Share on Facebook Share on Twitter Share on Google+ Share on Pinterest Share on Linkedin ਰਾਜ ਭਵਨ ਦਾ ਘਿਰਾਓ ਕਰਨ ਜਾ ਰਹੇ ਪੰਜਾਬ ਦੇ ਕਿਸਾਨਾਂ ’ਤੇ ਲਾਠੀਚਾਰਜ, ਦੋ ਦਰਜਨ ਕਿਸਾਨ ਜ਼ਖ਼ਮੀ, ਪੱਗਾਂ ਲੱਥੀਆਂ ਕਿਸਾਨਾਂ ਨੂੰ ਮਨਜ਼ੂਰ ਨਹੀਂ ਕਰ ਮੁਕਤ ਵਪਾਰ ਸਮਝੌਤੇ, ਨਿੱਜੀ ਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਐਕਟ ਰੱਦ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਮੰਗਲਵਾਰ ਨੂੰ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਰਾਜ ਭਵਨ ਦਾ ਘਿਰਾਓ ਕਰਨ ਜਾ ਰਹੇ ਪੰਜਾਬ ਦੇ ਕਿਸਾਨਾਂ ’ਤੇ ਯੂਟੀ ਪੁਲੀਸ ਨੇ ਹਲਕਾ ਫੁਲਕਾ ਲਾਠੀਚਾਰਜ ਕੀਤਾ ਗਿਆ, ਪਾਣੀ ਦੀਆਂ ਬੌਛਾੜਾ ਮਾਰੀਆਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਜਿਸ ਕਾਰਨ ਕਰੀਬ ਦੋ ਦਰਜਨ ਕਿਸਾਨ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਏ ਅਤੇ ਵੱਡੀ ਗਿਣਤੀ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ। ਜਿਸ ਕਾਰਨ ਨੱਥੋ ਨੱਕ ਰੋਹ ਨਾਲ ਭਰੇ ਕਿਸਾਨ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਧਰਨਾ ਲਗਾ ਕੇ ਬੈਠ ਗਏ ਅਤੇ ਯੂਟੀ ਪੁਲੀਸ ਅਤੇ ਪੰਜਾਬ ਤੇ ਦੇਸ਼ ਦੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਜਾਣਕਾਰੀ ਅਨੁਸਾਰ ਪੰਜਾਬ ਭਰ ’ਚੋਂ ਕਿਸਾਨਾਂ ਦੇ ਜਥੇ ਅੱਜ ਸਵੇਰੇ 10 ਵਜੇ ਹੀ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਪਹੁੰਚਣੇ ਸ਼ੁਰੂ ਹੋ ਗਏ ਅਤੇ ਅੱਤ ਦੀ ਗਰਮੀ ਦੇ ਬਾਵਜੂਦ ਦੁਪਹਿਰ 12 ਵਜੇ ਕਿਸਾਨਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਸਾਨੀ ਮੁੱਦਿਆਂ ’ਤੇ ਚਰਚਾ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਦਾ ਅੰਨਦਾਤਾ ਅੱਜ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਕਰ ਮੁਕਤ ਵਪਾਰ ਸਮਝੌਤੇ ’ਚੋਂ ਭਾਰਤ ਸਰਕਾਰ ਦੇ ਬਾਹਰ ਆਉਣ ਅਤੇ ਨਿੱਜੀ ਅਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਐਕਟ 2017 ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਮਗਰੋਂ ਕਿਸਾਨਾਂ ਨੇ ਮੁਹਾਲੀ ਦੀਆਂ ਸੜਕਾਂ ’ਤੇ ਵਿਸ਼ਾਲ ਰੋਸ ਮਾਰਚ ਕਰਦਿਆਂ ਰਾਜ ਭਵਨ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ ਲੇਕਿਨ ਵਾਈਪੀਐਸ ਚੌਕ ਨੇੜੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਪੁਲੀਸ ਨੇ ਕਿਸਾਨਾਂ ਦਾ ਰਾਹ ਡੱਕ ਲਿਆ ਅਤੇ ਉਨ੍ਹਾਂ ਨੂੰ ਅੱਗੇ ਵਧਣ ਨਹੀਂ ਦਿੱਤਾ। ਜਿਵੇਂ ਹੀ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਯੂਟੀ ਪੁਲੀਸ ਨੇ ਮੁਜ਼ਾਹਰਾਕਾਰੀ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਅਤੇ ਪਾਣੀਆਂ ਦੀਆਂ ਬੌਛਾੜਾਂ ਮਾਰੀਆਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਪੁਲੀਸ ਦੀ ਇਸ ਕਾਰਵਾਈ ਨਾਲ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਵਿੰਦਰ ਸਿੰਘ ਚੋਟਾਲਾ, ਗੁਰਬਚਨ ਸਿੰਘ ਚੱਬਾ, ਸੁਖਦੇਵ ਸਿੰਘ ਲਾਖਨ, ਬਖਸ਼ੀਸ਼ ਸਿੰਘ ਸੁਲਤਾਨੀ ਸਮੇਤ ਕਰੀਬ ਦੋ ਦਰਜਨ ਕਿਸਾਨ ਜ਼ਖ਼ਮੀ ਹੋ ਗਏ ਅਤੇ ਕਾਫੀ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ। ਧਰਨੇ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਵੀ ਮਾਮੂਲੀ ਚੋਟਾਂ ਆਈਆਂ ਹਨ। ਮੁਹਾਲੀ ਪੁਲੀਸ ਨੇ ਆਪਣੇ ਵਾਹਨਾਂ ਅਤੇ ਐਂਬੂਲੈਂਸਾਂ ਦਾ ਪ੍ਰਬੰਧ ਕਰਕੇ ਜ਼ਖ਼ਮੀ ਕਿਸਾਨਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਕਈ ਕਿਸਾਨਾਂ ’ਤੇ ਮੂੰਹ ਅਤੇ ਅੱਖਾਂ ’ਤੇ ਗਹਿਰੇ ਜ਼ਖ਼ਮ ਸਨ ਅਤੇ ਕਈ ਜਣਿਆਂ ਦੇ ਲੱਤਾਂ ਅਤੇ ਕੂਣੀਆਂ ’ਤੇ ਸੱਟਾਂ ਲੱਗੀਆਂ ਹਨ। ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਨੇ ਕਿਹਾ ਕਿ ਦੇਸ਼ ਭਰ ਵਿੱਚ ਆਰਥਿਕਤਾ ਦਾ ਧੁਰਾ ਖੇਤੀਬਾੜੀ ਘਾਟੇ ਦਾ ਵਣਜ ਬਣ ਕੇ ਰਹਿ ਗਿਆ ਹੈ ਅਤੇ 2015 ਤੱਕ ਤਿੰਨ ਲੱਖ 18 ਹਜ਼ਾਰ 528 ਕਿਸਾਨ ਤੇ ਖੇਤ ਮਜਦੂਰ ਖ਼ੁਦਕੁਸ਼ੀ ਕਰ ਚੁੱਕੇ ਹਨ ਅਤੇ ਹੁਣ ਇਹ ਅੰਕੜਾ ਚਾਰ ਲੱਖ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਦਿਨ ਪ੍ਰਤੀ ਦਿਨ ਤਬਾਹ ਹੋ ਰਹੇ ਖੇਤੀ ਧੰਦੇ ਨੂੰ ਬਚਾਉਣ ਲਈ ਕੌਮੀ ਕਿਸਾਨ ਪੱਖੀ ਠੋਸ ਨੀਤੀ ਬਣਾਉਣ ਦੀ ਥਾਂ ਕੇਂਦਰ ਸਰਕਾਰ ਵੱਲੋਂ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਅਮਰੀਕੀ ਸਾਮਰਾਜ ਦਾ ਦਾਬਾ ਮੰਨਦੇ ਹੋਏ 16 ਦੇਸ਼ਾਂ ਨਾਲ ਪ੍ਰਸ਼ਾਤ ਏਸ਼ੀਆ ਕਰ ਮੁਕਤ ਵਪਾਰ ਸਮਝੌਤਾ ਉੱਤੇ ਦਸਖ਼ਤ ਕਰ ਦਿੱਤੇ ਹਨ। ਜਿਸ ਕਾਰਨ ਅਮਰੀਕਾ, ਰੂਸ, ਚੀਨ, ਆਸਟਰੇਲੀਆ ਅਤੇ ਇੰਡੋਨੇਸ਼ੀਆ ਵਰਗੇ ਮੁਲਕ ਆਪਣੀਆਂ 72 ਕਿਸਮ ਦੀਆਂ ਵਸਤੂਆਂ ਨੂੰ ਭਾਰਤ ਵਿੱਚ ਧੜੱਲੇ ਨਾਲ ਵੇਚ ਸਕਣਗੇ। ਇਹ ਫੈਸਲਾ ਲਾਗੂ ਹੋਣ ਨਾਲ ਭਾਰਤ ਦੇ ਛੋਟੇ ਉਦਯੋਗ ਅਤੇ ਕਿਸਾੀ ਕਿੱਤਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ, ਜਸਬੀਰ ਸਿੰਘ, ਗੁਰਲਾਲ ਸਿੰਘ ਪੰਡੋਰੀ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਅੰਮ੍ਰਿਤਸਰ, ਸਾਹਿਬ ਸਿੰਘ ਫਿਰੋਜ਼ਪੁਰ, ਰਣਬੀਰ ਸਿੰਘ, ਗੁਰਪ੍ਰੀਤ ਸਿੰਘ ਗੁਰਦਾਸਪੁਰ, ਕੁਲਦੀਪ ਸਿੰਘ ਹੁਸ਼ਿਆਰਪੁਰ, ਸਲਵਿੰਦਰ ਸਿੰਘ ਜਲੰਧਰ, ਹਾਕਮ ਸਿੰਘ ਕਪੂਰਥਲਾ, ਗੁਲਸ਼ਨ ਸਿੰਘ ਫਾਜ਼ਿਲਕਾ, ਗੁਰਪ੍ਰੀਤ ਸਿੰਘ ਮੋਗਾ, ਅਰੀਮ ਸਿੰਘ ਰੂਪਨਗਰ, ਦੇਸਰਾਜ ਲੁਧਿਆਣਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਮੰਗ ਕੀਤੀ ਕਿ ਡਾ. ਸੁਆਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਗੰਨੇ ਦਾ 1400 ਕਰੋੜ ਬਕਾਇਆ ਦਿੱਤਾ ਜਾਵੇ, 1 ਜੂਨ ਤੋਂ ਝੋਨਾ ਲਗਾਉਣ ਦੀ ਖੁੱਲ੍ਹ ਦਿੱਤੀ ਜਾਵੇ, ਬਿਜਲੀ ਐਕਟ 2003 ਰੱਦ ਕੀਤਾ ਜਾਵੇ। (ਬਾਕਸ ਆਈਟਮ) ਉਧਰ, ਹਾਲਾਂਕਿ ਕਿਸਾਨ ਆਰਪਾਰ ਦੀ ਲੜਾਈ ਸ਼ੁਰੂ ਕਰ ਲਈ ਆਪਣੇ ਨਾਲ ਕਈ ਦਿਨਾਂ ਦਾ ਰਾਸ਼ਨ ਪਾਣੀ ਲੈ ਕੇ ਆਏ ਸੀ ਸ਼ਾਮੀ ਕਰੀਬ ਛੇ ਵਜੇ ਪੰਜਾਬ ਦੇ ਰਾਜਪਾਲ ਦੇ ਉਪ ਸਕੱਤਰ ਰਾਕੇਸ਼ ਭੰਡਾਰੀ ਨੇ ਕਿਸਾਨਾਂ ਧਰਨੇ ’ਤੇ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੰਗ ਪੱਤਰ ਹਾਸਲ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ 4 ਜੂਨ ਨੂੰ ਸਵੇਰੇ 11 ਤੋਂ 12 ਵਜੇ ਤੱਕ ਕਿਸਾਨਾਂ ਦੇ ਮੋਹਰੀ ਆਗੂਆਂ ਦੀ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਕੇਸ ਤਿਆਰ ਕਰ ਕੇ ਸਰਕਾਰਾਂ ਨੂੰ ਭੇਜਿਆ ਜਾਵੇਗਾ। ਇਸ ਮਗਰੋਂ ਕਿਸਾਨਾਂ ਨੇ ਆਪਣਾ ਧਰਨਾ ਚੁੱਕਣ ਦਾ ਐਲਾਨ ਕੀਤਾ ਅਤੇ ਸਾਰੇ ਕਿਸਾਨ ਆਪੋ ਆਪਣੇ ਘਰਾਂ ਨੂੰ ਚਲੇ ਗਏ। ਉੱਪ ਸਕੱਤਰ ਨੇ ਕਿਹਾ ਕਿ ਚੋਣ ਜ਼ਾਬਤਾ ਹੋਣ ਲੱਗਿਆ ਹੋਣ ਕਾਰਨ ਉਹ ਰਸਮੀ ਤੌਰ ’ਤੇ ਕੋਈ ਐਲਾਨ ਨਹੀਂ ਕਰ ਸਕਦੇ ਹਨ ਪ੍ਰੰਤੂ ਪੁਲੀਸ ਰੋਕਾਂ ਕਾਰਨ ਜ਼ਖ਼ਮੀ ਹੋਏ ਕਿਸਾਨਾਂ ਦਾ ਇਲਾਜ ਅਤੇ ਪੀੜਤਾਂ ਨੂੰ ਯੋਗ ਮੁਆਵਜ਼ਾ ਦੇਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ