Nabaz-e-punjab.com

ਫਿਲਿਪਸ ਕੰਪਨੀ ’ਚੋਂ ਕੱਢੇ ਮੁਲਾਜ਼ਮਾਂ ਵੱਲੋਂ ਪ੍ਰਬੰਧਕਾਂ ਖ਼ਿਲਾਫ਼ ਰੋਸ ਮੁਜ਼ਾਹਰਾ

ਪ੍ਰਬੰਧਕਾਂ ਵੱਲੋਂ ਕੰਪਨੀ ’ਚੋਂ ਸਮਾਨ ਚੁੱਕਣ ਦਾ ਵਿਰੋਧ, ਪੁਲੀਸ ਨੂੰ ਦਿੱਤੀ ਲਿਖਤੀ ਸ਼ਿਕਾਇਤ, ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਇੱਥੋਂ ਦੇ ਸਨਅਤੀ ਏਰੀਆ ਫੇਜ਼-9 ਵਿੱਚ ਸਥਿਤ ਫਿਲਿਪਸ ਕੰਪਨੀ ’ਚੋਂ ਫਾਰਗ ਕੀਤੇ ਕਰਮਚਾਰੀਆਂ ਨੇ ਮੈਨੇਜਮੈਂਟ ਦੇ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਅਤੇ ਫੇਜ਼-11 ਥਾਣੇ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਕੰਪਨੀ ਪ੍ਰਬੰਧਕਾਂ ਨੂੰ ਕੰਪਨੀ ’ਚੋਂ ਸਮਾਨ ਚੁੱਕਣ ਤੋਂ ਰੋਕਿਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪ੍ਰਬੰਧਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਫਿਲਿਪਸ ਸੰਘਰਸ਼ ਕਮੇਟੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਕਿਹਾ ਕਿ 11 ਸਤੰਬਰ 2018 ਨੂੰ ਸਨਅਤੀ ਏਰੀਆ ਫੇਜ਼-9 ਵਿੱਚ ਫਿਲਿਪਸ ਕੰਪਨੀ ਪ੍ਰਬੰਧਕਾਂ ਵੱਲੋਂ ਅਚਾਨਕ ਬੰਦ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਨੌਕਰੀਆਂ ਤੋਂ ਜਵਾਬ ਦੇ ਦਿੱਤਾ ਗਿਆ ਸੀ। ਇਸ ਕਾਰਨ ਕੰਪਨੀ ਵਿੱਚ ਕੰਮ ਕਰਦੇ 750 ਵਰਕਰ ਬੇਰੁਜ਼ਗਾਰ ਹੋ ਕੇ ਸੜਕ ’ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਕੰਪਨੀ ’ਚੋਂ ਕੱਢੇ ਗਏ ਕਰਮਚਾਰੀਆਂ ਨੂੰ ਹੁਣ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਹੁਣ ਫਿਲਿਪਸ ਕੰਪਨੀ ਵੱਲੋਂ ਇਸ ਕੰਪਨੀ ’ਚੋਂ ਕਰੋੜਾਂ ਰੁਪਏ ਦਾ ਸਮਾਨ ਚੁੱਕ ਕੇ ਕਿਸੇ ਹੋਰ ਥਾਂ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਦਾ ਉਨ੍ਹਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਫਿਲਿਪਸ ਕੰਪਨੀ ਨੇ ਜ਼ਬਰਦਸਤੀ ਕੰਪਨੀ ’ਚੋਂ ਸਮਾਨ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕੰਪਨੀ ਦੀਆਂ ਗੱਡੀਆਂ ਅੱਗੇ ਲੰਮੇ ਪੈ ਕੇ ਆਪਣੀ ਜਾਨ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਉਨ੍ਹਾਂ ਦੇ ਕੇਸ ਦਾ ਪੱਕਾ ਹੱਲ ਨਹੀਂ ਹੁੰਦਾ ਉਦੋਂ ਤੱਕ ਕੰਪਨੀ ’ਚੋਂ ਸਮਾਨ ਨਾ ਚੁੱਕਣ ਦਿੱਤਾ ਜਾਵੇ।
ਪੀੜਤ ਕਰਮਚਾਰੀਆਂ ਨੇ ਦੱਸਿਆ ਕਿ ਫੇਜ਼-11 ਵਿੱਚ ਸ਼ਿਕਾਇਤ ਦੇਣ ਤੋਂ ਬਾਅਦ ਅੱਜ ਪੁਲੀਸ ਵੱਲੋਂ ਉਨ੍ਹਾਂ ਨੂੰ ਥਾਣੇ ਸੱਦਿਆ ਗਿਆ ਸੀ। ਪੁਲੀਸ ਨੇ ਉਨ੍ਹਾਂ ਨੂੰ ਚਾਰ ਦਿਨਾਂ ਅੰਦਰ ਕੰਪਨੀ ’ਚੋਂ ਸਮਾਨ ਨਾ ਚੁੱਕਣ ਲਈ ਸਟੇਅ ਆਰਡਰ ਲਿਆਉਣ ਲਈ ਆਖਿਆ ਹੈ ਅਤੇ ਚਾਰ ਦਿਨਾਂ ਬਾਅਦ ਉਨ੍ਹਾਂ ਨੂੰ ਦੁਬਾਰਾ ਥਾਣੇ ਸੱਦਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੰਪਨੀ ਪ੍ਰਬੰਧਕਾਂ ਨੂੰ ਫੈਕਟਰੀ ’ਚੋਂ ਸਮਾਨ ਚੁੱਕਣ ਤੋਂ ਰੋਕਿਆ ਜਾਵੇ ਅਤੇ ਉਨ੍ਹਾਂ ਦੇ ਕੇਸਾਂ ਦਾ ਨਿਪਟਾਰਾ ਹੋਣ ਤੱਕ ਫੈਕਟਰੀ ਨੂੰ ਸੀਲ ਕੀਤਾ ਜਾਵੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…