Nabaz-e-punjab.com

ਪੀਜੀ ਲੜਕੀ ਤੋਂ ਖੋਹਿਆ ਬੈਗ ਫੇਜ਼-1 ਦੀ ਰਿਹਾਇਸ਼ੀ ਪਾਰਕ ’ਚੋਂ ਮਿਲਿਆ

ਮੁਹਾਲੀ ਵਿੱਚ ਲਗਾਤਾਰ ਵਧ ਰਹੀਆਂ ਜੁਰਮ ਦੀਆਂ ਵਾਰਦਾਤਾਂ ਤੋਂ ਸ਼ਹਿਰ ਵਾਸੀ ਚਿੰਤਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਨੈਚਿੰਗ ਦੀਆਂ ਵਾਰਦਾਤਾ ਲਗਾਤਾਰ ਵਧ ਰਹੀਆਂ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਾਊਸ ਓਨਰਜ਼ ਵੈਲਫੇਅਰ ਐਸੋਸੀਏਸ਼ਨ ਫੇਜ਼-1 ਦੇ ਪ੍ਰਧਾਨ ਇੰਜ. ਪੀ.ਐਸ. ਵਿਰਦੀ ਨੇ ਦੱਸਿਆ ਕਿ ਕਨਾਲ ਦੀਆਂ ਕੋਠੀਆਂ ਵਾਲੇ ਬਲਾਕ ਸਥਿਤ ਰਿਹਾਇਸ਼ੀ ਪਾਰਕ ਨੰਬਰ-2 ਵਿੱਚ ਲੋਕ ਸੈਰ ਕਰਨ ਅਤੇ ਯੋਗਾ ਲਈ ਆਉਂਦੇ ਹਨ। ਅੱਜ ਸਵੇਰੇ ਕਰੀਬ ਸਾਢੇ 7 ਵਜੇ ਪਾਰਕ ਵਿੱਚ ਇਕ ਵਿਅਕਤੀ ਨੇ ਇਕ ਲਾਵਾਰਿਸ ਬੈਗ ਪਿਆ ਦੇਖਿਆ ਅਤੇ ਉਨ੍ਹਾਂ ਨੂੰ ਇਤਲਾਹ ਦਿੱਤੀ। ਉਨ੍ਹਾਂ ਬੈਗ ’ਚੋਂ ਸ਼ਨਾਖ਼ਤੀ ਕਾਰਡ ਅਤੇ ਏਟੀਐਮ ਕਾਰਡ ਤੇ ਹੋਰ ਕੁਝ ਦਸਤਾਵੇਜ਼ਾਂ ਤੋਂ ਪਤਾ ਲੱਗਾ ਕਿ ਇਹ ਬੈਗ ਰਣਜੀਤ ਕੌਰ ਦਾ ਹੈ। ਜੋ ਇੱਥੋਂ ਦੇ ਫੇਜ਼-5 ਵਿੱਚ ਪੀਜੀ ਵਿੱਚ ਰਹਿ ਰਹੀ ਹੈ। ਲੜਕੀ ਅਨੁਸਾਰ ਉਸ ਇਹ ਬੈਗ ਬੀਤੇ ਦਿਨੀਂ ਕਿਸੇ ਨੇ ਖੋਹ ਲਿਆ ਸੀ। ਲੜਕੀ ਨਾਲ ਮੋਬਾਈਲ ’ਤੇ ਸੰਪਰਕ ਕਰਕੇ ਸੱਦਿਆ ਗਿਆ ਅਤੇ ਸੈਰ ਵਾਲੀਆਂ ਅੌਰਤਾਂ ਦੀ ਮੌਜੂਦਗੀ ਵਿੱਚ ਬੈਗ ਅਤੇ ਦਸਤਾਵੇਜ਼ ਪੀੜਤ ਲੜਕੀ ਨੂੰ ਸੌਂਪੇ ਗਏ।
ਸ੍ਰੀ ਵਿਰਦੀ ਨੇ ਕਿਹਾ ਕਿ ਸ਼ਹਿਰ ਵਿੱਚ ਲਗਾਤਾਰ ਅਪਰਾਧ ਵਧਦਾ ਜਾ ਰਿਹਾ ਹੈ। ਬੀਤੇ ਦਿਨੀਂ ਇਸੇ ਇਲਾਕੇ ਵਿੱਚ ਦਿਨ ਦਿਹਾੜੇ ਇਕ ਬਜ਼ੁਰਗ ਅੌਰਤ ਨੂੰ ਬੰਦੀ ਬਣਾ ਕੇ ਵਿਦੇਸ਼ੀ ਕਰੰਸੀ ਅਤੇ ਗਹਿਣੇ ਲੁੱਟਣ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਉਸੇ ਖੇਤਰ ਵਿੱਚ ਸ਼ਾਮ ਨੂੰ ਸਵਾ 4 ਵਜੇ ਲੁਟੇਰਿਆਂ ਨੇ ਇਕ ਹੋਰ ਵਾਰਦਾਤ ਨੂੰ ਅੰਜਾਮ ਦਿੰਦਿਆਂ ਇਕ ਅੌਰਤ ਤੋਂ ਪਰਸ ਖੋਹ ਲਿਆ। ਹਾਲਾਂਕਿ ਸਵੇਰੇ ਵਾਲੀ ਵਾਰਦਾਤ ਤੋਂ ਬਾਅਦ ਪੁਲੀਸ ਨੂੰ ਅਲਰਟ ਰਹਿਣਾ ਚਾਹੀਦਾ ਸੀ ਪ੍ਰੰਤੂ ਇਕੋ ਏਰੀਆ ਵਿੱਚ ਦੋ ਵਾਰਦਾਤਾ ਦਾ ਹੋਣਾ ਪੁਲੀਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ-ਚਿੰਨ੍ਹ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਪੁਲੀਸ ਗਸ਼ਤ ਵਧਾਈ ਜਾਵੇ ਅਤੇ ਸਟਰੀਟ ਕਰਾਈਮ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਸ਼ਹਿਰ ਵਾਸੀ ਆਪਣੇ ਘਰਾਂ ਵਿੱਚ ਸੁਰੱਖਿਆ ਰਹਿ ਸਕਣ।
(ਬਾਕਸ ਆਈਟਮ)
ਅਕਾਲੀ ਕੌਂਸਲਰ ਗੁਰਮੀਤ ਕੌਰ ਅਤੇ ਸਮਾਜ ਸੇਵੀ ਹਰਬਿੰਦਰ ਸਿੰਘ ਸੈਣੀ ਨੇ ਕਿਹਾ ਕਿ ਪਹਿਲਾਂ ਜਦੋਂ ਪੀਸੀਆਰ ਪਾਰਟੀ ਕੋਲ ਨੀਲੀ ਬੱਤੀ ਵਾਲੇ ਮੋਟਰ ਸਾਈਕਲ ਹੁੰਦੇ ਸੀ ਤਾਂ ਉਦੋਂ ਪੁਲੀਸ ਕਾਫੀ ਮੁਸਤੈਦ ਰਹਿੰਦੀ ਸੀ ਅਤੇ ਦਿਨੇ ਅਤੇ ਰਾਤ ਨੂੰ ਪੀਸੀਆਰ ਦੇ ਜਵਾਨ ਮੋਟਰ ਸਾਈਕਲ ’ਤੇ ਹੂਟਰ ਮਾਰਦੇ ਹੋਏ ਗਲੀ ਮੁਹੱਲਿਆਂ ਵਿੱਚ ਘੁੰਮਦੇ ਨਜ਼ਰ ਆਉਂਦੇ ਸੀ ਪਰ ਹੁਣ ਜਦ ਤੋਂ ਪੀਸੀਆਰ ਜਵਾਨਾਂ ਨੂੰ ਗੱਡੀਆਂ ਦਿੱਤੀਆਂ ਹਨ। ਉਹ ਅਵੇਲਵੇ ਜਿਹੇ ਹੋ ਗਏ ਜਾਪਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਗਸ਼ਤ ਤੇਜ਼ ਕਰਨ ਦੇ ਨਾਲ ਨਾਲ ਪੁਲੀਸ ਨੂੰ ਰੈਜ਼ੀਡੈਂਟਸ ਐਸੋਸੀਏਸ਼ਨਾਂ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਵੀ ਤਾਲਮੇਲ ਬਣਾਉਣ ਦੀ ਲੋੜ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…