Nabaz-e-punjab.com

ਰਾਮਗੜ੍ਹੀਆ ਸਭਾ ਨੇ ਸ਼ਰਧਾ ਭਾਵਨਾ ਨਾਲ ਮਨਾਇਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 296ਵਾਂ ਜਨਮ ਦਿਹਾੜਾ

ਢਾਡੀ ਜੱਥੇ ਨੇ ਵੀਰ-ਰਸ ਭਰਪੂਰ ਵਾਰਾਂ ਨਾਲ ਬਿਰਤਾਂਤ ਕੀਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਮਹਾਨ ਕਾਰਜ

ਰਜਿੰਦਰ ਸਿੰਘ ਚਾਨੀ
ਨਬਜ਼-ਏ-ਪੰਜਾਬ ਬਿਊਰੋ, ਰਾਜਪੁਰਾ, 2 ਜੂਨ:
ਰਾਮਗੜ੍ਹੀਆ ਸਭਾ ਰਾਜਪੁਰਾ ਵੱਲੋਂ ਸਿੱਖ ਕੌਮ ਦੇ ਮਹਾਨ ਅਣਖੀਲੇ ਅਤੇ ਧਰਮੀ ਸਿੱਖ, ਰਾਮਗੜ੍ਹੀਆ ਮਿਸਲ ਦੇ ਬਾਨੀ, ਖਾਲਸਾ ਰਾਜ ਦੇ ਉਸਰੱਈਏ ਸੂਰਬੀਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 296ਵਾਂ ਜਨਮ ਦਿਹਾੜਾ ਬਹੁਤ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਗੁਰਦੁਆਰਾ ਸਾਹਿਬ ਰਾਮਗੜ੍ਹੀਆ ਸਭਾ ਰਾਜਪੁਰਾ ਵਿਖੇ ਹਰਦੇਵ ਸਿੰਘ ਕੰਡੇਵਾਲਾ ਪ੍ਰਧਾਨ ਰਾਮਗੜ੍ਹੀਆ ਸਭਾ ਰਾਜਪੁਰਾ ਨੇ ਸਮੂਹ ਸੰਗਤ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਦੂਰਦਰਸ਼ਿਤਾ ਅਤੇ ਸਿਆਣਪ ਦੇ ਮੁਜੱਸਮੇ, ਦੇਗ ਅਤੇ ਤੇਗ ਦੇ ਧਨੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਮੌਕੇ ਸਭਾ ਦੀ ਵੱਡੀ ਕੋਸ਼ਿਸ਼ ਹੁੰਦੀ ਹੈ ਕਿ ਰਾਮਗੜ੍ਹੀਆ ਭਾਈਚਾਰੇ ਦੇ ਪਰਿਵਾਰਾਂ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਅਤੇ ਉਨ੍ਹਾਂ ਦੇ ਲਾਸਾਨੀ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਜਾ ਸਕੇ।
ਪ੍ਰਮੁੱਖ ਦਿਹਾੜਿਆਂ ’ਤੇ ਸਿੱਖੀ ਇਤਿਹਾਸ ਨੂੰ ਢਾਡੀ ਵਾਰਾਂ ਰਾਹੀਂ ਪ੍ਰਚਾਰਨ ਵਾਲੇ ਜਥਿਆਂ ਨੂੰ ਸੰਗਤਾਂ ਦੇ ਸਨਮੁੱਖ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਉਸ ਕੌਮ ਦੇ ਪਤਨ ਨੂੰ ਕੋਈ ਨਹੀਂ ਰੋਕ ਸਕਦਾ। ਇਸ ਲਈ ਰਾਮਗੜ੍ਹੀਆ ਸਭਾ ਹਰ ਵਾਰ ਨਾਮੀ ਰਾਗੀ ਤੇ ਢਾਡੀ ਜਥਿਆਂ ਨੂੰ ਸਮਾਗਮਾਂ ਵਿੱਚ ਸੱਦ ਕੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਂਦੀ ਹੈ। ਉਨ੍ਹਾਂ ਜਨਮ ਦਿਹਾੜਾ ਮਨਾਉਣ ਪਹੁੰਚੀ ਇਲਾਕੇ ਦੀ ਸੰਗਤ ਨੂੰ ਜੀ ਆਇਆ ਨੂੰ ਆਖਿਆ।
ਇਸ ਮੌਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਭਾਈ ਸੁਖਜਿੰਦਰ ਸਿੰਘ ਜੀ ਚੰਗਿਆੜਾ ਘੜੂੰਆਂ ਵਾਲਿਆਂ ਦੇ ਢਾਡੀ ਜਥੇ ਨੇ ਵੀਰ ਰਸ ਵਾਰਾਂ ਗਾ ਕੇ ਸਿੱਖ ਕੌਮ ਦੇ ਸੁਨਹਿਰੇ ਇਤਿਹਾਸ ਬਾਰੇ ਸਮੂਹ ਸੰਗਤ ਨੂੰ ਜਾਣੂ ਕਰਵਾਇਆ। ਇਸ ਦੇ ਨਾਲ ਹੀ ਹਜ਼ੂਰੀ ਰਾਗੀ ਭਾਈ ਅਜੀਤ ਸਿੰਘ ਭਾਟੀਆ ਅਤੇ ਭਾਈ ਗੁਰਭੇਜ ਸਿੰਘ ਨੇ ਵੀ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਰਾਮਗੜ੍ਹੀਆ ਸਭਾ ਵੱਲੋਂ ਇਲਾਕੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਮੁਖੀਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣ ਅਤੇ ਸਨਮਾਨਿਤ ਹਸ਼ਤੀਆਂ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …