Nabaz-e-punjab.com

ਬਲੌਂਗੀ ਪੁਲੀਸ ਵੱਲੋਂ ਵਾਹਨ ਚੋਰ ਗਰੋਹ ਦਾ ਪਰਦਾਫਾਸ਼, ਪੰਜ ਮੁਲਜ਼ਮ ਗ੍ਰਿਫ਼ਤਾਰ, 11 ਵਾਹਨ ਬਰਾਮਦ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਬਲੌਂਗੀ ਪੁਲੀਸ ਨੇ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 11 ਵਾਹਨ (7 ਮੋਟਰ ਸਾਈਕਲ, 3 ਐਕਟਿਵਾ ਅਤੇ ਇਕ ਮਾਰੂਤੀ ਕਾਰ) ਵੀ ਬਰਾਮਦ ਕੀਤੇ ਗਏ ਹਨ। ਇਸ ਗੱਲ ਦਾ ਖੁਲਾਸਾ ਥਾਣਾ ਬਲੌਂਗੀ ਵਿੱਚ ਖਰੜ ਦੇ ਡੀਐਸਪੀ ਦੀਪ ਕਮਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਡੀਐਸਪੀ ਨੇ ਦੱਸਿਆ ਕਿ ਥਾਣਾ ਬਲੌਂਗੀ ਦੇ ਐਸਐਚਓ ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਏਐਸਆਈ ਦਿਲਬਾਗ ਸਿੰਘ ਵੱਲੋਂ ਪਿੰਡ ਬਹਿਲੋਲਪੁਰ ਨੇੜੇ ਸ਼ੀਤਲਾ ਮਾਤਾ ਮੰਦਰ ਨਜ਼ਦੀਕ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਕੁਝ ਸ਼ੱਕੀ ਵਿਅਕਤੀ ਚੋਰੀ ਦੇ ਵਾਹਨਾਂ ਨੂੰ ਵੇਚਣ ਦੀ ਤਾਕ ਵਿੱਚ ਇਲਾਕੇ ਵਿੱਚ ਘੁੰਮ ਰਹੇ ਹਨ। ਇਸ ਉਪਰੰਤ ਏਐਸਆਈ ਦਿਲਬਾਗ ਸਿੰਘ ਨੇ ਪਿੰਡ ਰਾਏਪੁਰ ਟੀ ਪੁਆਇੰਟ ’ਤੇ ਨਾਕਾਬੰਦੀ ਕਰ ਕੇ ਸਲਮਾਨ ਖਾਨ ਅਤੇ ਨਿਤੇਸ਼ ਕੁਮਾਰ ਵਾਸੀ ਕੱਚੀਆਂ ਝੁੱਗੀਆਂ ਸੋਹਾਣਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਦੇ ਦੋ ਮੋਟਰ ਸਾਈਕਲ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲੀਸ ਵੱਲੋਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੇ ਹੋਰ ਸਾਥੀਆਂ ਗਜਰਾਜ ਉਰਫ਼ ਗੱਜਾ ਅਤੇ ਰਾਜੂ ਉਰਫ਼ ਵਿਕਰਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਚੋਰੀ ਦੇ ਕਈ ਹੋਰ ਵਾਹਨ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਬਲੌਂਗੀ ਵਿੱਚ ਆਈਪੀਸੀ ਦੀ ਧਾਰਾ 379 ਅਤੇ 411 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਡੀਐਸਪੀ ਦੀਪ ਕਮਲ ਨੇ ਦੱਸਿਆ ਕਿ ਮੁਲਜ਼ਮ ਗਜਰਾਜ ਖ਼ਿਲਾਫ਼ ਪਹਿਲਾਂ ਵੀ ਸੋਹਾਣਾ ਥਾਣੇ ਵਿੱਚ ਲੜਾਈ ਝਗੜਾ ਅਤੇ ਚੋਰੀ ਦੇ ਕੇਸ ਦਰਜ ਹਨ ਜਦੋਂਕਿ ਮੁਲਜ਼ਮ ਰਾਜੂ ਉਰਫ਼ ਵਿਕਰਮ ਖ਼ਿਲਾਫ਼ ਪਾਣੀਪਤ (ਹਰਿਆਣਾ) ਵਿੱਚ ਕਤਲ ਦਾ ਕੇਸ ਦਰਜ ਹੈ। ਜਿਸ ਵਿੱਚ ਉਹ ਜ਼ਮਾਨਤ ’ਤੇ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਤੋਂ ਪੁੱਛ-ਪੜਤਾਲ ਮਗਰੋਂ ਉਨ੍ਹਾਂ ਦੇ ਪੰਜਵੇਂ ਸਾਥੀ ਵਿਜੇ ਕੁਮਾਰ ਵਾਸੀ ਕੁਰਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਚੋਰੀ ਦੀਆਂ ਵਾਰਦਾਤਾਂ ਬਾਰੇ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …