Nabaz-e-punjab.com

ਕਤਲ ਕਾਂਡ: ਆਪਣੇ ਭਰਾ ਦੇ ਕਾਤਲਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਸਾਲ ਤੋਂ ਠੋਕਰਾਂ ਖਾ ਰਿਹਾ ਹੈ ਭਰਾ

ਸਾਲ ਪਹਿਲਾਂ 6 ਜੂਨ ਨੂੰ ਪੁਲੀਸ ਨੇ ਖਰੜ ਦੇ ਮਕਾਨ ਦੇ ਵਿਹੜੇ ’ਚੋਂ ਸੀਵਰੇਜ ਦੇ ਗਟਰ ’ਚੋਂ ਕੱਢੀ ਸੀ ਲਾਸ਼

ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼, ਪੰਜਾਬ ਦੇ ਰਾਜਪਾਲ ਨੂੰ ਭੇਜੀ ਲਿਖਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਖਰੜ ਵਿੱਚ ਚਰਨਜੀਤ ਸਿੰਘ (67) ਦੀ ਭੇਤਭਰੀ ਮੌਤ ਦੇ ਮਾਮਲੇ ਵਿੱਚ ਮ੍ਰਿਤਕ ਦਾ ਭਰਾ ਅਤੇ ਭਤੀਜਾ ਸਾਲ ਤੋਂ ਇਨਸਾਫ਼ ਲਈ ਠੋਕਰਾਂ ਖਾਣ ਲਈ ਮਜਬੂਰ ਹੈ। ਹਾਲਾਂਕਿ ਪਿਛਲੇ ਸਾਲ 6 ਜੂਨ ਨੂੰ ਪੁਲੀਸ ਨੇ ਖ਼ੁਦ ਮ੍ਰਿਤਕ ਦੇ ਘਰ ਦੇ ਵਿਹੜੇ ਵਿੱਚ ਗਟਰ ਦੇ ਖੱਡੇ ’ਚੋਂ ਚਰਨਜੀਤ ਦੀ ਲਾਸ਼ ਬਾਹਰ ਕੱਢੀ ਸੀ ਲੇਕਿਨ ਹੁਣ ਤੱਕ ਪੁਲੀਸ ਕਾਤਲਾਂ ਦਾ ਸੁਰਾਗ ਨਹੀਂ ਲਗਾ ਸਕੀ। ਹੁਣ ਥੱਕ ਹਾਰ ਕੇ ਮ੍ਰਿਤਕ ਵਿਅਕਤੀ ਦੇ ਭਰਾ ਕੇਸਰ ਸਿੰਘ ਨੇ ਪੰਜਾਬ ਦੇ ਰਾਜਪਾਲ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਆਪਣੀ ਸ਼ਿਕਾਇਤ ਨਾਲ ਪੁਲੀਸ ਨੂੰ ਪਹਿਲਾਂ ਦਿੱਤੀਆਂ ਦਰਖਾਸਤਾਂ ਦੀਆਂ ਕਾਪੀਆਂ ਅਤੇ ਗਟਰ ’ਚੋਂ ਲਾਸ਼ ਨੂੰ ਕੱਢਣ ਬਾਰੇ ਵੀਡੀਓ ਕਲਿੱਪ ਵੀ ਨੱਥੀ ਕਰਕੇ ਭੇਜੀ ਗਈ ਹੈ। ਪੀੜਤ ਨੇ ਸ਼ਿਕਾਇਤ ਦੀ ਕਾਪੀਆਂ ਅਤੇ ਵੀਡੀਓ ਕਲਿੱਪ ਦੀ ਸੀਡੀ ਅੱਜ ਮੁਹਾਲੀ ਵਿੱਚ ਪੱਤਰਕਾਰਾਂ ਨੂੰ ਦਿੱਤੀਆਂ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਉਸ ਦੀ ਭਰਜਾਈ ਨੇ ਕਥਿਤ ਤੌਰ ’ਤੇ ਕਤਲ ਕਰਕੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਲਾਸ਼ ਨੂੰ ਗਟਰ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਦੀ ਪਤਨੀ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ।
ਉਧਰ, ਉਸ ਵੇਲੇ ਮ੍ਰਿਤਕ ਦੀ ਪਤਨੀ ਨੇ ਪੁਲੀਸ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਉਹ 3 ਜੂਨ ਤੋਂ ਹਸਪਤਾਲ ਵਿੱਚ ਦਾਖ਼ਲ ਸੀ ਅਤੇ 6 ਜੂਨ ਨੂੰ ਵਾਪਸ ਘਰ ਆਈ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਘਰ ਦੇ ਸੀਵਰੇਜ ਦੇ ਗਟਰ ਦਾ ਢੱਕਣ ਥੋੜ੍ਹਾ ਖੁੱਲ੍ਹਾ ਸੀ। ਜਦੋਂ ਉਸਨੇ ਗਟਰ ਦਾ ਢੱਕਣ ਚੁੱਕ ਕੇ ਦੇਖਿਆ ਤਾਂ ਗਟਰ ਵਿੱਚ ਉਸ ਦੇ ਪਤੀ ਦੀ ਲਾਸ਼ ਪਈ ਸੀ। ਜਿਸ ’ਤੇ ਅੌਰਤ ਨੇ ਆਪਣੇ ਗੁਆਂਢੀਆਂ ਨੂੰ ਦੱਸਿਆ ਅਤੇ ਫਿਰ ਪੁਲੀਸ ਨੂੰ ਮੌਕੇ ’ਤੇ ਸੱਦਿਆ ਗਿਆ ਸੀ।
ਇਸ ਸਬੰਧੀ ਸ਼ਿਕਾਇਤ ਕਰਤਾ ਕੇਸਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਭਰਾ ਦਾ ਕਤਲ ਕਰਨ ਤੋਂ ਬਾਅਦ ਉਸ ਗਟਰ ਵਿੱਚ ਸੁੱਟਿਆ ਗਿਆ ਸੀ ਪ੍ਰੰਤੂ ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰਨ ਦੀ ਥਾਂ ਮਹਿਜ਼ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਇਹ ਫਾਈਲ ਬੰਦ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਪੋਸਟਮਾਰਟਮ ਰਿਪੋਰਟ ਵਿੱਚ ਡਾਕਟਰਾਂ ਵੱਲੋਂ ਮੌਤ ਦੇ ਕਾਰਨ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਸੀ ਅਤੇ ਮ੍ਰਿਤਕ ਦੀ ਵਿਸਰਾ ਰਿਪੋਰਟ ਤੋਂ ਬਾਅਦ ਮੌਤ ਦਾ ਕਾਰਨ ਦੱਸਣ ਦੀ ਗੱਲ ਲਿਖੀ ਸੀ ਜੋ ਕਿ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਪੁਲੀਸ ਨੇ ਵਿੱਸਰਾ ਰਿਪੋਰਟ ਹੀ ਹਾਸਲ ਨਹੀਂ ਕੀਤੀ ਹੈ। ਇਸ ਬਾਰੇ ਪੁਲੀਸ ਉਸ ਨੂੰ ਹੀ ਸਰਕਾਰੀ ਲੈਬਾਰਟੀ ਵਿੱਚ ਭੇਜ ਕੇ ਪਤਾ ਕਰਨ ਦੀ ਗੱਲ ਆਖ ਦਿੰਦੇ ਹਨ ਪ੍ਰੰਤੂ ਪੁਲੀਸ ਕੇਸ ਹੋਣ ਕਾਰਨ ਲੈਬਾਰਟਰੀ ਵਾਲੇ ਉਨ੍ਹਾਂ ਨੂੰ ਵਿੱਸਰਾ ਰਿਪੋਰਟ ਦੇਣ ਤੋਂ ਇਨਕਾਰੀ ਹਨ।
(ਬਾਕਸ ਆਈਟਮ)
ਮੁਹਾਲੀ ਦੇ ਐਸਐਸਪੀ ਹਰਚਰਨ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਨਾ ਹੀ ਪੀੜਤ ਪਰਿਵਾਰ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਹੀ ਦਿੱਤੀ ਗਈ ਹੈ ਲੇਕਿਨ ਹੁਣ ਜਾਣਕਾਰੀ ਮਿਲਣ ਤੋਂ ਬਾਅਦ ਉਹ ਡੀਐਸਪੀ ਤੋਂ ਰਿਪੋਰਟ ਤਲਬ ਕਰਨਗੇ ਅਤੇ ਇਸ ਸਮੁੱਚੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਜੋ ਕੋਈ ਵੀ ਦੋਸ਼ ਪਾਇਆ ਗਿਆ। ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …