nabaz-e-punjab.com

ਅਧਿਆਪਕ ਆਗੂਆਂ ਵੱਲੋਂ ਸਿੱਖਿਆ ਮੰਤਰੀ ਦੇ ਵਤੀਰੇ ਦੀ ਸਖ਼ਤ ਨਿਖੇਧੀ, ਮੁੱਖ ਮੰਤਰੀ ਦਾ ਨਿੱਜੀ ਦਖ਼ਲ ਮੰਗਿਆ

ਸਕੂਲੀ ਸਿੱਖਿਆ ਦੀ ਸਫਲਤਾ ਦੀ ਗੱਡੀ ਨੂੰ ਲੀਹ ਤੋਂ ਲਾਹੁਣ ’ਤੇ ਤੁਲੇ ਸਿੱਖਿਆ ਮੰਤਰੀ: ਅਧਿਆਪਕ ਆਗੂਆਂ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਮੰਦਭਾਗਾ ਦੱਸਦਿਆਂ ਗੌਰਮਿੰਟ ਟੀਚਰ ਯੂਨੀਅਨ (ਜੀਟੀਯੂ) ਪੰਜਾਬ ਦੇ ਸਾਬਕਾ ਸੂਬਾਈ ਪ੍ਰਧਾਨ ਦਲਜੀਤ ਸਿੰਘ, ਸਾਬਕਾ ਸੂਬਾ ਜਨਰਲ ਸਕੱਤਰ ਸ਼ਿਵ ਕੁਮਾਰ ਅਤੇ ਸਾਬਕਾ ਸੂਬਾ ਪ੍ਰੈਸ ਸਕੱਤਰ ਹਰਨੇਕ ਮਾਵੀ ਨੇ ਕਿਹਾ ਕਿ ਸੂਬੇ ਦੇ ਸਿੱਖਿਆ ਮੰਤਰੀ ਓਪੀ ਸੋਨੀ ਪਿਛਲੀ ਅਕਾਲੀ ਸਰਕਾਰ ਵਿੱਚ ਰਹੇ ਸਾਬਕਾ ਸਿੱਖਿਆ ਮੰਤਰੀਆਂ ਦੀ ਲੀਹ ’ਤੇ ਚੱਲਦਿਆਂ ਅਧਿਆਪਕ ਵਰਗ ਵਿੱਚ ਖ਼ੌਫ਼ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਿੱਜੀ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਵਿੱਦਿਆ ਮੰਤਰੀ ਦੀ ਬੇਲੋੜੀ ਦਖ਼ਲਅੰਦਾਜ਼ੀ ਬੰਦ ਕੀਤੀ ਜਾਵੇ।
ਆਗੂਆਂ ਕਿਹਾ ਕਿ ਪਿਛਲੇ ਦਿਨੀਂ ਮੁਹਾਲੀ ਵਿੱਚ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਵਧੀਆ ਨਤੀਜੇ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਮੌਕੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਖ਼ੁਦ ਸਿੱਖਿਆ ਸਕੱਤਰ ਦੀ ਕਾਰਗੁਜ਼ਾਰੀ ਅਤੇ ਅਧਿਆਪਕਾਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਸੀ ਲੇਕਿਨ ਦੋ ਦਿਨ ਬਾਅਦ ਹੀ ਮੰਤਰੀ ਮੰਚ ਤੋਂ ਆਪਣੇ ਭਾਸ਼ਣ ਦੌਰਾਨ ਦਿੱਤੀ ਸ਼ਾਬਾਸ਼ ਨੂੰ ਭੁੱਲ ਗਏ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਸਿੱਖਿਆ ਸਕੱਤਰ ਵਿਰੁੱਧ ਅਪਣਾਏ ਜਾ ਰਹੇ ਤੇਵਰ ਅਤੇ ਅਧਿਆਪਕ ਪ੍ਰਤੀ ਮਾੜੇ ਵਤੀਰੇ ਕਾਰਨ ਦਹਾਕੇ ਬਾਅਦ ਵਿੱਚ ਪੰਜਾਬ ਵਿੱਚ ਸਕੂਲੀ ਸਿੱਖਿਆ ਦੀ ਲੀਹ ’ਤੇ ਪਈ ਗੱਡੀ ਨੂੰ ਲੀਹ ਤੋਂ ਲਾਂਭੇ ਕਰਨ ਦੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਦੇ ਉਪਰਾਲਿਆਂ ਸਦਕਾ ਐਤਕੀਂ ਸਰਕਾਰੀ ਸਕੂਲਾਂ ਦੇ ਵਧੀਆਂ ਨਤੀਜੇ ਆਏ ਹਨ ਅਤੇ ਬਿਨਾਂ ਸਰਕਾਰੀ ਫੰਡਾਂ ਤੋਂ ਸਕੂਲਾਂ ਦੀਆਂ ਇਮਾਰਤਾਂ ਨੂੰ ਖ਼ੂਬਸੂਰਤ ਬਣਾ ਕੇ ਸੈਂਕੜੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ। ਇਹ ਸਿੱਖਿਆ ਅਧਿਕਾਰੀ ਅਤੇ ਅਧਿਆਪਕਾਂ ਦੀ ਲਗਨ ਅਤੇ ਸੇਵਾ ਭਾਵਨਾ ਦੇ ਚੱਲਦਿਆਂ ਸੰਭਵ ਹੋ ਸਕਿਆ ਹੈ।
ਅਧਿਆਪਕਾਂ ਦੀਆਂ ਬਦਲੀਆਂ ਦੀ ਨੀਤੀ ਉੱਤੇ ਟਿੱਪਣੀ ਕਰਦਿਆਂ ਆਗੂਆਂ ਕਿਹਾ ਕਿ ਤਬਾਦਲਾ ਨੀਤੀ ਵਿੱਚ ਸਟੇਅ ਨੂੰ ਕਾਰਗੁਜ਼ਾਰੀ ਨਾਲ ਜੋੜ ਕੇ ਨੀਤੀ ਉੱਤੇ ਅਮਲ ਕਰਵਾਉਣ ਲਈ ਵੱਖ ਵੱਖ ਅਧਿਆਪਕਾਂ ਜਥੇਬੰਦੀਆਂ ਨੂੰ ਸਰਕਾਰ ’ਤੇ ਦਬਾਅ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜੇਕਰ ਪਿਛਲੇ ਵਰ੍ਹੇ ਸਿੱਖਿਆ ਮੰਤਰੀ ਵੱਲੋਂ ਕੀਤੀਆਂ ਗਈਆਂ ਲਗਭਗ 5 ਹਜ਼ਾਰ ਬਦਲੀਆਂ ਅਤੇ ਮੌਜੂਦਾ ਸੌਦਿਆਂ ਦੀ ਉੱਚ ਪੱਧਰੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…