Share on Facebook Share on Twitter Share on Google+ Share on Pinterest Share on Linkedin ਲੋਕ ਸਭਾ ਚੋਣਾਂ: ਚੰਦੂਮਾਜਰਾ ਵੱਲੋਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੂੰ ਚੋਣ ਲੜਨ ਦੀ ਚੁਨੌਤੀ ਪਿਛਲੇ 5 ਸਾਲਾਂ ਵਿੱਚ ਮੋਦੀ ਸਰਕਾਰ ਨੇ ਰਿਕਾਰਡਤੋੜ ਵਿਕਾਸ ਕੀਤਾ, ਕੈਪਟਨ ਸਰਕਾਰ ਨੇ ਡੱਕਾ ਨਹੀਂ ਤੋੜਿਆ: ਚੰਦੂਮਾਜਰਾ ਚਰਨਜੀਤ ਚੰਨੀ ਨੇ ਚੰਦੂਮਾਜਰਾ ’ਤੇ ਲਾਇਆ ਸੀ ਹਲਕੇ ਨੂੰ ਅਣਗੌਲਿਆਂ ਕਰਨ ਦਾ ਦੋਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਝੂਠੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਸਲਾਹ ਦਿੱਤੀ ਹੈ। ਸ੍ਰੀ ਚੰਨੀ ਨੇ ਬੀਤੇ ਦਿਨੀਂ ਮੀਡੀਆ ਨੂੰ ਜਾਰੀ ਬਿਆਨ ਵਿੱਚ ਚੰਦੂਮਾਜਰਾ ’ਤੇ ਹਲਕੇ ਦੇ ਵਿਕਾਸ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਇਆ ਸੀ। ਅੱਜ ਸ੍ਰੀ ਚੰਦੂਮਾਜਰਾ ਨੇ ਤਕਨੀਕੀ ਸਿੱਖਿਆ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਸ੍ਰੀ ਚੰਨੀ ਲੋਕਾਂ ਨੂੰ ਇਹ ਦੱਸਣ ਦੀ ਖੇਚਲ ਕਰਨ ਕੈਪਟਨ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਚਮਕੌਰ ਸਾਹਿਬ ਸਮੇਤ ਸਮੁੱਚੇ ਹਲਕੇ ਦਾ ਕਿਹੜਾ ਵਿਕਾਸ ਕੀਤਾ ਹੈ? ਉਨ੍ਹਾਂ ਦੋਸ਼ ਲਾਇਆ ਕਿ ਚੰਨੀ ਨੇ ਰੁਜ਼ਗਾਰ ਮੇਲਿਆਂ ਦੇ ਨਾਂ ’ਤੇ ਦੋ ਸਾਲਾਂ ਵਿੱਚ ਨੌਜਵਾਨਾਂ ਨੂੰ ਗੁਮਰਾਹ ਕਰਨ ਤੋਂ ਸਿਵਾਏ ਕੁਝ ਨਹੀਂ ਕੀਤਾ। ਜਦੋਂਕਿ ਸਚਾਈ ਇਹ ਹੈ ਕਿ ਸੂਬਾ ਸਰਕਾਰ ਦੀ ਘਰ ਘਰ ਰੁਜ਼ਗਾਰ ਯੋਜਨਾ ਬੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਸ੍ਰੀ ਚੰਦੂਮਾਜਰਾ ਨੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਹ ਭੁਲੇਖਾ ਹੈ ਕਿ ਲੋਕਾਂ ਵਿੱਚ ਕਾਂਗਰਸ ਦਾ ਆਧਾਰ ਮਜਬੂਤ ਹੈ ਤਾਂ ਉਹ (ਚੰਨੀ) ਉਨ੍ਹਾਂ ਦੇ ਮੁਕਾਬਲੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਕਿਉਂ ਨਹੀਂ ਲੜ ਰਹੇ? ਉਨ੍ਹਾਂ ਸਵਾਲ ਕੀਤਾ ਕਿ ਕੈਬਨਿਟ ਮੰਤਰੀ ਹੁੰਦਿਆਂ ਸ੍ਰੀ ਚੰਨੀ ਕੋਲ ਕਰੋੜਾਂ ਰੁਪਏ ਦੀ ਗਰਾਂਟ ਦੇਣ ਦਾ ਅਖ਼ਤਿਆਰ ਹੈ ਲੇਕਿਨ ਫਿਰ ਵੀ ਉਨ੍ਹਾਂ ਨੇ ਆਪਣੇ ਹਲਕੇ ਦੇ ਵਿਕਾਸ ਲਈ ਕੋਈ ਕਦਮ ਕਿਉਂ ਨਹੀਂ ਚੁੱਕਿਆ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਵੱਲੋਂ ਚਲਾਕੀ ਨਾਲ ਨੌਜਾਵਾਨਾਂ ਨੂੰ ਨੌਕਰੀਆਂ ਦੇਣ ਦਾ ਝਾਂਸਾ ਦਿੱਤਾ ਜਾ ਰਿਹਾ ਹੈ ਅਤੇ ਛੋਟੀ ਛੋਟੀ ਪ੍ਰਾਈਵੇਟ ਕੰਪਨੀਆਂ ਨੂੰ ਰੁਜ਼ਗਾਰ ਮੇਲਿਆਂ ਵਿੱਚ ਸੱਦ ਕੇ ਜਿੱਥੇ ਨੌਜਵਾਨਾਂ ਨੂੰ ਖੱਜਲ ਖੁਆਰ ਕੀਤਾ ਗਿਆ ਹੈ, ਉੱਥੇ ਰੁਜ਼ਗਾਰ ਮੇਲਿਆਂ ਦੇ ਨਾਂ ’ਤੇ ਸਰਕਾਰੀ ਖਜਾਨੇ ਨੂੰ ਖੋਰਾ ਲਾਇਆ ਜਾ ਰਿਹਾ ਹੈ। ਸ੍ਰੀ ਚੰਦੂਮਾਜਰਾ ਨੇ ਤਕਨੀਕੀ ਸਿੱਖਿਆ ਮੰਤਰੀ ਨੂੰ ਜ਼ੋਰ ਦੇ ਕੇ ਆਖਿਆ ਕਿ ਕੈਪਟਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਜਨਤਕ ਕਰਨ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਕਿਸਾਨ ਖ਼ੁਦਕੁਸ਼ੀਆਂ ਵਿੱਚ ਵਾਧਾ ਹੋਇਆ ਹੈ ਅਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਯੋਗਤਾ ਮੁਤਾਬਕ ਨੌਕਰੀ ਦੇਣ ਦੀ ਥਾਂ ਪਹਿਲਾਂ ਤੋਂ ਨੌਕਰੀ ’ਤੇ ਲੱਗੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਘੱਟ ਉਜਰਤ ’ਤੇ ਨੌਕਰੀ ਕਰਨ ਲਈ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਭਰਤੀ ਕੀਤੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਕੈਪਟਨ ਸਰਕਾਰ ਨੇ ਤਿੰਨ ਗੁਣਾ ਘਟਾ ਦਿੱਤੀਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ