Nabaz-e-punjab.com

ਪਿੰਡ ਮੜੌਲੀ ਖ਼ੁਰਦ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

ਮੁਲਜ਼ਮ ਧਿਰ ’ਤੇ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਪੀੜਤ ਧਿਰ ਵਿਰੁੱਧ ਝੂਠੀਆਂ ਸ਼ਿਕਾਇਤਾਂ ਦੇ ਕੇ ਕਾਰਵਾਈ ਨੂੰ ਪ੍ਰਭਾਵਿਤ ਕਰਨ ਦਾ ਦੋਸ਼

ਇੱਕ ਮੁਲਜ਼ਮ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇ: ਪੀੜਤ ਦਿਲਬਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਪਿੰਡ ਮੜੌਲੀ ਖੁਰਦ ਵਿੱਚ ਪਿਛਲੇ ਸਾਲ 26 ਅਕਤੂਬਰ ਨੂੰ ਦਿਲਬਰ ਸਿੰਘ ਉੱਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਪੁਲੀਸ ਹਮਲਵਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫਲ ਰਹੀ ਹੈ। ਇਸ ਹਾਦਸੇ ਵਿੱਚ ਪੀੜਤ ਦੇ ਸੱਜੇ ਹੱਥ ਦੀ ਉੱਗਲੀ ਅਤੇ ਅੰਗੂਠਾ ਕੱਟਿਆ ਗਿਆ ਸੀ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੀੜਤ ਦਿਲਬਰ ਸਿੰਘ ਅਤੇ ਉਸ ਦੀ ਪਤਨੀ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਸਬੰਧੀ 28 ਅਕਤੂਬਰ 2018 ਨੂੰ ਕਈ ਵਿਅਕਤੀਆਂ ਦੇ ਖ਼ਿਲਾਫ਼ 323, 324, 326, 148 ਤੇ 149 ਤਹਿਤ ਮੋਰਿੰਡਾ ਸਿਟੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ, ਪ੍ਰੰਤੂ ਬਾਅਦ ਵਿੱਚ ਹਮਲਾਵਰਾਂ ਨੇ ਸਾਜ਼ਿਸ਼ ਰਚ ਉਨ੍ਹਾਂ ਵਿਰੁੱਧ ਝੂਠੀ ਸ਼ਿਕਾਇਤ ਦੇ ਦਿੱਤੀ, ਪ੍ਰੰਤੂ ਦੋ ਵਾਰੀ ਹੋਈ ਮੁੱਢਲੀ ਜਾਂਚ ਤੋਂ ਬਾਅਦ ਹਮਲਵਰਾਂ ਦੀ ਸ਼ਿਕਾਇਤ ਝੂਠੀ ਪਾਈ ਗਈ। ਹਾਲਾਂਕਿ ਪੰਜ ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੂਪਨਗਰ ਅਦਾਲਤ ਨੇ ਰੱਦ ਕਰ ਦਿੱਤੀ ਸੀ ਪ੍ਰੰਤੂ ਫਿਰ ਵੀ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਕੇਸ ’ਚੋਂ ਬਾਹਰ ਕੱਢ ਦਿੱਤਾ।
ਉਨ੍ਹਾਂ ਦੱਸਿਆ ਕਿ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਇੱਕ ਹਮਲਾਵਰ ਨੇ ਆਪਣੀ ਪਤਨੀ ਰਾਹੀਂ ਪੀੜਤ ਧਿਰ ਵਿਰੁੱਧ 17 ਦਸੰਬਰ ਨੂੰ ਇੱਕ ਹੋਰ ਝੂਠੀ ਦਰਖ਼ਾਸਤ ਦਿੱਤੀ ਗਈ, ਜਾਂਚ ਵਿੱਚ ਇਹ ਸ਼ਿਕਾਇਤ ਵੀ ਝੂਠੀ ਪਾਈ ਗਈ। ਜਿਸ ਸਬੰਧੀ ਐਸਐਸਪੀ ਰੂਪਨਗਰ ਤੋਂ ਉਕਤ ਅੌਰਤ ਵਿਰੁੱਧ ਧਾਰਾ 182 ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਲੇਕਿਨ ਪੁਲੀਸ ਵੱਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਝੂਠੀ ਸ਼ਿਕਾਇਤ ਦੇਣ ਵਾਲੀ ਅੌਰਤ ਕੁਲਵੰਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਿਸ ਦਾ ਪੀਜੀਆਈ ’ਚੋਂ ਇਲਾਜ ਚਲਦਾ ਸੀ, ਪ੍ਰੰਤੂ ਪੁਲੀਸ ਨੇ ਹਮਲਾਵਰਾਂ ਨੂੰ ਫੜਨ ਦੀ ਬਜਾਏ ਉਕਤ ਅੌਰਤ ਦੀ ਹੋਈ ਕੁਦਰਤੀ ਮੌਤ ਦੇ ਸਬੰਧ ਵਿੱਚ ਪੀੜਤ ਧਿਰ ਦੇ ਖ਼ਿਲਾਫ਼ ਹੀ ਇੱਕ ਹੋਰ ਝੂਠਾ ਕੇਸ ਦਰਜ ਕਰ ਦਿੱਤਾ। ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰਨ ਦੀ ਗੱਲ ਆਖੀ ਗਈ ਹੈ। ਇਹ ਅਣਪਛਾਤੇ ਵਿਅਕਤੀ ਕੋਈ ਹੋਰ ਨਹੀਂ ਸਗੋਂ ਥਾਣਾ ਮੁਖੀ ਸਮੇਤ ਹੋਰ ਪੁਲੀਸ ਕਰਮਚਾਰੀ ਹਨ।
ਦਿਲਬਰ ਸਿੰਘ ਨੇ ਦੱਸਿਆ ਕਿ ਪੁਲੀਸ ਐਫ਼ਆਰਆਈ ਮੁਤਾਬਕ ਉਕਤ ਅੌਰਤ ਦੀ ਮੌਤ ਕਰੀਬ ਡੇਢ ਵਜੇ ਹੋਈ ਹੈ। ਜਦੋਂਕਿ ਉਸ ਸਮੇਂ ਉਹ ਆਪਣੇ ਘਰ ਵਿੱਚ ਮੌਜੂਦ ਸੀ। ਇਸ ਸਬੰਧੀ ਉਨ੍ਹਾਂ ਨੇ ਸਬੂਤ ਵਜੋਂ ਸੀਸੀਟੀਵੀ ਕੈਮਰੇ ਦੀਆਂ ਫੋਟੇਜ ਅਤੇ ਵੀਡੀਓ ਕਲੀਪਿੰਗ ਵੀ ਪੱਤਰਕਾਰਾਂ ਨੂੰ ਦਿਖਾਈ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਉਨ੍ਹਾਂ ਖ਼ਿਲਾਫ਼ ਦਰਜ ਧਾਰਾ 326 ਦੇ ਕੇਸ ਵਿੱਚ ਆਪਸੀ ਸਮਝੌਤਾ ਕਰਵਾਉਣ ਲਈ ਦਬਾਅ ਪਾ ਰਹੇ ਹਨ। ਉਨ੍ਹਾਂ ਆਪਣੇ ਪਰਿਵਾਰ ਦੀ ਜਾਨ ਨੂੰ ਖ਼ਤਾ ਦੱਸਦਿਆਂ ਕਿਹਾ ਕਿ ਇਕ ਹਮਲਾਵਰ ਸ਼ਰ੍ਹੇਆਮ ਪਿਸਤੌਲ ਲੈ ਕੇ ਘੁੰਮ ਰਿਹਾ ਹੈ ਅਤੇ ਉਸ ਨੇ ਸੋਸ਼ਲ ਮੀਡੀਆ ’ਤੇ ਵੀ ਪਿਸਤੌਲ ਸਮੇਤ ਆਪਣੀ ਫੋਟੋ ਵਾਇਰਲ ਕੀਤੀ ਹੈ। ਉਨ੍ਹਾਂ ਡੀਜੀਪੀ ਤੋਂ ਮੰਗ ਕੀਤੀ ਕਿ ਇਹ ਪਤਾ ਲਗਾਇਆ ਜਾਵੇ ਕਿ ਉਕਤ ਹਮਲਾਵਰ ਵੱਲੋਂ ਆਪਣੇ ਹੱਥ ਵਿੱਚ ਫੜੀ ਪਿਸਤੌਲ ਲਾਇਸੈਂਸੀ ਹੈ ਜਾਂ ਇਹ ਨਾਜਾਇਜ਼ ਅਸਲਾ ਹੈ।
ਪੀੜਤ ਪਰਿਵਾਰ ਨੇ ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਪੰਜਾਬ ਅਤੇ ਮੁੱਖ ਮੰਤਰੀ, ਡੀਜੀਪੀ, ਡੀਸੀ ਰੂਪਨਗਰ ਅਤੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਅੌਰਤ ਦੀ ਕੁਦਰਤੀ ਮੌਤ ਸਬੰਧੀ ਪੀੜਤ ਦਿਲਬਰ ਦੇ ਖ਼ਿਲਾਫ਼ ਦਰਜ ਕੀਤਾ ਝੂਠਾ ਕੇਸ ਰੱਦ ਕੀਤਾ ਜਾਵੇ, ਅਤੇ ਸਾਰੇ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਕਿਉਂਕਿ ਪੁਲੀਸ ਦੀ ਢਿੱਲ ਮੱਠ ਕਾਰਨ ਉਨ੍ਹਾਂ ਪਰਿਵਾਰ ਦੀ ਜਾਨ ਲਈ ਖਤਰਾ ਸਾਬਤ ਹੋ ਸਕਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੁਲਵੰਤ ਕੌਰ ਦੀ ਦਿਲ ਦਾ ਦੌਰਾ ਪੈਣ ਹੋਈ ਕੁਦਰਤੀ ਮੌਤ ਦੇ ਮਾਮਲੇ ਦੀ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …