Nabaz-e-punjab.com

ਸਿੱਖਿਆ ਬੋਰਡ ਦੇ ਚੇਅਰਮੈਨ ਕਲੋਹੀਆ ਵੱਲੋਂ ਪ੍ਰੀਖਿਆ ਕੇਂਦਰ ਦੀ ਚੈਕਿੰਗ, ਨਕਲ ਦੇ 15 ਕੇਸ ਫੜੇ

ਚੌਗਾਵਾਂ ਦੇ ਆਰਟ ਤੇ ਕਰਾਫ਼ਟ ਅਧਿਆਪਕ ਨੂੰ ਸੁਪਰਵਾਈਜ਼ਰ ਦੀ ਡਿਊਟੀ ਤੋਂ ਕੀਤਾ ਫਾਰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਦਸਵੀਂ ਸ਼੍ਰੇਣੀ ਦੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਲਈ ਗਈ। ਇਸ ਦੌਰਾਨ ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਮੁਹਾਲੀ ਸਮੇਤ ਰਾਜਪੁਰਾ, ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ, ਰਮਦਾਸ ਅਤੇ ਚੌਗਾਵਾਂ ਸਮੇਤ ਹੋਰਨਾਂ ਇਲਾਕਿਆਂ ਵਿੱਚ ਅਚਨਚੇਤ ਛਾਪੇਮਾਰੀ ਕਰਕੇ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ ਗਈ। ਸਮੁੱਚੇ ਪੰਜਾਬ ’ਚੋਂ ਨਕਲ ਦੇ 15 ਕੇਸ ਫੜੇ ਗਏ। ਇਸ ਮੌਕੇ ਚੇਅਰਮੈਨ ਵੱਲੋਂ ਮਾਸਟਰ ਮਨੀਰਾਮ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਗਾਵਾਂ ਦੇ ਆਰਟ ਅਤੇ ਕਰਾਫ਼ਟ ਅਧਿਆਪਕ ਨੂੰ ਸੁਪਰਵਾਈਜ਼ਰੀ ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਫਾਰਗ ਕੀਤਾ ਗਿਆ।
ਪ੍ਰਾਪਤ ਵੇਰਵਿਆਂ ਅਨੁਸਾਰ ਚੇਅਰਮੈਨ ਕਲੋਹੀਆ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਜਨਾਲਾ ਦੇ ਦੋ ਪ੍ਰੀਖਿਆ ਕੇਂਦਰਾਂ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੇ ਪ੍ਰੀਖਿਆ ਕੇਂਦਰ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ। ਦੋਵੇਂ ਪ੍ਰੀਖਿਆ ਸੈਂਟਰਾਂ ਵਿੱਚ ਸਫ਼ਾਈ ਦੀ ਮਾੜੀ ਹਾਲਤ ਦੇ ਕੇ ਚੇਅਰਮੈਨ ਨੇ ਪ੍ਰੀਖਿਆ ਕੇਂਦਰ ਦੇ ਸੁਪਰਵਾਈਜ਼ਰੀ ਸਟਾਫ਼ ਦੀ ਝਾੜ-ਝੰਬ ਕੀਤੀ। ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੇ ਕੇਂਦਰ ਵਿੱਚ ਬੋਰਡ ਚੇਅਰਮੈਨ ਨੇ ਇੱਕ ਵਿਦਿਆਰਥੀ ਦੀ ਜੇਬ ’ਚੋਂ ਅੰਗਰੇਜ਼ੀ ਦੀ ਪਾਕਟ ਬੁੱਕ ਬਰਾਮਦ ਕੀਤੀ ਅਤੇ ਪ੍ਰੀਖਿਆ ਅਮਲੇ ਨੂੰ ਯੂਐਮਸੀ ਕੇਸ ਬਣਾਉਣ ਦੇ ਨਿਰਦੇਸ਼ ਦਿੱਤੇ। ਸਾਹਿਬਜ਼ਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੇ ਦੋਵੇਂ ਪ੍ਰੀਖਿਆ ਕੇਂਦਰ ਨਿਯਮਾਂ ਅਨੁਸਾਰ ਕਾਰਜ ਕਰਦੇ ਮਿਲੇ। ਉਨ੍ਹਾਂ ਨਕਲ ਵਾਲੇ ਸਥਾਨਾਂ ’ਤੇ ਵਧੇਰੇ ਸੁਰੱਖਿਆ ਦਸਤੇ ਤਾਇਨਾਤ ਕਰਕੇ ਨਿਰੀਖਕਾਂ ਨੂੰ ਸੁਰੱਖਿਆ ਦੇ ਹੁਕਮ ਦਿੱਤੇ।
ਇਸੇ ਦੌਰਾਨ ਸਰਕਾਰੀ ਹਾਈ ਸਕੂਲ ਚੌਗਾਵਾਂ ਵਿੱਚ ਦੋਵੇਂ ਪ੍ਰੀਖਿਆ ਕੇਂਦਰ ਵਿੱਚ ਸਾਰਾ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਸੀ ਪ੍ਰੰਤੂ ਮਾਸਟਰ ਮਨੀਰਾਮ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੀਖਿਆ ਕੇਂਦਰ ਵਿੱਚ ਨਕਲ ਦੇ ਦੋ ਕੇਸ ਫੜੇ ਗਏ ਅਤੇ ਮੌਕੇ ਉੱਤੇ ਤਾਇਨਾਤ ਸੁਪਰਵਾਈਜ਼ਰ ਜੋ ਕਿ ਇਸੇ ਸਕੂਲ ਦਾ ਆਰਟ ਤੇ ਕਰਾਫ਼ਟ ਅਧਿਆਪਕ ਗੁਰਜੰਟ ਸਿੰਘ ਸੀ, ਉਸ ਨੂੰ ਤੁਰੰਤ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ। ਸ੍ਰੀ ਕਲੋਹੀਆ ਨੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰਮਦਾਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਮਦਾਸ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੋਪੋਕੇ ਦੇ ਦੌਰੇ ਵੀ ਕੀਤੇ। ਇਨ੍ਹਾਂ ਅਦਾਰਿਆਂ ਵਿੱਚ ਨਿਯਮਾਂਵਲੀ ਅਧੀਨ ਸਹੀ ਮਾਹੌਲ ਵਿੱਚ ਪ੍ਰੀਖਿਆ ਕਾਰਜ ਚਲਦੇ ਮਿਲੇ। ਚੇਅਰਮੈਨ ਨਾਲ ਸਿੱਖਿਆ ਬੋਰਡ ਦੇ ਅੰਮ੍ਰਿਤਸਰ ਖੇਤਰੀ ਦਫ਼ਤਰ ਦੇ ਮੁਖੀ ਪਵਨਦੀਪ ਸਿੰਘ, ਮੁੱਖ ਦਫ਼ਤਰ ਦੇ ਸੁਪਰਡੈਂਟ ਗੁਰਚਰਨ ਸਿੰਘ, ਬਲਜੀਤ ਸਿੰਘ, ਸੋਢੀ ਸਿੰਘ ਅਤੇ ਭੂਸ਼ਨ ਕੁਮਾਰ ਵੀ ਨਿਰੀਖਣ ਟੀਮ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਸੋਮਵਾਰ ਨੂੰ ਦਸਵੀਂ ਕਲਾਸ ਦੀ ਪ੍ਰੀਖਿਆ ਦੌਰਾਨ ਨਕਲ ਜਾਂ ਹੋਰ ਇਤਰਾਜ਼ਯੋਗ ਕਾਰਜ ਕਰਨ ਦੇ 15 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ’ਚੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ 5, ਜ਼ਿਲ੍ਹਾ ਫਾਜ਼ਿਲਕਾ ਵਿੱਚ 3, ਬਠਿੰਡਾ ਤੇ ਬੁੱਢਲਾਡਾ ਤੋਂ ਦੋ-ਦੋ ਅਤੇ ਬਟਾਲਾ, ਹੁਸ਼ਿਆਰਪੁਰ ਤੇ ਰਾਜਪੁਰਾ ਤੋਂ ਇੱਕ-ਇੱਕ ਨਕਲ ਦਾ ਕੇਸ ਫੜਿਆ ਗਿਆ। ਰਾਜਪੁਰਾ ਵਿੱਚ ਪ੍ਰੀਖਿਆਰਥੀ ਦੀ ਥਾਂ ਕੋਈ ਹੋਰ ਵਿਅਕਤੀ ਪ੍ਰੀਖਿਆ ਦਿੰਦੇ ਹੋਏ ਫੜਿਆ ਗਿਆ ਹੈ। ਜਦੋਂਕਿ ਮੁਹਾਲੀ ਵਿੱਚ ਕੋਈ ਨਕਲ ਦਾ ਕੇਸ ਸਾਹਮਣੇ ਨਹੀਂ ਆਇਆ। ਇੱਥੇ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਪੁਰਅਮਲ ਅਮਾਨ ਨਾਲ ਪ੍ਰੀਖਿਆ ਦਾ ਕੰਮ ਨੇਪਰੇ ਚੜ੍ਹਿਆ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…