ ਕਿ ਪਿਛਲੇ ਸਰਕਾਰ ਵਿੱਚ ਕੇਂਦਰੀ ਮੰਤਰੀ ਰਹਿਣ ਦੇ ਬਾਵਜੂਦ ਵੀ ਬਾਦਲ ਪਿਛਲੇ 5 ਸਾਲਾਂ ਵਿੱਚ ਸੂਬੇ ਵਿੱਚ ਇੱਕ ਵੀ ਉਦਯੋਗ ਲਿਆਉਣ ਵਿੱਚ ਨਾਕਾਮ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਨਸ਼ੇ ਦੀ ਗ੍ਰਿਫ਼ਤ ਵਿੱਚ ਆਉਣ ਲਈ ਅਕਾਲੀ ਭਾਜਪਾ ਅਤੇ ਕਾਂਗਰਸ ਬਰਾਬਰ ਜ਼ਿੰਮੇਵਾਰ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …