nabaz-e-punjab.com

ਆਵਾਜਾਈ ਨੂੰ ਸੌਖਾ ਬਣਾਉਣ ਤੇ ਹਾਦਸਿਆਂ ਨੂੰ ਠੱਲ੍ਹਣ ਲਈ ਦੇਸ਼ ਦਾ ਪਹਿਲਾ 3ਡੀ ਸਮਾਰਟ ਟਰੈਫ਼ਿਕ ਸਿਗਨਲ ਸ਼ੁਰੂ

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਟਰੈਫ਼ਿਕ ਪੁਲੀਸ ਨੇ ਮੁਹਾਲੀ ਵਿੱਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ

ਮੁਹਾਲੀ ਵਿੱਚ ਨਵੀਂ ਤਕਨੀਕ ਦੇ ਚੰਗੇ ਨਤੀਜੇ ਸਾਹਮਣੇ ਆਉਣ ’ਤੇ ਪੂਰੇ ਪੰਜਾਬ ’ਚ ਕੀਤਾ ਜਾਵੇਗਾ ਲਾਗੂ ਡਾ. ਚੌਹਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
ਪੰਜਾਬ ਪੁਲੀਸ ਨੇ ਸੂਬੇ ਦੀਆਂ ਮੁੱਖ ਸੜਕਾਂ ’ਤੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਚਲਾਉਣ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ਏਡੀਜੀਪੀ (ਟਰੈਫ਼ਿਕ) ਡਾ. ਸ਼ਰਦ ਸੱਤਿਆ ਚੌਹਾਨ ਦੀ ਨਿਗਰਾਨੀ ਹੇਠ ਰਵਾਇਤੀ ਟਰੈਫ਼ਿਕ ਸਿਗਨਲ ਪ੍ਰਣਾਲੀ ਦੀ ਥਾਂ ਆਧੁਨਿਕ ਸੈਂਸਰ ਆਧਾਰਿਤ ਟਰੈਫ਼ਿਕ ਸਿਗਨਲ ਪ੍ਰਣਾਲੀ ਵਿਕਸਤ ਕੀਤੀ ਹੈ। ਦੇਸ਼ ਭਰ ਵਿੱਚ ਪਹਿਲੀ ਵਾਰ ਇਸ ਨਵੀਂ ਤਕਨੀਕ ਨੂੰ ਆਈਟੀ ਸਿਟੀ ਮੁਹਾਲੀ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਲਾਗੂ ਕੀਤਾ ਗਿਆ ਹੈ। ਅੱਜ ਇੱਥੇ ਡਿਜੀਟਲ ਪੇਸ਼ਕਾਰੀ ਰਾਹੀਂ ਨਵੀਂ ਪ੍ਰਣਾਲੀ ਬਾਰੇ ਦੱਸਦਿਆਂ ਡਾ. ਚੌਹਾਨ ਨੇ ਕਿਹਾ
ਕਿ ਇਸ ਪ੍ਰਣਾਲੀ ਨੂੰ ਵਿਕਸਤ ਕਰਨ ਵਿੱਚ ਅਨੁਕਾਈ ਸਾਲਿਊਸ਼ਨਜ਼ ਦੇ ਗੌਰਵ, ਟਰੈਫ਼ਿਕ ਸਲਾਹਕਾਰ ਨਵਦੀਪ ਅਸੀਜਾ, ਪੰਜਾਬ ਵਿਜ਼ਨ ਜ਼ੀਰੋ ਦੇ ਪ੍ਰਾਜੈਕਟ ਮੈਨੇਜਰ ਅਰਬਾਬ ਅਹਿਮਦ, ਐਸਪੀ (ਸਿਟੀ-1)-ਕਮ-ਨੋਡਲ ਅਫ਼ਸਰ ਮੈਡਮ ਅਸ਼ਵਨੀ ਗੋਟਿਆਲ ਅਤੇ ਰੋਡ ਸੇਫਟੀ ਇੰਜੀਨੀਅਰ ਚਰਨਜੀਤ ਸਿੰਘ ’ਤੇ ਆਧਾਰਿਤ ਟੀਮ ਨੇ ਇਹ ਪ੍ਰਣਾਲੀ ਵਿਕਸਤ ਕੀਤੀ ਹੈ।
ਏਡੀਜੀਪੀ ਨੇ ਦੱਸਿਆ ਕਿ ਟਰੈਫ਼ਿਕ ਲਾਈਟਾਂ ’ਤੇ ਇਹ ਸਿਗਨਲ ਸੜਕ ਦੇ ਹਰੇਕ ਪਾਸੇ ਤੋਂ ਆ ਰਹੇ ਵਾਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਚੱਲੇਗਾ। ਇਹ ਸ਼ੁਰੂਆਤ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਇੱਥੋਂ ਦੇ ਸਨਅਤੀ ਏਰੀਆ ਫੇਜ਼-8 ਸਥਿਤ ਕੁਆਰਕ ਸਿਟੀ ਚੌਕ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਵਿੱਚ ਸਮੁੱਚੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਵਾਇਤੀ ਤਰੀਕਿਆਂ ਵਿੱਚ ਟਰੈਫ਼ਿਕ ਪੁਲੀਸ ਨੂੰ ਚੌਕਾਂ ਉੱਤੇ ਖੜ੍ਹ ਕੇ ਟਰੈਫ਼ਿਕ ਲੰਘਾਉਣਾ ਪੈਂਦਾ ਹੈ। ਇਸ ਮੰਤਵ ਟਰੈਫ਼ਿਕ ਮੁਲਾਜ਼ਮਾਂ ਦੀ ਬਹੁਤ ਲੋੜ ਪੈਂਦੀ ਹੈ, ਜਦੋਂਕਿ ਇਸ ਨਵੀਂ 3-ਡੀ ਤਕਨੀਕ ਰਾਹੀਂ ਟਰੈਫ਼ਿਕ ਸਿਗਨਲ ਪੂਰੀ ਤਰ੍ਹਾਂ ਆਟੋਮੈਟਿਕ ਹੋ ਜਾਣਗੇ ਅਤੇ ਸੈਂਸਰਾਂ ਨਾਲ ਜਿਸ ਪਾਸਿਓਂ ਜਿੰਨਾ ਟਰੈਫ਼ਿਕ ਆਏਗਾ, ਉਸ ਦੇ ਲੰਘਣ ਤੋਂ ਬਾਅਦ ਸਿਗਨਲ ਲਾਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਟਰੈਫ਼ਿਕ ਮੈਨੇਜਮੈਂਟ ਨੂੰ ਬਿਹਤਰ ਅਤੇ ਆਰਥਿਕ ਪੱਖੋਂ ਲਾਹੇਵੰਦ ਬਣਾਉਣ ਦੀ ਦਿਸ਼ਾ ਵਿੱਚ ਇਹ ਵੱਡਾ ਮਾਅਰਕਾ ਹੈ।
ਡਾ. ਚੌਹਾਨ ਨੇ ਇਸ ਸਮੁੱਚੇ ਪ੍ਰਾਜੈਕਟ ਲਈ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਟਰੈਫ਼ਿਕ ਪ੍ਰਣਾਲੀ ਵਿੱਚ ਤਕਨੀਕ ਦੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਚਿਤਕਾਰਾ ਯੂਨੀਵਰਸਿਟੀ ਦੇ ਸਟਾਰਟ ਅੱਪ ਅਨੁਕਾਈ ਸਾਲਿਊਸ਼ਨਜ਼ ਨਾਲ ਸਤੰਬਰ 2018 ਵਿੱਚ ਸਮਝੌਤਾ ਹੋਇਆ ਸੀ। ਜਿਸ ਮਗਰੋਂ ਇਸ ਕੰਮ ਲਈ 12 ਵਿਦਿਆਰਥੀਆਂ ਅਤੇ ਤਿੰਨ ਫੈਕਲਟੀ ਮੈਂਬਰਾਂ ਦੀ ਇਕ ਟੀਮ ਬਣਾਈ ਗਈ। ਉਨ੍ਹਾਂ ਦੱਸਿਆ ਕਿ ਸਮਾਂ ਆਧਾਰਿਤ ਟਰੈਫ਼ਿਕ ਲਾਈਟਾਂ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਾਫ਼ੀ ਮਹਿੰਗੀ ਪੈਂਦੀ ਹੈ, ਜੋ 70 ਲੱਖ ਤੋਂ ਇਕ ਕਰੋੜ ਰੁਪਏ ਤੱਕ ਪੈਂਦੀ ਹੈ, ਪ੍ਰੰਤੂ ਇਹ ਨਵੀਂ ਪ੍ਰਣਾਲੀ ਇਸ ਕੀਮਤ ਦੇ ਸਿਰਫ਼ ਇਕ ਫੀਸਦ ਨਾਲ ਕੰਮ ਕਰੇਗੀ ਅਤੇ ਪੂਰੀ ਤਰ੍ਹਾਂ ਆਟੋਮੈਟਿਕ ਸਿਸਟਮ ’ਤੇ ਆਧਾਰਿਤ ਹੈ। ਇਸ ਨਾਲ ਨਾ ਸਿਰਫ਼ ਪੈਸੇ ਦੀ ਵੱਡੇ ਪੱਧਰ ’ਤੇ ਬੱਚਤ ਹੋਵੇਗੀ, ਸਗੋਂ ਟਰੈਫ਼ਿਕ ਲਾਈਟਾਂ ਦੀ ਉਲੰਘਣਾ ਵਿੱਚ ਕਮੀ ਆਵੇਗੀ ਅਤੇ ਸੜਕ ਹਾਦਸਿਆਂ ਨੂੰ ਵੀ ਠੱਲ੍ਹ ਪਵੇਗੀ ਅਤੇ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ।
ਏਡੀਜੀਪੀ ਨੇ ਦੱਸਿਆ ਕਿ ਟਰੈਫ਼ਿਕ ਲਾਈਟਾਂ ’ਤੇ ਲੱਗਣ ਵਾਲੇ ਸਮੇਂ ਵਿੱਚ ਇਕ ਸੈਕਿੰਟ ਦੀ ਬੱਚਤ ਨਾਲ ਕਈ ਲੀਟਰ ਤੇਲ ਬਚਾਇਆ ਜਾ ਸਕੇਗਾ। ਨਵੀਂ ਪ੍ਰਣਾਲੀ ਤਹਿਤ ਇਕ ਪਾਸੇ ਦੇ ਵਾਹਨਾਂ ਨੂੰ ਲੰਘਣ ਲਈ 15 ਸੈਕਿੰਟ ਦਾ ਸਮਾਂ ਦਿੱਤਾ ਜਾਵੇਗਾ, ਜਿਹੜਾ ਪੈਦਲ ਚੱਲਣ ਵਾਲਿਆਂ ਦੇ ਸੜਕ ਪਾਰ ਕਰਨ ਲਈ ਦੇਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਪਾਇਲਟ ਪ੍ਰਾਜੈਕਟ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਵਿੱਚ 450 ਟਰੈਫ਼ਿਕ ਸਿਗਨਲਾਂ ’ਤੇ ਇਹ ਨਵੀਂ ਤਕਨੀਕ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਹੋਰ ਪ੍ਰਣਾਲੀਆਂ ਨਾਲ ਜੋੜਨ ਦੀ ਦਿਸ਼ਾ ਵਿੱਚ ਕੰਮ ਚੱਲ ਰਿਹਾ ਹੈ, ਜਿਸ ਤਹਿਤ ਇਕ ਥਾਂ ’ਤੇ ਬੈਠ ਕੇ ਹੀ ਟਰੈਫ਼ਿਕ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਮੌਕੇ ਰੂਪਨਗਰ ਰੇਂਜ ਦੀ ਆਈਜੀ ਵੀ. ਨੀਰਜਾ, ਐਸਐਸਪੀ ਮੁਹਾਲੀ ਕੁਲਦੀਪ ਸਿੰਘ ਚਾਹਲ, ਐਸਪੀ (ਸਿਟੀ-1) ਮੈਡਮ ਅਸ਼ਵਨੀ ਗੋਟਿਆਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਅਸ਼ੋਕ ਸ਼ਰਮਾ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਵਾਲੀ ਟੀਮ ਸਮੇਤ ਪੰਜਾਬ ਪੁਲੀਸ ਤੇ ਨਗਰ ਨਿਗਮ ਦੇ ਨੁਮਾਇੰਦੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …