Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਵੱਲੋਂ ਅੰਤਰਰਾਜੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼, ਜਗਦੀਸ਼ ਭੋਲਾ ਦੇ ਸਾਥੀ ਸਣੇ 3 ਮੁਲਜ਼ਮ ਗ੍ਰਿਫ਼ਤਾਰ ਕੰਡਮ ਗੱਡੀਆਂ ਦੇ ਇੰਜਨ ਤੇ ਜਾਅਲੀ ਚੈਸੀ ਨੰਬਰ ਲਗਾ ਕੇ ਅੱਗੇ ਵੇਚੇ ਜਾਂਦੇ ਸਨ ਚੋਰੀ ਦੇ ਵਾਹਨ ਵਾਹਨ ਚੋਰ ਗਰੋਹ ਮੁਖੀ ਸੁਰਜੀਤ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ 7 ਅਪਰਾਧਿਕ ਕੇਸ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ: ਮੁਹਾਲੀ ਪੁਲੀਸ ਨੇ ਅੰਤਰਰਾਜੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜਾਬ ਦੇ ਬਹੁਤ ਚਰਚਿਤ ਡਰੱਗ ਤਸਕਰੀ ਜਗਦੀਸ਼ ਸਿੰਘ ਭੋਲਾ ਦੇ ਸਾਥੀ ਸੁਰਜੀਤ ਸਿੰਘ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਚੋਰੀ ਦੀਆਂ ਅੱਠ ਕਾਰਾਂ ਅਤੇ ਇੱਕ ਸਕੂਟੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ 9 ਗੱਡੀਆਂ ਦੇ ਦਸਤਾਵੇਜ਼ (ਆਰਸੀ) ਅਤੇ ਵਾਹਨ ਚੋਰੀ ਕਰਨ ਲਈ ਵਰਤੇ ਜਾਂਦੇ ਅੌਜ਼ਾਰ ਵੀ ਬਰਾਮਦ ਕੀਤੇ ਗਏ ਹਨ। ਇਸ ਗੱਲ ਦਾ ਖੁਲਾਸਾ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸੱਚਪਾਲ ਵਾਸੀ ਪੀਜੀਆਈ ਕੰਪਲੈਕਸ, ਸੈਕਟਰ-12, ਚੰਡੀਗੜ੍ਹ ਨੇ ਸ਼ਿਕਾਇਤ ਦਿੱਤੀ ਸੀ ਕਿ ਬੀਤੀ 18 ਮਾਰਚ ਨੂੰ ਸੈਕਟਰ-109, ਪਿੰਡ ਰਾਏਪੁਰ ਕਲਾਂ ਨੇੜਿਓਂ ਉਸ ਤੋਂ ਸਵਿਫ਼ਟ ਡਿਜਾਇਰ ਕਾਰ ਚੋਰੀ ਹੋ ਗਈ ਹੈ। ਇਸ ਸਬੰਧੀ ਸੱਚਪਾਲ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਥਾਣਾ ਸੋਹਾਣਾ ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸ੍ਰੀ ਭੁੱਲਰ ਨੇ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਹੱਲ ਕਰਨ ਲਈ ਮੁਹਾਲੀ ਦੇ ਐਸਪੀ (ਡੀ) ਵਰੁਣ ਸ਼ਰਮਾ ਅਤੇ ਡੀਐਸਪੀ (ਡੀ) ਗੁਰਦੇਵ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਵਰਨਾ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਸੁਰਜੀਤ ਸਿੰਘ ਵਾਸੀ ਸਰੂਪ ਨਗਰ, ਨਵੀਂ ਦਿੱਲੀ, ਗੁਰਸੇਵਕ ਸਿੰਘ ਉਰਫ਼ ਸੇਵਕ ਵਾਸੀ ਸਥੇਰੀ ਖੁਰਦ, ਹੁਸ਼ਿਆਰਪੁਰ ਅਤੇ ਬਲਜਿੰਦਰ ਸਿੰਘ ਉਰਫ਼ ਬਿੰਦਾ ਵਾਸੀ ਪਿੰਡ ਭੂਰਾ ਕੋਨਾ, ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੌਰਾਨ ਵਰਨਾ ਕਾਰ ’ਚੋਂ ਗੱਡੀ ਅਨ-ਲੌਕ ਕਰਨ ਦੇ ਕੁਝ ਅੌਜ਼ਾਰ ਬਰਾਮਦ ਕੀਤੇ ਗਏ। ਵਾਹਨ ਚੋਰ ਗਰੋਹ ਦੇ ਮੁਖੀ ਸੁਰਜੀਤ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 7 ਅਪਰਾਧਿਕ ਕੇਸ ਦਰਜ ਹਨ। ਜਿਨ੍ਹਾਂ ’ਚੋਂ ਕਈ ਕੇਸਾਂ ਵਿੱਚ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਇਆ ਹੈ। ਇਹ ਮੁਲਜ਼ਮ ਡਰੱਗ ਤਸਕਰੀ ਮਾਮਲੇ ਦੇ ਦੋਸ਼ੀ ਜਗਦੀਸ਼ ਭੋਲਾ ਦਾ ਸਾਥੀ ਰਿਹਾ ਹੈ ਅਤੇ ਭੋਲਾ ਨਾਲ ਜੇਲ੍ਹ ਕੱਟ ਕੇ ਆਇਆ ਹੈ। ਐਸਐਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਰਾਏਪੁਰ ਕਲਾਂ ਨੇੜਿਓਂ ਸਵਿਫ਼ਟ ਡਿਜਾਈਰ ਕਾਰ ਚੋਰੀ ਕਰਨਾ ਮੰਨਿਆਂ ਹੈ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੀਆਂ ਅੱਠ ਗੱਡੀਆਂ ਅਤੇ ਇੱਕ ਸਕੂਟਰੀ ਸਮੇਤ ਜਾਅਲੀ ਨੰਬਰ ਪਲੇਟਾਂ, ਗੱਡੀਆਂ ਦੇ ਸ਼ੀਸ਼ੇ, ਚਾਬੀਆਂ ਦੇ ਸੈਂਸਰ, ਕੱਟਰ ਮਸ਼ੀਨ, ਗਰੈਂਡਰ, ਲੌਕ ਕੋਡ ਮਸ਼ੀਨ, ਡ੍ਰਿੱਲ ਮਸ਼ੀਨ ਅਤੇ ਹੋਰ ਵੱਖ-ਵੱਖ ਮਾਰਕੇ ਦੀਆਂ ਗੱਡੀਆਂ ਦੇ ਦਸਤਾਵੇਜ਼ ਅਤੇ ਏਸੀਐਮ ਮਿਲੇ ਹਨ। ਮੁਲਜ਼ਮਾਂ ਨੇ ਮੰਨਿਆਂ ਕਿ ਉਹ ਬੀਮਾ ਕੰਪਨੀਆਂ ਤੋਂ ਟੋਟਲ ਡੈਮੇਜ ਗੱਡੀਆਂ ਖਰੀਦ ਕਰਕੇ ਉਨ੍ਹਾਂ ਦੀਆਂ ਆਰਸੀਜ/ਕਾਗਜਾਤ ਅਤੇ ਮਾਡਲ ਮੁਤਾਬਕ ਹੀ ਗੱਡੀਆਂ ਚੋਰੀ ਕਰਦੇ ਸਨ। ਜਿਨ੍ਹਾਂ ’ਤੇ ਡੈਮੇਜ ਗੱਡੀਆਂ ਦਾ ਚਾਸੀ ਨੰਬਰ ਅਤੇ ਇੰਜਨ ਨੰਬਰ ਲਗਾ ਕੇ (ਟੈਂਪਰ ਕਰਕੇ) ਉਨ੍ਹਾਂ ਨੂੰ ਅੱਗੇ ਵੇਚ ਦਿੰਦੇ ਸਨ। ਮੁਲਜ਼ਮਾਂ ਕੋਲੋਂ 9 ਗੱਡੀਆਂ ਦੀਆਂ ਆਰਸੀਜ ਵੀ ਮਿਲੀਆਂ ਹਨ। ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਪੁਲੀਸ ਨੂੰ ਪੁੱਛਗਿੱਛ ਦੌਰਾਨ ਚੋਰੀ ਦੇ ਵਾਹਨਾਂ ਬਾਰੇ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ