Nabaz-e-punjab.com

ਮੁਹਾਲੀ ਸਮੇਤ ਪੰਜਾਬ ਵਿੱਚ ਭਾਰੀ ਬਰਸਾਤ ਤੇ ਗੜੇਮਾਰੀ ਕਾਰਨ ਹੋਇਆ ਫਸਲਾਂ ਦਾ ਭਾਰੀ ਨੁਕਸਾਨ

ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਮੀਂਹ, ਹਨੇਰੀ ਤੇ ਗੜੇਮਾਰੀ ਦੀ ਚਿਤਾਵਨੀ, ਕਿਸਾਨਾਂ ਦੇ ਸਾਹ ਸੂਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਪੰਜਾਬ ਭਰ ਵਿੱਚ ਬੁੱਧਵਾਰ ਨੂੰ ਵੀ ਕਾਫ਼ੀ ਥਾਵਾਂ ’ਤੇ ਹੋਈ ਬਾਰਿਸ਼ ਅਤੇ ਤੇਜ਼ ਹਨ੍ਹੇਰੀ ਨੇ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਦੌਰਾਨ ਵੱਖ ਵੱਖ ਥਾਵਾਂ ’ਤੇ ਗੜੇਮਾਰੀ ਹੋਣ ਦੀ ਵੀ ਸੂਚਨਾ ਮਿਲੀ ਹੈ। ਮੁਹਾਲੀ ਵਿੱਚ ਵੀ ਅੱਜ ਬਰਸਾਤ ਹੋਈ ਅਤੇ ਗੜੇ ਪੈਣ ਬਾਰੇ ਜਾਣਕਾਰੀ ਮਿਲੀ ਹੈ। ਹਾਲਾਂਕਿ ਬਾਰਸ਼ ਕਾਰਨ ਤਾਪਮਾਨ ਵਿੱਚ ਕਾਫੀ ਗਿਰਾਵਟ ਦਰਜ ਹੋਈ ਹੈ ਪ੍ਰੰਤੂ ਹੁਣ ਜਦੋਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਚੁੱਕੀ ਤਾਂ ਇਸ ਦੌਰਾਨ ਮੌਸਮ ਦੀ ਬੇਰੁਖੀ ਦੇ ਚੱਲਦਿਆਂ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਜ਼ਿਲ੍ਹੇ ਦੀਆਂ ਕਈ ਮੰਡੀਆਂ ਵਿੱਚ ਕਣਕ ਦੀ ਫਸਲ ਗਿੱਲੀ ਹੋ ਗਈ ਹੈ ਅਤੇ ਖੇਤਾਂ ਵਿੱਚ ਖੜੀ ਫਸਲ ਨੂੰ ਵੀ ਨੁਕਸਾਨ ਪੁੱਜਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ ਅਤੇ ਗਿਆਨ ਸਿੰਘ ਧੜਾਕ ਨੇ ਕਿਹਾ ਕਿ ਬੀਤੇ ਦੋ ਤਿੰਨ ਦਿਨ ਤੋਂ ਮੁਹਾਲੀ ਸਮੇਤ ਪੰਜਾਬ ਵਿੱਚ ਕਈ ਥਾਵਾਂ ’ਤੇ ਗੜੇ, ਹਨੇਰੀ ਝੱਖੜ ਅਤੇ ਮੀਂਹ ਪੈਣ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਐਸਡੀਐਮਜ਼ ਦੀ ਨਿਗਰਾਨੀ ਹੇਠ ਨੁਕਸਾਨੀਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਅਗਾਂਹਵਧੂ ਕਿਸਾਨ ਜੋਰਾ ਸਿੰਘ ਭੁੱਲਰ ਅਤੇ ਗੁਰਦੇਵ ਸਿੰਘ ਭੁੱਲਰ, ਨਛੱਤਰ ਸਿੰਘ ਬੈਦਵਾਨ ਨੇ ਕਿਹਾ ਕਿ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਫਸਲ ਦਾ ਕੱਟਣ ਤਾ ਕੰਮ ਪੂਰੇ ਜੋਬਨ ਸੀ ਲੇਕਿਨ ਹੁਣ ਕਣਕ ਦੀ ਵਾਢੀ ਦਾ ਕੰਮ ਪਛੜ ਜਾਵੇਗਾ ਅਤੇ ਕਣਕ ਦਾ ਝਾੜ ਘੱਟਣ ਦੇ ਨਾਲ ਨਾਲ ਫਸਲ ਦਾ ਸਹੀ ਮੁੱਲ ਨਾ ਮਿਲਣ ਦਾ ਖ਼ਦਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਵਿਵਸਥਾ ਕੀਤੀ ਜਾਵੇ ਅਤੇ ਮੰਡੀਆਂ ਵਿੱਚ ਪੁੱਜੀ ਫਸਲ ਨੂੰ ਮੀਂਹ ਤੋਂ ਬਚਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਅਤੇ ਕਣਕ ਦੀ ਫਸਲ ਨੂੰ ਤੁਰੰਤ ਖਰੀਦਿਆਂ ਜਾਵੇ ਅਤੇ ਲਿਫਟਿੰਗ ਦਾ ਕੰਮ ਵੀ ਨਾਲੋ ਨਾਲ ਕੀਤਾ ਜਾਵੇ।
ਉਧਰ, ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਤੇਜ ਬਰਸਾਤ, ਹਨੇਰੀ ਅਤੇ ਗੜੇਮਾਰੀ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਚੰਡੀਗੜ੍ਹ ਮੌਸਮ ਦਫ਼ਤਰ ਦੇ ਅਧਿਕਾਰੀ ਅਨੁਸਾਰ ਮੁਹਾਲੀ ਸਮੇਤ ਮਾਨਸਾ, ਬਠਿੰਡਾ, ਮੁਕਤਸਰ, ਬਰਨਾਲਾ, ਮੋਗਾ, ਸੰਗਰੂਰ, ਪਟਿਆਲਾ, ਫਹਤਿਗੜ੍ਹ ਸਾਹਿਬ, ਰੂਪਨਗਰ, ਨਵਾਂ ਸ਼ਹਿਰ, ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਫਰੀਦਕੋਟ, ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਤੇਜ ਹਨੇਰੀ, ਮੀਂਹ ਅਤੇ ਗੜ੍ਹਮਾਰੀ ਹੋ ਸਕਦੀ ਹੈ। ਇਸ ਦੌਰਾਨ ਅੱਜ ਰਾਜ ਦੇ ਕੁੱਝ ਹਿੱਸਿਆਂ ਵਿੱਚ ਹੋਈ ਗੜੇਮਾਰੀ, ਬਾਰਿਸ਼ ਅਤੇ ਹਨੇਰੀ ਨਾਲ ਅਨਾਜ ਮੰਡੀਆਂ ਵਿੱਚ ਪੁੱਜੀ ਕਣਕ ਅਤੇ ਖੇਤਾਂ ਵਿੱਚ ਖੜੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਮੌਸਮ ਦੀ ਮਾਰ ਕਾਰਨ ਕਿਸਾਨ ਬੇਹੱਦ ਚਿੰਤਾ ਵਿੱਚ ਹਨ ਅਤੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…