Nabaz-e-punjab.com

ਭਗਵੰਤ ਮਾਨ ਨੇ ਮੁਹਾਲੀ ਵਿੱਚ ਪਾਈ ਆਪਣੀ ਵੋਟ, ਸੁਖਬੀਰ ਬਾਦਲ ਨੂੰ ਮੰਦਬੁੱਧੀ ਦੱਸਿਆ

ਦੇਸ਼ ਭਰ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ: ਭਗਵੰਤ ਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਐਤਵਾਰ ਸ਼ਾਮ ਨੂੰ ਮੁਹਾਲੀ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿੱਚ ਸÎਕਤ ਪੋਲਿੰਗ ਬੂਥ ਪਹੁੰਚ ਕੇ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਲੋਕ ਸਭਾ ਚੋਣਾਂ ਲਈ ਅੱਜ ਉਨ੍ਹਾਂ ਨੇ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਸੰਗਰੂਰ ਤੋਂ ਵਿਹਲੇ ਹੋ ਕੇ ਸ੍ਰੀ ਮਾਨ ਅੱਜ ਸ਼ਾਮ ਨੂੰ 4 ਵਜੇ ਤੋਂ ਬਾਅਦ ਮੁਹਾਲੀ ਪਹੁੰਚੇ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਪ ਬਹੁਮਤ ਨਾਲ ਚੋਣਾਂ ਜਿੱਤੇਗੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਚਾਹੁੰਦੇ ਹਨ ਅਤੇ ਲੋਕ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨੇ ਪੂਰੀ ਤਰ੍ਹਾਂ ਅਮਨ ਸ਼ਾਂਤੀ ਬਣਾਈ ਰੱਖੀ ਹੈ। ਇਸ ਤੋਂ ਇਹ ਸਾਫ਼ ਜਾਹਰ ਹੈ ਕਿ ਰਾਜ ਦੇ ਲੋਕ ਪਹਿਲਾਂ ਵਧੇਰੇ ਜਾਗਰੂਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕਾ ਦੁੱਕਾ ਮਾੜੀ ਮੋਟੀ ਘਟਨਾਵਾਂ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਓਵਰਆਲ ਸ਼ਾਂਤੀ ਬਣੀ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐਤਕੀਂ ਸੰਗਰੂਰ ਤੋਂ ਆਪਸੀ ਭਾਈਚਾਰਕ ਸਾਂਝ ਦਾ ਨਵਾਂ ਇਤਿਹਾਸ ਸਿਰਜਿਆ ਜਾਵੇਗਾ। ਅੱਜ ਚੋਣਾਂ ਮੌਕੇ ਅਕਾਲੀ ਦਲ, ਕਾਂਗਰਸ, ਆਪ ਅਤੇ ਮਾਨ ਦਲ ਦੇ ਵਰਕਰਾਂ ਨੇ ਇੱਕ ਟੈਂਟ ਥੱਲੇ ਬੈਠ ਕੇ ਪਰਚੀਆਂ ਕੱਟੀਆਂ ਹਨ। ਉਂਜ ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਆਪਸ ਵਿੱਚ ਰਲੇ ਹੋਏ ਹਨ। ਇਹੀ ਕਾਰਨ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਹਾਲੇ ਤੱਕ ਫੜਿਆ ਨਹੀਂ ਜਾ ਸਕਿਆ ਹੈ।
ਸ੍ਰੀ ਮਾਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਦੇਸ਼ ਤੇ ਪੰਜਾਬ ਅੰਦਰ ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਹੈ। ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਤੋਂ ਲੋਕ ਬੇਹੱਦ ਦੁੱਖੀ ਹਨ। ਨੋਟਬੰਦੀ ਅਤੇ ਜੀਐਸਟੀ ਕਾਰਨ ਵਪਾਰੀ ਵਰਗ ਨੂੰ ਕਾਫੀ ਨੁਕਸਾਨ ਸਹਿਣਾ ਪਿਆ ਹੈ। ਉਨ੍ਹਾਂ ਕਿਹਾ ਕਿ ਬੜੀ ਸ਼ਰਮਨਾਕ ਗੱਲ ਹੈ ਕਿ ਮਗਨਰੇਗਾ ਤਹਿਤ ਜਿਨ੍ਹਾਂ ਲੋਕਾਂ ਤੋਂ ਦਿਹਾੜੀ ’ਤੇ ਕੰਮ ਲਿਆ ਜਾਂਦਾ ਹੈ, ਉਨ੍ਹਾਂ ਨੂੰ ਡੇਢ-ਡੇਢ ਸਾਲ ਪੈਸੇ ਹੀ ਨਹੀਂ ਮਿਲਦੇ ਹਨ ਜਦੋਂਕਿ ਸਬੰਧਤ ਗਰੀਬ ਲੋਕ ਰੋਜ਼ਾਨਾ ਦਿਹਾੜੀ ਦੇ ਪੈਸਿਆਂ ਤੋਂ ਆਪਣੇ ਘਰ ਦਾ ਚੁੱਲਾ ਜਲਾਉਂਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਮਗਨਰੇਗਾ ਦੀ ਦਿਹਾੜੀ ਦਾ ਮਹਿਜ਼ ਇਕ ਰੁਪਏ ਵਧਾ ਕੇ ਗਰੀਬਾਂ ਨਾਲ ਕੋਝਾ ਮਜ਼ਾਕ ਕੀਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਨੂੰ ਕਿਸਾਨੀ ਹਿਤੈਸ਼ੀ ਦੱਸਦੇ ਹਨ ਪ੍ਰੰਤੂ ਸੱਚਾਈ ਤਾਂ ਇਹ ਹੈ ਕਿ ਇਨ੍ਹਾਂ ਦੋਵਾਂ ਨੂੰ ਖੇਤੀਬਾੜੀ ਬਾਰੇ ਕੋਈ ਸਮਝ ਨਹੀਂ ਹੈ। ਮੁੱਖ ਮੰਤਰੀ ਜ਼ਿਆਦਾਤਰ ਸਮਾਂ ਪਹਾੜਾਂ ਵਿੱਚ ਬਿਤਾਉਂਦੇ ਹਨ। ਉਨ੍ਹਾਂ ਮਜ਼ਾਕੀਆਂ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਕੈਪਟਨ ਨੂੰ ਗੰਨਾ ਬੀਜਣ ਬਾਰੇ ਪੁੱਛਿਆ ਜਾਵੇ ਤਾਂ ਉਹ ਇਹ ਜਵਾਬ ਦੇਣਗੇ ਪਹਿਲਾਂ ਗੁੜ ਨੂੰ ਮਿੱਟੀ ਵਿੱਚ ਦੱਬੋਗੇ ਤਾਂ ਗੰਨਾ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਕਚਹਿਰੀ ਵਿੱਚ ਸੁਖਬੀਰ ਬਾਦਲ ਅਤੇ ਮੁੱਖ ਮੰਤਰੀ ਦੀ ਬਹੁਤ ਕਿਰਕਰੀ ਹੋ ਰਹੀ ਹੈ।
ਸ੍ਰੀ ਮਾਨ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਜਿਹੜੀ ਪਾਰਟੀ ਨੇ 10 ਸਾਲ ਲਗਾਤਾਰ ਰਾਜ ਕੀਤਾ ਹੋਵੇ ਐਤਕੀਂ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਨੂੰ ਪੰਜਾਬ ’ਚੋਂ ਸਾਰੀਆਂ ਸੀਟਾਂ ’ਤੇ ਯੋਗ ਉਮੀਦਵਾਰ ਵੀ ਨਹੀਂ ਲੱਭੇ। ਜਿਸ ਕਾਰਨ ਦੋ ਟਿਕਟਾਂ ਆਪਣੇ ਟੱਬਰ ਦੇ ਜੀਆ ਨੂੰ ਦਿੱਤੀਆਂ ਹਨ ਜਦੋਂਕਿ ਫਰੀਦਕੋਟ ਵਿੱਚ ਕੋਈ ਲੋਕਲ ਵਰਕਰ ਇਨ੍ਹਾਂ ਦੀ ਟਿਕਟ ’ਤੇ ਚੋਣ ਲੜਨ ਨੂੰ ਤਿਆਰ ਨਹੀਂ ਹੋਇਆ। ਜਿਸ ਕਾਰਨ ਬਾਹਰੋਂ ਉਮੀਦਵਾਰ ਲਿਆਉਣਾ ਪਿਆ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ ’ਤੇ ਸ੍ਰੀ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਤਾਣੀ ਸੂਤ ਨਹੀਂ ਆ ਰਹੀ ਹੈ। ਜਦੋਂ ਉਨ੍ਹਾਂ ਨੂੰ ਸ੍ਰੀ ਸਿੱਧੂ ਦੇ ਆਪ ਵਿੱਚ ਆਉਣ ਬਾਰੇ ਪੁੱਛਿਆ ਗਿਆ ਤਾਂ ਭਗਵੰਤ ਮਾਨ ਨੇ ਕਿਹਾ ਕਿ ਫਿਲਹਾਲ ਅਜਿਹੀ ਕੋਈ ਗੱਲ ਨਹੀਂ ਹੈ। ਜੇਕਰ ਸ੍ਰੀ ਸਿੱਧੂ ਨੇ ਆਪ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ ਤਾਂ ਇਸ ਬਾਰੇ ਹਾਈ ਕਮਾਂਡ ਨਾਲ ਸਲਾਹ ਮਸ਼ਵਰਾ ਕਰਕੇ ਹੀ ਕੋਈ ਫੈਸਲਾ ਲਿਆ ਜਾ ਸਕੇਗਾ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…