Nabaz-e-punjab.com

ਮੁਹਾਲੀ ਵਿੱਚ ਪਬਲਿਕ ਲਾਇਬਰੇਰੀਆਂ ਦੇ ਉਦਘਾਟਨ ਨੂੰ ਲੈ ਕੇ ਸਿਆਸਤ ਗਰਮਾਈ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਅਕਾਲੀ ਕੌਂਸਲਰਾਂ ਨੇ ਕੀਤੇ ਵੱਖੋ ਵੱਖਰੇ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪਬਲਿਕ ਲਾਇਬਰੇਰੀਆਂ ਦੇ ਉਦਘਾਟਨ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਅਕਾਲੀ ਦਲ ਦੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ ਵੱਖ ਪਾਰਕਾਂ ਵਿੱਚ ਲਾਇਬਰੇਰੀਆਂ ਬਣਾਈਆਂ ਗਈਆਂ ਸਨ। ਅਧਿਕਾਰੀਆਂ ਦੀ ਅਣਦੇਖੀ ਦੇ ਚੱਲਦਿਆਂ ਇਨ੍ਹਾਂ ਲਾਇਬਰੇਰੀਆਂ ਦੀਆਂ ਇਮਾਰਤਾਂ ਨੂੰ ਤਾਲੇ ਲੱਗੇ ਹੋਏ ਸਨ। ਹਾਲਾਂਕਿ ਕੁਝ ਦਿਨ ਪਹਿਲਾਂ ਮੇਅਰ ਕੁਲਵੰਤ ਸਿੰਘ ਨੇ ਪਹਿਲਕਦਮੀ ਕਰਦਿਆਂ ਸ਼ਹਿਰ ਦੇ ਵੱਖ ਵੱਖ ਪਾਰਕਾਂ ਵਿਚਲੀਆਂ ਲਾਇਬਰੇਰੀਆਂ ਦੀ ਹਾਲਤ ਵਿੱਚ ਸੁਧਾਰ ਕਰਨ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਸਨ।
ਇੱਥੋਂ ਦੇ ਬੋਗਨਵਿਲੀਆ ਪਾਰਕ ਵਿੱਚ ਸਥਿਤ ਇੱਕੋ ਇਕ ਜ਼ਿਲ੍ਹਾ ਪੱਧਰੀ ਪਬਲਿਕ ਲਾਇਬਰੇਰੀ ਵਿੱਚ 15 ਹਜ਼ਾਰ ਤੋਂ ਵੱਧ ਕਿਤਾਬਾਂ ਅਤੇ ਅਖ਼ਬਾਰ ਹਨ। ਇਹ ਲਾਇਬਰੇਰੀ ਪਿਛਲੇ ਸਵਾ ਸਾਲ ਤੋਂ ਚਲ ਰਹੀ ਹੈ ਪ੍ਰੰਤੂ ਅੱਜ ਅਚਾਨਕ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਇਸ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਮੰਤਰੀ ਨੇ ਅੱਜ ਹੀ ਸੈਕਟਰ-69, ਸੈਕਟਰ-70 ਅਤੇ ਫੇਜ਼-3ਬੀ1 ਵਿੱਚ ਬਣੀਆਂ ਲਾਇਬਰੇਰੀਆਂ ਦੇ ਉਦਘਾਟਨ ਕੀਤੇ ਗਏ। ਸ੍ਰੀ ਸਿੱਧੂ ਨੇ ਕਿਹਾ ਕਿ ਉਕਤ ਲਾਇਬ੍ਰੇਰੀਆਂ ਦੇ ਖੁੱਲ੍ਹਣ ਨਾਲ ਸ਼ਹਿਰ ਵਾਸੀਆਂ (ਖਾਸ ਕਰ ਸੀਨੀਅਰ ਸਿਟੀਜਨਾਂ) ਨੂੰ ਵੱਡਾ ਫਾਇਦਾ ਹੋਵੇਗਾ। ਜਿਨ੍ਹਾਂ ਨੂੰ ਏਸੀ ਹਾਲ ਵਿੱਚ ਕਿਤਾਬਾਂ, ਅਖ਼ਬਾਰਾਂ ਅਤੇ ਵੱਖ ਵੱਖ ਮੈਗਜ਼ੀਨ ਪੜ੍ਹਨ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਦੇ ਰੱਖ ਰਖਾਓ ਦੀ ਜ਼ਿੰਮੇਵਾਰੀ ਨਗਰ ਨਿਗਮ ਅਧੀਨ ਹੈ ਅਤੇ ਹਰੇਕ ਲਾਇਬ੍ਰੇਰੀ ਵਿੱਚ ਇਕ ਸੇਵਾਦਾਰ ਪੱਕੇ ਤੌਰ ’ਤੇ ਰਹੇਗਾ।
ਹਾਲਾਂਕਿ ਪਹਿਲਾਂ ਇਸ ਲਾਇਬਰੇਰੀਆਂ ’ਚੋਂ ਕੁਝ ਕਿਤਾਬਾਂ ਚੁੱਕ ਕੇ ਰੋਜ਼ ਗਾਰਡਨ ਪਾਰਕ ਵਿਚਲੀ ਲਾਇਬਰੇਰੀ ਵਿੱਚ ਭੇਜਣ ਲਈ ਸਟਾਫ਼ ਨੂੰ ਹੁਕਮ ਚਾੜੇ ਗਏ ਸਨ ਲੇਕਿਨ ਅਕਾਲੀ ਕੌਂਸਲਰ ਕੁਲਦੀਪ ਕੌਰ ਕੰਗ ਅੜ ਗਏ ਅਤੇ ਇੱਥੋਂ ਕਿਤਾਬਾਂ ਦੂਜੀ ਲਾਇਬਰੇਰੀ ਵਿੱਚ ਕਿਤਾਬਾਂ ਭੇਜਣ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਬਕਾ ਸੰਸਦ ਮੈਂਬਰ ਚੰਦੂਮਾਜਰਾ ਨੇ 24 ਅਪਰੈਲ 2016 ਨੂੰ ਉਕਤ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ ਸੀ। ਜ਼ਿਲ੍ਹਾ ਲਾਇਬਰੇਰੀਅਨ ਭੁਪਿੰਦਰ ਕੌਰ ਨੇ ਇਸ ਗੱਲ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਦੂਜੀ ਲਾਇਬਰੇਰੀ ਵਿੱਚ ਕਿਤਾਬਾਂ ਭੇਜਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਨਹੀਂ ਭੇਜੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਲਾਇਬਰੇਰੀ ਲਈ ਇਮਾਰਤ ਨਗਰ ਨਿਗਮ ਵੱਲੋਂ ਮੁਹੱਈਆ ਕੀਤੀ ਗਈ ਹੈ। ਉਧਰ, ਬਾਕੀ ਪਾਰਕਾਂ ਦੀਆਂ ਲਾਇਬਰੇਰੀਆਂ ਵਿੱਚ ਹਾਲੇ ਤੱਕ ਕਿਤਾਬਾਂ, ਮੈਗਜ਼ੀਨ, ਰਸਾਲੇ ਅਤੇ ਅਖ਼ਬਾਰ ਆਦਿ ਉਪਲਬਧ ਨਹੀਂ ਹਨ।
ਇਸੇ ਦੌਰਾਨ ਬੀਬੀ ਕੁਲਦੀਪ ਕੌਰ ਕੰਗ ਵੱਲੋਂ ਆਪਣੇ ਸਮਰਥਕਾਂ ਨਾਲ ਫੇਜ਼-4 ਦੀ ਲਾਇਬਰੇਰੀ ਦਾ ਫੀਤਾ ਕੱਟ ਕੇ ਉਦਘਾਟਨ ਕੀਤਾ ਗਿਆ। ਇੰਝ ਹੀ ਅਕਾਲੀ ਕੌਂਸਲਰਾਂ ਅਮਰੀਕ ਸਿੰਘ, ਹਰਪਾਲ ਸਿੰਘ ਚੰਨਾ, ਆਰਪੀ ਸ਼ਰਮਾ ਅਤੇ ਪਰਮਜੀਤ ਸਿੰਘ ਕਾਹਲੋਂ, ਬੀਬੀ ਰਜਿੰਦਰ ਕੌਰ ਕੁੰਭੜਾ ਨੇ ਆਪੋ ਆਪਣੇ ਵਾਰਡਾਂ ਕ੍ਰਮਵਾਰ ਫੇਜ਼-11, ਸੈਕਟਰ-70 (ਮਟੌਰ), ਫੇਜ਼-6 ਵਿੱਚ ਲਾਇਬਰੇਰੀਆਂ ਦੇ ਉਦਘਾਟਨ ਕੀਤੇ ਗਏ। ਅਕਾਲੀ ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤਿੰਨ ਸਾਲ ਪਹਿਲਾਂ ਬਣੀਆਂ ਲਾਇਬਰੇਰੀਆਂ ਦਾ ਉਦਘਾਟਨ ਕਰਕੇ ਸਿਆਹੀ ਲਾਹਾ ਲੈਣਾ ਚਾਹੁੰਦੇ ਹਨ। ਇਨ੍ਹਾਂ ’ਚੋਂ ਦੋ ਲਾਇਬਰੇਰੀਆਂ ਦਾ ਪਹਿਲਾਂ ਹੀ ਦੋ ਦੋ ਵਾਰ ਉਦਘਾਟਨ ਹੋ ਚੁੱਕੇ ਹਨ।
ਇਸ ਮੌਕੇ ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋਂ ਅਤੇ ਬੀਬੀ ਕੰਗ ਨੇ ਕੈਬਨਿਟ ਮੰਤਰੀ ਜਾਣਬੁਝ ਕੇ ਨਗਰ ਨਿਗਮ ਦੇ ਕੰਮਾਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰ ਰਹੇ ਹਨ ਅਤੇ ਪਹਿਲਾਂ ਤੋਂ ਚਲ ਰਹੀਆਂ ਲਾਇਬ੍ਰੇਰੀਆਂ ਦਾ ਕ੍ਰੈਡਿਟ ਲੈਣ ਦੀ ਤਾਕ ਵਿੱਚ ਹਨ। ਜਦੋਂਕਿ ਇਹ ਲਾਇਬ੍ਰੇਰੀਆਂ ਸਾਬਕਾ ਸੰਸਦ ਮੈਂਬਰ ਚੰਦੂਮਾਜਰਾ ਵੱਲੋਂ ਜਾਰੀ ਫੰਡਾਂ ਨਾਲ ਉਸਾਰੀਆਂ ਗਈਆਂ ਹਨ ਅਤੇ ਨਗਰ ਨਿਗਮ ਵੱਲੋਂ ਕਿਤਾਬਾਂ ਅਤੇ ਹੋਰ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…