Share on Facebook Share on Twitter Share on Google+ Share on Pinterest Share on Linkedin ਬੱਬੀ ਬਾਦਲ ਦੇ ਘਰ ਸੋਮਵਾਰ ਨੂੰ ਹੋਵੇਗੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ 5 ਮੈਂਬਰੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਪੰਜਾਬ ਕੈਬਨਿਟ ਤੋਂ ਲਾਂਭੇ ਹੋਏ ਨਵਜੋਤ ਸਿੱਧੂ ਨੂੰ ਤੀਜੇ ਫਰੰਟ ਨਾਲ ਜੁੜ ਕੇ ਪੰਜਾਬ ਦੀ ਅਗਵਾਈ ਕਰਨ ਦੀ ਅਪੀਲ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ, 550 ਸਾਲਾਂ ਪ੍ਰਕਾਸ਼ ਪੁਰਬ ਤੇ ਸ੍ਰੀ ਅਨੰਦਪੁਰ ਸਾਹਿਬ ਮਤੇ ’ਤੇ ਹੋਵੇਗੀ ਚਰਚਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ: ਸ੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਬੀਤੇ ਦਿਨੀਂ ਸਾਬਕਾ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਹੇਠ ਗਠਿਤ ਕੀਤੀ ਪੰਜ ਮੈਂਬਰੀ ਹਾਈ ਪਾਵਰ ਕਮੇਟੀ ਦੀ ਪਲੇਠੀ ਮੀਟਿੰਗ ਭਲਕੇ ਸੋਮਵਾਰ ਨੂੰ ਮੁਹਾਲੀ ਦੇ ਫੇਜ਼-11 ਵਿੱਚ ਸਥਿਤ ਯੂਥ ਵਿੰਗ ਦੇ ਕੌਮੀ ਪ੍ਰਧਾਨ ਬੱਬੀ ਬਾਦਲ ਦੇ ਨਿਵਾਸ ਮਕਾਨ ਨੰਬਰ-2403 ਵਿੱਚ ਸਵੇਰੇ 11 ਵਜੇ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਮੀਟਿੰਗ ਦੀ ਪ੍ਰਧਾਨਗੀ ਪੰਜ ਮੈਂਬਰੀ ਹਾਈ ਪਾਵਰ ਕਮੇਟੀ ਦੇ ਕਨਵੀਨਰ ਜਥੇਦਾਰ ਸੇਵਾ ਸਿੰਘ ਸੇਖਵਾਂ ਕਰਨਗੇ। ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਡਾ. ਰਤਨ ਸਿੰਘ ਅਜਨਾਲਾ, ਮੀਤ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਸ਼ਾਮਲ ਹੋਣਗੇ। ਮੀਟਿੰਗ ਉਪਰੰਤ 5 ਮੈਂਬਰੀ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰੇਗੀ ਅਤੇ ਪਾਰਟੀ ਦੀ ਰਣਨੀਤੀ ਬਾਰੇ ਚਾਨਣਾ ਪਾਉਣਗੇ। ਸ੍ਰੀ ਪੀਰ ਮੁਹੰਮਦ ਨੇ ਦੱਸਿਆ ਕਿ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਨ ਸਮੇਤ ਪੰਜਾਬ ਦੇ ਪਾਣੀਆਂ ਦੀ ਲੁੱਟ-ਖਸੁੱਟ, ਬਿਜਲੀ ਦਰਾਂ ਵਿੱਚ ਕੀਤੇ ਅਥਾਹ ਵਾਧੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਮੌਜੂਦਾ ਸੰਦਰਭ ਵਿੱਚ ਢਾਲਣ ਆਦਿ ਮੁੱਦਿਆਂ ’ਤੇ ਡੂੰਘੀ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਮਖ਼ਿਆਲੀ ਪੰਥਕ ਅਤੇ ਰਾਜਸੀ ਜਥੇਬੰਦੀਆਂ ਨਾਲ ਗੰਢ-ਤੁਪ ਕਰਨ ਬਾਰੇ ਠੋਸ ਰਣਨੀਤੀ ਤਿਆਰ ਕੀਤੀ ਜਾਵੇਗੀ। ਉਧਰ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਹਾਲ ਹੀ ਵਿੱਚ ਪੰਜਾਬ ਕੈਬਨਿਟ ਤੋਂ ਲਾਂਭੇ ਹੋਏ ਚਰਚਿਤ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅੱਜ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਸੁਨੇਹਾ ਭੇਜ ਕੇ ਅਪੀਲ ਕੀਤੀ ਕਿ ਉਹ ਤੁਰੰਤ ਤੀਜੇ ਫਰੰਟ ਨਾਲ ਜੁੜ ਕੇ ਪੰਜਾਬ ਦੇ ਲੋਕਾਂ ਦੀ ਅਗਵਾਈ ਕਰਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਉਨ੍ਹਾਂ ਦੀ ਇਮਾਨਦਾਰ ਸ਼ਖ਼ਸੀਅਤ, ਬੇਬਾਕੀ ਨਾਲ ਗੱਲ ਕਹਿਣ ਅਤੇ ਕੰਮ ਕਰਨ ਦੇ ਢੰਗ ਤਰੀਕੇ ਦੇ ਕਾਇਲ ਹਨ। ਲਿਹਾਜ਼ਾ ਕਾਂਗਰਸ ਅਤੇ ਅਕਾਲੀ ਭਾਜਪਾ ਗੱਠਜੋੜ ਨੂੰ ਸੱਤਾ ਤੋਂ ਦੂਰ ਰੱਖਣ ਲਈ ਉਹ ਅੱਗੇ ਹੋ ਕੇ ਪੰਜਾਬ ਨੂੰ ਯੋਗ ਅਗਵਾਈ ਦੇਣ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸ੍ਰੀ ਸਿੱਧੂ ਟਕਸਾਲੀ ਦਲ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਹੈ। ਇਸ ਮੌਕੇ ਪੀਰ ਮੁਹੰਮਦ ਨੇ ਆਮ ਆਦਮੀ ਪਾਰਟੀ (ਆਪ) ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਦੇ ਉਸ ਬਿਆਨ ਦਾ ਸਖ਼ਤ ਨੋਟਿਸ ਲਿਆ। ਜਿਸ ਵਿੱਚ ਸ੍ਰੀ ਸੰਧਵਾ ਨੇ ਬਿਨਾਂ ਵਜਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੂਰਬ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਵੱਖਰੇ ਤੌਰ ’ਤੇ ਪ੍ਰੋਗਰਾਮ ਉਲੀਕਣ ਬਾਰੇ ਨੁਕਤਾਚੀਨੀ ਕੀਤੀ ਸੀ। ਉਨ੍ਹਾਂ ਕਿਹਾ ਕਿ ਟਕਸਾਲੀ ਦਲ ਨੂੰ ਸ੍ਰੀ ਸੰਧਵਾ ਦੀਆਂ ਸਲਾਹਾ ਦੀ ਕੋਈ ਲੋੜ ਨਹੀਂ ਹੈ। ਟਕਸਾਲੀ ਆਗੂ ਨੇ ਕਿਹਾ ਕਿ ਵਿਧਾਇਕ ਕੁਲਤਾਰ ਵਰਗੇ ਲੋਕਾਂ ਨੂੰ ਕਾਂਗਰਸ, ਭਾਜਪਾ ਅਤੇ ਬਾਦਲ ਦਲ ਨਾਲ ਹੱਥ ਮਿਲਾਉਣ ਵਿੱਚ ਕੋਈ ਸ਼ਰਮ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਨਾਨਾ ਗਿਆਨੀ ਜੈਲ ਸਿੰਘ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੇ ਅਨਿਨ ਸੇਵਕ ਸਨ ਅਤੇ ਦੇਸ਼ ਦੇ ਰਾਸ਼ਟਰਪਤੀ ਹੁੰਦਿਆਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਦੇ ਸਮੇਂ ਇੰਦਰਾ ਗਾਂਧੀ ਅੱਗੇ ਬੇਵੱਸ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ