Nabaz-e-punjab.com

ਸਿੱਖਿਆ ਮੰਤਰੀ ਵੱਲੋਂ ਵਧੀਆ ਨਤੀਜੇ ਵਾਲੇ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ

ਪੁਖਤਾ ਪ੍ਰਬੰਧ ਮੁਕੰਮਲ ਕਰਨ ਕਰਕੇ ਸਕੂਲੀ ਬੱਚਿਆਂ ਨੂੰ ਵਰਦੀਆਂ ਵੰਡਣ ’ਚ ਦੇਰੀ ਹੋਈ: ਸਿੱਖਿਆ ਮੰਤਰੀ

ਸਿੱਖਿਆ ਵਿਭਾਗ ਦੇ ਕੰਮਾਂ ਵਿੱਚ ਗੜਬੜੀ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ: ਓਪੀ ਸੋਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਸਿੱਖਿਆ ਮੰਤਰੀ ਓਪੀ ਸੋਨੀ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਹੈ ਕਿ ਵਿਭਾਗ ਦੇ ਕੰਮਾਂ ਵਿੱਚ ਗੜਬੜੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ, ਕਸੂਰਵਾਰ ਭਾਵੇਂ ਕਿਸੇ ਉੱਚੇ ਅਹੁਦੇ ’ਤੇ ਤਾਇਨਾਤ ਕਿਉਂ ਨਾ ਹੋਵੇ। ਮਿਆਰੀ ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸਿੱਖਿਆ ਮੰਤਰੀ ਅੱਜ ਇੱਥੇ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸੀ। ਇਸ ਮੌਕੇ ਜ਼ਿਲ੍ਹਾ ਲੁਧਿਆਣਾ ਅਤੇ ਸੰਗਰੂਰ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵਧੀਆ ਨਤੀਜੇ ਵਾਲੇ ਸਕੂਲਾਂ ਦੇ ਮੁਖੀਆਂ ਅਤੇ ਸਬੰਧਤ ਵਿਸ਼ਿਆਂ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਡੀਜੀਐਸਈ ਮੁਹੰਮਦ ਤਾਇਅਬ, ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਬਲਦੇਵ ਸਚਦੇਵਾ, ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਇੰਦਰਜੀਤ ਸਿੰਘ ਵੀ ਮੌਜੂਦ ਸਨ।
ਸਕੂਲੀ ਬੱਚਿਆਂ ਨੂੰ ਓਵਰ ਸਾਈਜ ਵਾਲੀਆਂ ਦੇਰੀ ਨਾਲ ਵਰਦੀਆਂ ਵੰਡਣ ਬਾਰੇ ਸ੍ਰੀ ਓਪੀ ਸੋਨੀ ਨੇ ਕਿਹਾ ਕਿ ਵਰਦੀਆਂ ਵੰਡਣ ਵਿੱਚ ਇਸ ਕਰਕੇ ਦੇਰੀ ਹੋਈ ਹੈ ਕਿਉਂਕਿ ਇਸ ਸਬੰਧੀ ਉਹ ਪੁਖਤਾ ਪ੍ਰਬੰਧ ਕਰਨਾ ਚਾਹੁੰਦੇ ਸਨ। ਇਸ ਸਬੰਧੀ ਕਈ ਟੈਂਡਰ ਲਗਾਉਣੇ ਪਏ ਹਨ ਅਤੇ ਕਈ ਟੈਂਡਰ ਰੱਦ ਵੀ ਹੋਏ। ਜਿਸ ਕਾਰਨ ਵਰਦੀਆਂ ਵੰਡਣ ’ਚ ਦੇਰੀ ਹੋਈ ਹੈ ਪ੍ਰੰਤੂ ਬਾਅਦ ਵਿੱਚ ਜਿਹੜੀਆਂ ਵਰਦੀਆਂ ਵੰਡੀਆਂ ਗਈਆਂ ਹਨ। ਉਹ ਬਿਲਕੁਲ ਬੱਚਿਆਂ ਦੇ ਨਾਪ ਵਾਲੀਆਂ ਹਨ ਅਤੇ ਕਿਸੇ ਹਿੱਸੇ ’ਚੋਂ ਕੋਈ ਸ਼ਿਕਾਇਤ ਵੀ ਨਹੀਂ ਆਈ।
ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਨੇ ਕਾਫੀ ਮਿਹਨਤ ਕੀਤੀ ਹੈ। ਵਧੀਆ ਨਤੀਜੇ ਬੱਚਿਆਂ ਦਾ ਭਵਿੱਖ ਬਣਾਉਂਦੇ ਹਨ। ਸਾਰੇ ਅਧਿਆਪਕ ਨੈਤਿਕ ਫਰਜ਼ ਸਮਝ ਕੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇ ਰਹੇ ਹਨ। ਇਸ ਸਬੰਧੀ ਪੰਜਾਬ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਹੈ। ਅਧਿਆਪਕ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਨੂੰ ਜਿੱਥੋਂ ਤੱਕ ਹੋ ਸਕਿਆਂ ਨਿਯਮਾਂ ਅਨੁਸਾਰ ਪੁਰਾ ਕੀਤਾ ਗਿਆ ਹੈ। ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਅਧਿਆਪਕਾਂ ਦੇ ਹੋਰ ਕਈ ਮਸਲੇ ਵੀ ਹੱਲ ਕੀਤੇ ਗਏ ਹਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਸਵਰਨਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਲੁਧਿਆਣਾ ਦੇ ਨੋਡਲ ਅਫ਼ਸਰ ਸੁਭਾਸ਼ ਮਹਾਜਨ ਤੇ ਜ਼ਿਲ੍ਹਾ ਸੰਗਰੂਰ ਦੇ ਨੋਡਲ ਅਫ਼ਸਰ ਨੀਨਾ ਆਹੀਰ, ਪ੍ਰਿੰਸੀਪਲ ਡਾਇਟ ਰਾਜਵਿੰਦਰ ਕੌਰ, ਇੰਚਾਰਜ ਸਿੱਖਿਆ ਸੁਧਾਰ ਟੀਮ ਬਲਵਿੰਦਰ ਕੌਰ, ਜ਼ਿਲ੍ਹਾ ਮੈਂਟਰ ਸਾਇੰਸ ਜਸਵੀਰ ਸਿੰਘ, ਗਣਿਤ ਜ਼ਿਲ੍ਹਾ ਮੈਂਟਰ ਸੰਜੀਵ ਤਨੇਜਾ ਅਤੇ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਸੰਬੋਧ ਵਰਮਾ, ਜ਼ਿਲ੍ਹਾ ਸਮਾਰਟ ਸਕੂਲ ਮੋਟੀਵੇਟਰ ਮੰਜੂ ਭਾਰਦਵਾਜ, ਸੰਗਰੂਰ ਤੋਂ ਪ੍ਰਿੰਸੀਪਲ ਡਾਇਟ ਅਨੀਤਾ, ਇੰਚਾਰਜ ਸਿੱਖਿਆ ਸੁਧਾਰ ਟੀਮ ਬਰਜਿੰਦਰਪਾਲ ਸਿੰਘ, ਜ਼ਿਲ੍ਹਾ ਮੈਂਟਰ ਸਾਇੰਸ ਹਰਮਨਦੀਪ ਸਿੰਘ, ਗਣਿਤ ਜ਼ਿਲ੍ਹਾ ਮੈਂਟਰ ਸੰਜੀਵ ਸਿੰਗਲਾ ਅਤੇ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਰਾਕੇਸ਼ ਕੁਮਾਰ ਗਰਗ, ਜ਼ਿਲ੍ਹਾ ਸਮਾਰਟ ਸਕੂਲ ਮੋਟੀਵੇਟਰ ਕੁਲਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…