Nabaz-e-punjab.com

ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਘਾਟ ਪੁਰੀ ਕੀਤੀ ਜਾਵੇਗੀ: ਸਿੱਧੂ

ਆਈਸਰ ਵਿੱਚ ਖੂਨਦਾਨ ਕੈਂਪ, 70 ਤੋਂ ਵੱਧ ਲੋਕਾਂ ਨੇ ਕੀਤਾ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸਰ) ਵਿੱਚ ਅੱਜ ਸਮਾਜ ਸੇਵੀ ਸੰਸਥਾ ਸਵਾਸ ਟਰੱਸਟ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ। ਸਾਡੇ ਵੱਲੋਂ ਦਾਨ ਵਿੱਚ ਦਿੱਤੀ ਖੂਨ ਦੀ ਇਕ ਬੂੰਦ ਨਾਲ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ।
ਇਸ ਮੌਕੇ ਵਿਸ਼ੇਸ਼ ਗੱਲਬਾਤ ਦੌਰਾਨ ਸ੍ਰੀ ਬਲਬੀਰ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਹਤ ਅਤੇ ਸਿੱਖਿਆ ਸਹੂਲਤਾਂ ਨੂੰ ਲੈ ਕੇ ਬਹੁਤ ਗੰਭੀਰ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਪੇਂਡੂ ਖੇਤਰ ਵਿੱਚ ਮੋਬਾਈਲ ਵੈਨਾਂ ਰਾਹੀਂ ਲੋਕਾਂ ਦਾ ਇਲਾਜ ਕੀਤਾ ਜਾਵੇਗਾ ਅਤੇ ਮੁਫ਼ਤ ਦਵਾਈ ਬੂਟੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਮੋਬਾਈਲ ਵੈਨਾਂ ਪਿੰਡਾਂ ਦੀਆਂ ਸੱਥਾਂ ਵਿੱਚ ਪਹੁੰਚੇਗੀ। ਇਸ ਤੋਂ ਇਲਾਵਾ ਸ਼ਹਿਰੀ ਖੇਤਰਾਂ ਵਿੱਚ ਵੀ ਕਲੋਨੀਆਂ ਅਤੇ ਸਲੱਮ ਖੇਤਰਾਂ ਵਿੱਚ ਰਹਿੰਦੇ ਗਰੀਬ ਲੋਕਾਂ ਨੂੰ ਘਰ ਦੇ ਬੂਹੇ ’ਤੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸ੍ਰੀ ਸਿੱਧੂ ਨੇ ਕਿਹਾ ਕਿ ਜਲਦੀ ਹੀ ਉਹ ਸਮੁੱਚੇ ਪੰਜਾਬ ਅੰਦਰ ਸਰਕਾਰੀ ਹਸਪਤਾਲਾਂ ਅਤੇ ਸਿਵਲ ਡਿਸਪੈਂਸਰੀਆਂ ਦਾ ਦੌਰਾ ਕਰਕੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ ਲੈਣਗੇ ਅਤੇ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਦੀ ਸਲਾਹ ਨਾਲ ਨਵੀਂ ਭਰਤੀ ਕੀਤੀ ਜਾਵੇਗੀ ਅਤੇ ਸਿਹਤ ਸੰਸਥਾਵਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸਵਾਸ ਟਰੱਸਟ ਦੀ ਚੇਅਰਪਰਸਨ ਰੰਜਨਾ ਮਿਸ਼ਰਾ ਨੇ ਦੱਸਿਆ ਕਿ ਕੈਂਪ ਵਿੱਚ 70 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕੀਤਾ। ਪ੍ਰਧਾਨ ਚਤਰੇਸ਼ ਮਿਸ਼ਰਾ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਅਤੇ ਅੌਰਤਾਂ ਨੂੰ ਖੂਨਦਾਨ ਕਰਨ ਪ੍ਰਤੀ ਲਾਮਬੰਦ ਕਰਨ ਲਈ ਜਾਗਰੂਕਤਾ ਮੁਹਿੰਮ ਵਿੱਢੀ ਜਾਵੇਗੀ। ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32, ਚੰਡੀਗੜ੍ਹ ਦੀ ਡਾਕਟਰ ਰਵਨੀਤ ਕੌਰ ਦੀ ਅਗਵਾਈ ਵਾਲੀ ਮੈਡੀਕਲ ਟੀਮ ਨੇ ਖੂਨ ਦੇ ਯੂਨਿਟ ਇਕੱਤਰ ਕੀਤੇ। ਸਿਹਤ ਮੰਤਰੀ ਨੇ ਸਾਰੇ ਖੂਨਦਾਨੀਆਂ ਨੂੰ ਵਿਸ਼ੇਸ਼ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸ੍ਰੀ ਸਿੱਧੂ ਨੂੰ ਯਾਦਗਾਰੀ-ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸਵਾਸ ਟਰੱਸਟ ਦੀ ਚੇਅਰਪਰਸਨ ਰੰਜਨਾ ਮਿਸ਼ਰਾ, ਪ੍ਰਧਾਨ ਚਤਰੇਸ਼ ਮਿਸ਼ਰਾ, ਮੀਤ ਪ੍ਰਧਾਨ ਸੁਰਿੰਦਰ ਮੋਹਨ ਮਹਿੰਦਰੂ, ਰਾਧੇ ਸ਼ਾਮ ਉਪਾਧਿਆਇ, ਦਸ਼ਰਥਾ ਮਿਸ਼ਰਾ, ਕੌਂਸਲਰ ਜਸਬੀਰ ਸਿੰਘ ਮਣਕੂ, ਪ੍ਰਿਤਪਾਲ ਸਿੰਘ ਲੌਂਗੀਆ, ਰਾਜੇਸ਼ ਲਖੋਤਰਾ ਅਤੇ ਤਲਵਿੰਦਰ ਸਿੰਘ ਹਾਜ਼ਰ ਸਨ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਲਈ ਠੋਸ ਕਦਮ ਚੁੱਕੇ ਜਾਣਗੇ। ਇਸ ਸਬੰਧੀ ਜੂਨ ਅਤੇ ਜੁਲਾਈ ਮਹੀਨੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰਾਂ ਅਤੇ ਦਫ਼ਤਰਾਂ ਦਾ ਸਰਵੇ ਕੀਤਾ ਅਤੇ ਕੂਲਰਾਂ ਦੀ ਜਾਂਚ ਕਰਕੇ ਡੇਂਗੂ ਮੱਛਰ ਦਾ ਲਾਰਵਾ ਚੈੱਕ ਕੀਤਾ ਜਾਵੇ ਅਤੇ ਸਮੂਹ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਗਰਾਮ ਪੰਚਾਇਤਾਂ ਨੂੰ ਆਪੋ ਆਪਣੇ ਅਧਿਕਾਰ ਖੇਤਰ ਵਿੱਚ ਸਫ਼ਾਈ ਅਤੇ ਮੱਛਰ ਮਾਰ ਦਵਾਈ ਦੇ ਛਿੜਕਾਅ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਇਲਾਜ ਲਈ ਸਪੈਸ਼ਲ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਤਾਂ ਜੋ ਕਿਸੇ ਵੀ ਮਰੀਜ਼ ਨੂੰ ਇਲਾਜ਼ ਲਈ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਹਸਪਤਾਲ ਫੇਜ਼-6 ਵਿੱਚ ਡੇਂਗੂ ਬੁਖਾਰ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…