nabaz-e-punjab.com

ਮੁਹਾਲੀ ਦੀ ਐਨਆਈਏ ਅਦਾਲਤ ਨੇ ਬੱਬਰ ਖਾਲਸਾ ਦੇ ਚਾਰ ਕਾਰਕੁਨਾਂ ਨੂੰ ਜੇਲ੍ਹ ਭੇਜਿਆ

ਖਾੜਕੂ ਜਥੇਬੰਦੀਆਂ ਤੇ ਹੋਰ ਗੰਭੀਰ ਅਪਰਾਧਾਂ ਦੇ ਮਾਮਲਿਆਂ ਵਿੱਚ ਐਨਆਈਏ ਦਾ ਸਹਿਯੋਗ ਲਿਆ ਜਾਵੇ: ਗ੍ਰਹਿ ਵਿਭਾਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਬੱਬਰ ਖਾਲਸਾ ਦੇ ਚਾਰ ਕਾਰਕੁਨਾਂ ਰਵਿੰਦਰ ਸਿੰਘ, ਜਗਦੇਵ ਸਿੰਘ, ਹਰਚੰਦ ਸਿੰਘ ਅਤੇ ਨਿਸ਼ਾਨ ਸਿੰਘ ਨੂੰ 26 ਅਗਸਤ ਤੱਕ ਜੇਲ੍ਹ ਭੇਜ ਦਿੱਤਾ ਹੈ। ਇਨ੍ਹਾਂ ਦੇ ਖ਼ਿਲਾਫ਼ 30 ਮਈ 2019 ਨੂੰ ਅੰਮ੍ਰਿਤਸਰ ਦੇ ਥਾਣੇ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹੁਣ ਇਹ ਕੇਸ ਨੈਸ਼ਨਲ ਜਾਂਚ ਏਜੰਸੀ (ਐਨਆਈਏ) ਨੂੰ ਸੌਂਪਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਐਨਆਈਏ ਦੀ ਹਿਰਾਸਤ ਵਿੱਚ ਸਨ। ਐਨਆਈਏ ਦੀ ਜਾਂਚ ਟੀਮ ਨੇ ਸੱਤ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਸੋਮਵਾਰ ਨੂੰ ਰਵਿੰਦਰ ਸਿੰਘ, ਜਗਦੇਵ ਸਿੰਘ, ਹਰਚੰਦ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 26 ਅਗਸਤ ਤੱਕ ਜੇਲ੍ਹ ਭੇਜ ਦਿੱਤਾ।
ਉਧਰ, ਪੰਜਾਬ ਪੁਲੀਸ ਦੇ ਉੱਚ ਸੂਤਰਾਂ ਦੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਅਤੇ ਗ੍ਰਹਿ ਮੰਤਰਾਲੇ ਵੱਲੋਂ ਖਾੜਕੂ ਜਥੇਬੰਦੀਆਂ ਅਤੇ ਹੋਰ ਗੰਭੀਰ ਅਪਰਾਧਾਂ ਦੇ ਮਾਮਲਿਆਂ ਵਿੱਚ ਨੈਸ਼ਨਲ ਜਾਂਚ ਏਜੰਸੀ (ਐਨਆਈਏ) ਤੋਂ ਸਹਿਯੋਗ ਲੈਣ ਲਈ ਕਿਹਾ ਗਿਆ ਹੈ। ਸੂਤਰ ਦੱਸਦੇ ਹਨ ਕਿ ਅਜਿਹਾ ਸਮਝਿਆ ਜਾਂਦਾ ਹੈ ਕਿ ਪੰਜਾਬ ਪੁਲੀਸ ’ਤੇ ਕਥਿਤ ਤੌਰ ’ਤੇ ਸਿਆਸੀ ਦਬਾਅ ਪੈਣ ਦਾ ਵਧੇਰੇ ਖ਼ਦਸਾ ਰਹਿੰਦਾ ਹੈ। ਅਕਸਰ ਸਥਾਨਕ ਮਾਮਲਿਆਂ ਵਿੱਚ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ, ਪ੍ਰੰਤੂ ਐਨਆਈਏ ਦੀ ਜਾਂਚ ਬਿਲਕੁਲ ਆਜ਼ਾਦ ਤੇ ਨਿਰਪੱਖ ਜਾਂਚ ਏਜੰਸੀ ਹੈ ਅਤੇ ਕੋਈ ਹੁਕਮਰਾਨ ਜਾਂ ਸਰੂਖਵਾਨ ਵਿਅਕਤੀ ਐਨਆਈਏ ਦੀਅ ਜਾਂਚ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਪਠਾਨਕੋਟ ਏਅਰਬੇਸ ਹਮਲਾ, ਪੰਜਾਬ ਵਿੱਚ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਦੇ ਮਾਮਲਿਆਂ ਦੀ ਜਾਂਚ ਪਿਛਲੇ ਸਮੇਂ ਦੌਰਾਨ ਐਨਆਈਏ ਨੂੰ ਸੌਂਪੀਆਂ ਗਈਆਂ ਹਨ।
ਜਿਨ੍ਹਾਂ ਵਿੱਚ ਹਿੰਦੂ ਤਖ਼ਤ ਲੁਧਿਆਣਾ ਦੇ ਪ੍ਰਚਾਰਕ ਅਮਿਤ ਸ਼ਰਮਾ ਦੀ ਹੱਤਿਆ, ਆਰਐਸਐਸ ਆਗੂ ਅਤੇ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਕਤਲ ਅਤੇ ਇੰਜੀਨੀਅਰਿੰਗ ਕਾਲਜ ਜਲੰਧਰ ’ਚੋਂ 1 ਕਿੱਲੋ ਧਮਾਕਾ ਖੇਜ ਸਮਗਰੀ ਅਤੇ ਏਕੇ-47 ਰਾਈਫ਼ਲ ਅਤੇ ਹੋਰ ਅਸਲੇ ਸਮੇਤ ਗ੍ਰਿਫ਼ਤਾਰ ਕਸ਼ਮੀਰੀ ਨੌਜਵਾਨਾਂ ਸਮੇਤ ਹੋਰ ਕਈ ਮਾਮਲੇ ਸ਼ਾਮਲ ਹਨ। ਅਤੇ ਇਹ ਸਾਰੇ ਮਾਮਲੇ ਮੁਹਾਲੀ ਅਦਾਲਤ ਵਿੱਚ ਚਲ ਰਹੇ ਹਨ। ਹਿੰਦੂ ਆਗੂਆਂ ਦੀ ਹੱਤਿਆ ਅਤੇ ਜਾਨਲੇਵਾ ਹਮਲਿਆਂ ਦੇ ਮਾਮਲੇ ਵਿੱਚ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਅਤੇ ਰਮਨਦੀਪ ਸਿੰਘ ਕੈਨੇਡੀਅਨ ਸਮੇਤ ਹੋਰ ਕਾਫੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …