Nabaz-e-punjab.com

ਸੈਮ ਪਿਤਰੋਦਾ ਨੇ ਸਿੱਖ ਕਤਲੇਆਮ ਬਾਰੇ ਗਲਤ ਬਿਆਨੀ ਕਰਕੇ ਦੰਗਾ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ: ਬੀਰਦਵਿੰਦਰ

ਵਿਵਾਦਾਂ ’ਚ ਘਿਰੇ ਸੈਮ ਪਿਤਰੋਦਾ ਨੂੰ ਤੁਰੰਤ ਕਾਂਗਰਸ ’ਚੋਂ ਬਰਖ਼ਾਸਤ ਕੀਤਾ ਜਾਵੇ:

ਬੀਰਦਵਿੰਦਰ ਵੱਲੋਂ ਚੁਣ ਕਮਿਸ਼ਨ ’ਤੇ ਸ਼ਰ੍ਹੇਆਮ ਪੱਖਪਾਤ ਕਰਨ ਦਾ ਦੋਸ਼, ਬਿਨਾਂ ਸ਼ਿਕਾਇਤ ਤੋਂ ਪੋਸਟਰ ਫਾੜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਿਆਸੀ ਗੁਰੂ ਸੈਮ ਪਿਤਰੋਦਾ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਬਾਰੇ ਗਲਤ ਬਿਆਨੀ ਕਰ ਕੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਸੈਮ ਪਿਤਰੋਦਾ ਨੇ ਉਕਤ ਘਟਨਾ ਬਾਰੇ ਆਪਣੀ ਟਿੱਪਣੀ ਵਿੱਚ ਹੂਆ ਤੋਂ ਹੂਆ ਕਹਿ ਕੇ ਚੋਣਾਂ ਦੇ ਐਨ ਮੌਕੇ ਨਵਾਂ ਬਖੇੜਾ ਖੜਾ ਕਰ ਦਿੱਤਾ ਹੈ।
ਅੱਜ ਇੱਥੇ ਹੋਟਲ ਦਾਅਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਅਜਿਹਾ ਕਿਉਂ ਹੋਇਆ। ਪਿਛਲੇ 35 ਸਾਲਾਂ ਤੋਂ ਪੀੜਤ ਪਰਿਵਾਰ ਇਨਸਾਫ਼ ਅਤੇ ਬੁਨਿਆਦੀ ਸਹੂਲਤਾਂ ਲਈ ਦਰ ਦਰ ਭਟਕ ਰਹੇ ਹਨ ਪ੍ਰੰਤੂ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨ ਮੁਤਾਬਕ ਸਜ਼ਾਵਾਂ ਨਹੀਂ ਦਿੱਤੀਆਂ। ਕਾਂਗਰਸ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਪ੍ਰੰਤੂ ਭਾਜਪਾ ਸਰਕਾਰਾਂ ਨੇ ਵੀ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਵੱਡੀ ਗਿਣਤੀ ਵਿੱਚ ਦੰਗ ਪੀੜਤ ਪਰਿਵਾਰ ਰਹਿੰਦੇ ਹਨ। ਜਿਨ੍ਹਾਂ ਨੂੰ ਕਾਫੀ ਪਰਿਵਾਰਾਂ ਦੇ ਹੁਣ ਤੱਕ ਲਾਲ ਕਾਰਡ ਹੀ ਨਹੀਂ ਬਣਾਏ ਗਏ ਅਤੇ ਗਮਾਡਾ ਵੱਲੋਂ ਥੋੜੇ ਸਮੇਂ ਬਾਅਦ ਮਕਾਨ ਖਾਲੀ ਕਰਨ ਲੲ ਕਹਿ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਲੋਕਾਂ ਤੋਂ ਵੋਟਾਂ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ।
ਸ੍ਰੀ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਕੇ ਅਗਨ ਭੇਟ ਕਰਨਾ, ਪੱਤਰੇ ਫਾੜੇ ਜਾਣਾ ਇਹ ਸਭ ਸੋਚੀ ਸਮਝੀ ਡੂੰਘੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨਾਲ ਮਿਲੇ ਹੋਏ ਹਨ। ਚੋਣ ਕਮਿਸ਼ਨ ਨੇ ਭਾਜਪਾ ਦੇ ਦਬਾਅ ਹੇਠ ਭਾਵੇਂ ਸਿੱਟ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ ਕਰ ਦਿੱਤਾ ਹੈ ਪ੍ਰੰਤੂ ਸਰਕਾਰ ਨੇ ਜਾਂਚ ਨੂੰ ਅੱਗੇ ਤੋਰਨ ਲਈ ਕੋਈ ਕਦਮ ਨਹੀਂ ਚੁੱਕਿਆ ਅਤੇ ਇਸ ਮਾਮਲੇ ਨੂੰ ਵੱਟੇ ਖਾਤੇ ਪਾ ਕੇ ਚੋਣਾਂ ਵਿੱਚ ਮਸ਼ਰੂਫ਼ ਹਨ।
ਇਸ ਮੌਕੇ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ, ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ, ਗੁਰਸੇਵ ਸਿੰਘ ਹਰਪਾਲਪੁਰ, ਜਬਰਜੰਗ ਸਿੰਘ ਸਿੱਧੂ, ਪਰਮਜੀਤ ਸਿੰਘ ਸਰਾਓ, ਮੇਜਰ ਸਿੰਘ ਸੰਗਤਪੁਰਾ, ਕੰਵਰਪ੍ਰੀਤ ਸਿੰਘ ਹਨੀ, ਜਗਤਾਰ ਸਿੰਘ ਘੜੂੰਆਂ, ਮਨਦੀਪ ਸਿੰਘ ਖਿਜਰਾਬਾਦ, ਐਡਵੋਕੇਟ ਅਨੰਤਬੀਰ ਸਿੰਘ ਸਰਾਓ, ਜਗਜੀਤ ਸਿੰਘ, ਜੀਪੀਐੱਸ ਗਿੱਲ, ਹਰਭਜਨ ਸਿੰਘ, ਗਗਨਪ੍ਰੀਤ ਸਿੰਘ ਬੈਂਸ, ਹਰਪਾਲ ਸਿੰਘ ਪਾਲੀ, ਹਰਦੀਪ ਸਿੰਘ, ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।
(ਬਾਕਸ ਆਈਟਮ)
ਬੀਰਦਵਿੰਦਰ ਸਿੰਘ ਨੇ ਚੋਣ ਕਮਿਸ਼ਨ ’ਤੇ ਸ਼ਰ੍ਹੇਆਮ ਪੱਖਪਾਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਨਿਭਾ ਰਹੇ ਸਥਾਨਕ ਅਫ਼ਸਰ ਹੁਕਮਰਾਨ ਕਾਂਗਰਸ ਪ੍ਰਤੀ ਕਾਫੀ ਨਰਮ ਹਨ ਜਦੋਂਕਿ ਉਨ੍ਹਾਂ ਖ਼ਿਲਾਫ਼ ਬੇਲੋੜੀ ਸਖ਼ਤੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਆਮ ਵਿਅਕਤੀ ਦਾ ਚੋਣ ਲੜਨਾ ਮੁਸ਼ਕਲ ਹੋ ਗਿਆ ਹੈ। ਅਧਿਕਾਰੀ ਬੇਲੋੜੀਆਂ ਸ਼ਰਤਾਂ ਲਗਾ ਕੇ ਉਨ੍ਹਾਂ ਦੇ ਜ਼ਰੂਰੀ ਕੰਮ ਲਮਕਾ ਰਹੇ ਹਨ। ਚੋਣ ਪ੍ਰਚਾਰ ਲਈ ਇਕ ਆਟੋ ਰਿਕਸ਼ੇ ਦੀ ਮਨਜ਼ੂਰੀ ਲੈਣ ਲਈ ਵੀ ਦੋ ਦੋ ਦਿਨ ਲੱਗ ਜਾਂਦੇ ਹਨ। ਜਦੋਂਕਿ ਕਾਂਗਰਸੀ ਆਗੂ ਬਿਨਾਂ ਅਗਾਊਂ ਮਨਜ਼ੂਰੀਆਂ ਤੋਂ ਧੜੱਲੇ ਨਾਲ ਚੋਣ ਪ੍ਰਚਾਰ ਵਿੱਚ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦਾ ਰਵੱਈਆ ਅਜਿਹਾ ਹੈ ਕਿ ਜਿਵੇਂ ਉਹ ਕਿਸੇ ਨੂੰ ਚੋਣ ਹੀ ਨਾ ਲੜਣ ਦੇਣਾ ਚਾਹੁੰਦੇ ਹੋਣ। ਉਨ੍ਹਾਂ ਕਿਹਾ ਕਿ ਪਿੰਡ ਬੱਲੋਮਾਜਰਾ ਵਿੱਚ ਇੱਕ ਕਿਸਾਨ ਨੇ ਖ਼ੁਦ ਆਪਣੀ ਜ਼ਮੀਨ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਸਬੰਧੀ ਫਲੈਕਸ ਬੋਰਡ ਲਗਾਏ ਗਏ ਸੀ ਪ੍ਰੰਤੂ ਬਿਨਾਂ ਕਿਸੇ ਸ਼ਿਕਾਇਤ ਤੋਂ ਚੋਣ ਅਮਲੇ ਨੇ ਉਨ੍ਹਾਂ ਦੇ ਸਾਰੇ ਪੋਸਟਰ ਫਾੜ ਦਿੱਤੇ ਗਏ ਹਨ। ਇਸੇ ਤਰ੍ਹਾਂ ਕਈ ਹੋਰਨਾਂ ਥਾਵਾਂ ਉੱਤੇ ਵੀ ਉਨ੍ਹਾਂ ਦੇ ਪੋਸਟਰ ਉਤਾਰੇ ਜਾ ਚੁੱਕੇ ਹਨ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…