nabaz-e-punjab.com

ਮੁਹਾਲੀ ਵਿੱਚ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਅਤੇ ਸ਼ਿਕਾਇਤਾਂ ਦਾ ਸਿਲਸਿਲਾ ਜਾਰੀ

ਪਿੰਡ ਬਹਾਲਪੁਰ ਦੀ ਸ਼ਾਮਲਾਤ ਜ਼ਮੀਨ ’ਚੋਂ ਨਾਜਾਇਜ਼ ਮਾਈਨਿੰਗ ਸਬੰਧੀ ਡੀਸੀ ਨੂੰ ਦਿੱਤੀ ਸ਼ਿਕਾਇਤ

ਮੁਹਾਲੀ ਵਿੱਚ ਕਾਨੂੰਨੀ ਤੌਰ ’ਤੇ ਮਾਈਨਿੰਗ ਸਬੰਧੀ ਈ-ਨੀਲਾਮੀ ਵਿੱਚ ਕੋਈ ਨਹੀਂ ਬਹੁੜਿਆ: ਸੰਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੁਲਾਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਗੈਰ ਕਾਨੂੰਨੀ ਮਾਈਨਿੰਗ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਬਲਾਕ ਮਾਜਰੀ ਅਧੀਨ ਆਉਂਦੇ ਪਿੰਡ ਬਹਾਲਪੁਰ ਦੀ ਪੰਚਾਇਤ ਨੇ ਸੋਮਵਾਰ ਨੂੰ ਮੁਹਾਲੀ ਵਿੱਚ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੂੰ ਲਿਖਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਸ਼ਾਮਲਾਤ ਜ਼ਮੀਨ ’ਚੋਂ ਸ਼ਰ੍ਹੇਆਮ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ। ਉਧਰ, ਮਾਈਨਿੰਗ ਸਬੰਧੀ ਈ-ਨੀਲਾਮੀ ਰਾਹੀਂ ਖੱਡਾਂ ਦੀ ਖੁੱਲ੍ਹੀ ਬੋਲੀ ਕੀਤੀ ਗਈ ਲੇਕਿਨ ਮੁਹਾਲੀ ਦੀਆਂ ਛੇ ਖੱਡਾਂ ਦੀ ਈ-ਨੀਲਾਮੀ ਲਈ ਕਿਸੇ ਵਿਅਕਤੀ ਨੇ ਬੋਲੀ ਦੇਣ ਲਈ ਅਪਲਾਈ ਹੀ ਨਹੀਂ ਕੀਤਾ। ਜਿਸ ਕਾਰਨ ਚਡਿਆਲਾ, ਭਗਵਾਨਪੁਰਾ, ਭਾਂਖਰਪੁਰ, ਬਹੁੜੀ, ਝੱਜੋਂ ਅਤੇ ਸਾਰੰਗਪੁਰ ਆਦਿ ਖੱਡਾਂ ਦੀ ਨਿਲਾਮੀ ਨਹੀਂ ਹੋ ਸਕੀ। ਇਸ ਗੱਲ ਦੀ ਪੁਸ਼ਟੀ ਜ਼ਿਲ੍ਹਾ ਮਾਈਨਿੰਗ ਅਫ਼ਸਰ ਕਮ ਨੋਡਲ ਅਫ਼ਸਰ ਗੁਰਪ੍ਰੀਤਪਾਲ ਸਿੰਘ ਸੰਧੂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਕਾਨੂੰਨੀ ਤੌਰ ’ਤੇ ਮਾਈਨਿੰਗ ਸਬੰਧੀ ਈ-ਨੀਲਾਮੀ ਰਾਹੀਂ ਖੱਡਾਂ ਦੀ ਖੁੱਲ੍ਹੀ ਬੋਲੀ ਕੀਤੀ ਗਈ ਹੈ ਪ੍ਰੰਤੂ ਉਕਤ ਖੱਡਾਂ ਦੀ ਬੋਲੀ ਦੇਣ ਲਈ ਕੋਈ ਨਹੀਂ ਬਹੁੜਿਆ।
ਪਿੰਡ ਬਹਾਲਪੁਰ ਦੇ ਸਰਪੰਚ ਲਖਵਿੰਦਰ ਸਿੰਘ, ਪੰਚ ਪਰਦੀਪ ਸਿੰਘ ਅਤੇ ਹੋਰਨਾਂ ਉੱਦਮੀ ਨੌਜਵਾਨਾਂ ਨੇ ਦੱਸਿਆ ਕਿ ਸ਼ਾਮਲਾਤ ਜ਼ਮੀਨ ’ਚੋਂ ਕੁਝ ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰ ਰਹੇ ਹਨ। ਇਸ ਸਬੰਧੀ ਪਹਿਲਾਂ ਗਰਾਮ ਪੰਚਾਇਤ ਵੱਲੋਂ 8 ਮਾਰਚ ਨੂੰ ਸ਼ਿਕਾਇਤ ਦਿੱਤੀ ਗਈ ਸੀ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਬੰਦ ਹੋਣ ਦੀ ਬਜਾਏ ਲਗਾਤਾਰ ਵਧ ਫੁਲ ਰਿਹਾ ਹੈ ਅਤੇ ਸ਼ਾਮਲਾਤ ਜ਼ਮੀਨ ਵਿੱਚ 15 ਤੋਂ 20 ਫੁੱਟ ਡੂੰਘੇ ਖੱਡੇ ਪੈ ਚੁੱਕੇ ਹਨ। ਮਾਈਨਿੰਗ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੀਡੀਪੀਓ ਰਾਹੀਂ ਸ਼ਿਕਾਇਤ ਪ੍ਰਾਪਤ ਹੋਈ ਸੀ ਅਤੇ ਸ਼ਿਕਾਇਤ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਵਾਂ ਦਾ ਵੇਰਵਾ ਦਿੱਤਾ ਗਿਆ ਸੀ। ਉਨ੍ਹਾਂ ਦੇ ਖ਼ਿਲਾਫ਼ ਸਵਾ ਮਹੀਨਾ ਪਹਿਲਾਂ ਪੁਲੀਸ ਕਾਰਵਾਈ ਲਈ ਮੁੱਲਾਂਪੁਰ ਗਰੀਬਦਾਸ ਥਾਣਾ ਨੂੰ ਸਿਫਾਰਸ਼ ਕੀਤੀ ਜਾ ਚੁੱਕੀ ਹੈ।
(ਬਾਕਸ ਆਈਟਮ)
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਤਿੰਨ ਪਿੰਡਾਂ ਮੀਆਂਪੁਰ ਚੰਗਰ, ਕੁੱਬਾਹੇੜੀ ਅਤੇ ਅਭੀਪੁਰ ਵਿੱਚ 193 ਜ਼ਮੀਨ ਮਾਲਕਾਂ ਦੀ ਸ਼ਨਾਖ਼ਤ ਕਰਕੇ 52.33 ਕਰੋੜ ਜੁਰਮਾਨੇ ਦੀ ਵਸੂਲੀ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਐਸਡੀਐਮ ਨੂੰ ਹਦਾਇਤ ਕੀਤੀ ਗਈ ਕਿ ਜ਼ਮੀਨ ਮਾਲਕਾਂ ਨੂੰ ਨੋਟਿਸ ਦੀ ਕਾਪੀ ਪੁੱਜਦੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪਿੰਡ ਧਰਮਗੜ੍ਹ ਤੇ ਕੋਰੇਮਾਜਰਾ ਅਤੇ ਪਿੰਡ ਕਕਰਾਲੀ ਵਿੱਚ ਨਾਜਾਇਜ਼ ਮਾਈਨਿੰਗ ਬਾਰੇ ਮਿਲੀਆਂ ਸ਼ਿਕਾਇਤਾਂ ਬਾਰੇ ਮਾਲ ਰਿਕਾਰਡ ਮੁਤਾਬਕ ਸਬੰਧਤ ਜ਼ਮੀਨਾਂ ਦੇ ਮਾਲਕਾਂ ਬਾਰੇ ਰਿਪੋਰਟ ਨਹੀਂ ਮਿਲੀ ਹੈ। ਰਿਪੋਰਟ ਮਿਲਣ ਤੋਂ ਬਾਅਦ ਜ਼ਮੀਨ ਮਾਲਕਾਂ ਨੂੰ ਜੁਰਮਾਨਾ ਵਸੂਲੀ ਦੇ ਨੋਟਿਸ ਜਾਰੀ ਕੀਤੇ ਜਾਣਗੇ। ਇਸ ਮਗਰੋਂ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
(ਬਾਕਸ ਆਈਟਮ)
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਬੀਤੇ ਦਿਨੀਂ ਪਿੰਡ ਖਿਜ਼ਰਾਬਾਦ ਵਿੱਚ ਨਾਜਾਇਜ਼ ਖਣਨ ਸਬੰਧੀ ਟਿੱਪਰ ਘੇਰ ਕੇ ਦਲੇਰੀ ਦਿਖਾਉਣ ਵਾਲੇ ਪਿੰਡ ਵਾਸੀਆਂ ਖਾਸ ਕਰਕੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਦਫ਼ਤਰ ਸੱਦਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਟਿੱਪਰ ਰੋਕ ਕੇ ਚੰਗਾ ਕੰਮ ਕੀਤਾ ਹੈ। ਜਿਨ੍ਹਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਸਬੰਧੀ ਜੇਕਰ ਕੋਈ ਟਿੱਪਰ ਜਾਂ ਹੋਰ ਵਾਹਨ ਮੌਕੇ ’ਤੇ ਫੜਿਆ ਜਾਂਦਾ ਹੈ ਤਾਂ ਉਸ ਦੀ ਕੀਮਤ ਦੀ 50 ਫੀਸਦੀ ਰਾਸ਼ੀ ਜੁਰਮਾਨਾ ਵਸੂਲਣ ਤੋਂ ਬਾਅਦ ਹੀ ਵਾਹਨ ਛੱਡਿਆ ਜਾਵੇਗਾ। ਜੇਕਰ ਕੋਈ ਜੁਰਮਾਨਾ ਨਹੀਂ ਭਰੇਗਾ ਤਾਂ ਸਬੰਧਤ ਵਾਹਨ ਨੂੰ ਕੇਸ ਨਾਲ ਅਟੈਚ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…