nabaz-e-punjab.com

ਮੁਹਾਲੀ-ਖਰੜ ਫਲਾਈਓਵਰ ਤੇ ਐਲੀਵੇਟਿਡ ਸੜਕ ਦੀ ਉਸਾਰੀ ਦਾ ਕੰਮ ਠੰਢਾ, ਡੀਸੀ ਨੇ ਲਿਆ ਗੰਭੀਰ ਨੋਟਿਸ

ਡੀਸੀ ਨੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਫਲਾਈਓਵਰ ਤੇ ਸੜਕ ਨਿਰਮਾਣ ਦਾ ਕੰਮ ਛੇਤੀ ਮੁਕੰਮਲ ਕਰਨ ਲਈ ਲਿਖਿਆ ਪੱਤਰ

ਪੱਤਰ ਦਾ ਉਤਾਰਾ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਲੋਕ ਨਿਰਮਾਣ ਵਿਭਾਗ ਦੇ ਸਕੱਤਰ ਤੇ ਅਥਾਰਟੀ ਦੇ ਮੈਂਬਰ ਨੂੰ ਵੀ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਮੁਹਾਲੀ ਦੀ ਜੂਹ ਨੇੜਿਓਂ ਬਲੌਂਗੀ ਤੋਂ ਖਾਨਪੁਰ ਟੀ ਪੁਆਇੰਟ ਤੱਕ ਬਣਾਏ ਜਾਣ ਵਾਲੇ ਫਲਾਈਓਵਰ ਅਤੇ ਐਲੀਵੇਟਿਡ ਸੜਕ ਦੀ ਉਸਾਰੀ ਦਾ ਕੰਮ ਲਮਕ ਕਾਰਨ ਰਾਹਗੀਰਾਂ ਅਤੇ ਇਲਾਕੇ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਨਵੰਬਰ 2015 ਵਿੱਚ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਗਿਆ ਸੀ ਅਤੇ ਅਕਾਲੀ ਹਕੂਮਤ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਹਲੀ ਵਿੱਚ ਅੱਧਾ ਪਚੱਧਾ ਕੰਮ ਨੇਪਰੇ ਚਾੜ ਕੇ ਇਸ ਪ੍ਰਾਜੈਕਟ ਨੂੰ ਆਪਣੀਆਂ ਪ੍ਰਾਪਤੀਆਂ ਵਜੋਂ ਗਿਣਵਾਉਣ ਦੀ ਤਾਕ ਸੀ, ਲੇਕਿਨ ਬਾਦਲਾਂ ਦੀ ਇਹ ਆਸ ਪੂਰੀ ਨਹੀਂ ਹੋ ਸਕੀ। ਸੜਕ ਦੇ ਦੋਵੇਂ ਪਾਸਿਓਂ 900 ਤੋਂ ਵੱਧ ਹਰੇ ਭਰੇ ਰੁੱਖ ਵੀ ਕੱਟੇ ਜਾ ਚੁੱਕੇ ਹਨ ਅਤੇ ਹੁਣ ਕਾਫੀ ਮਕਾਨ ਤੇ ਦੁਕਾਨਾਂ ਵੀ ਢਾਹ ਦਿੱਤੀਆਂ ਗਈਆਂ ਹਨ। ਇਸ ਦੇ ਬਾਵਜੂਦ ਇਹ ਪ੍ਰਾਜੈਕਟ ਲਗਾਤਾਰ ਪਛੜਦਾ ਜਾ ਰਿਹਾ ਹੈ।
ਉਧਰ, ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਫਲਾਈਓਵਰ ਤੇ ਐਲੀਵੇਟਿਡ ਸੜਕ ਦੇ ਨਿਰਮਾਣ ਦਾ ਕੰਮ ਸੁਸਤ ਚਾਲ ਵਿੱਚ ਚੱਲਣ ਦਾ ਗੰਭੀਰ ਨੋਟਿਸ ਲਿਆ ਹੈ। ਡੀਸੀ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ ਨੂੰ ਪੱਤਰ ਲਿਖ ਕੇ ਉਕਤ ਪ੍ਰਾਜੈਕਟ ਦਾ ਕੰਮ ਜਲਦੀ ਮੁਕੰਮਲ ਕਰਨ ਲਈ ਆਖਿਆ ਹੈ। ਅਧਿਕਾਰੀ ਨੇ ਤਿੰਨ ਪੰਨਿਆਂ ਦੇ ਇਸ ਪੱਤਰ ਦਾ ਉਤਾਰਾ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਸਕੱਤਰ ਹੁਸਨ ਲਾਲ ਅਤੇ ਅਥਾਰਟੀ ਦੇ ਨਵੀਂ ਦਿੱਲੀ ਸਥਿਤ ਮੈਂਬਰ ਅਸੀਸ ਸ਼ਰਮਾ ਨੂੰ ਵੀ ਭੇਜਿਆ ਗਿਆ। ਪੱਤਰ ਅਨੁਸਾਰ ਇਸ ਸੜਕ ’ਤੇ ਬਹੁਤ ਜ਼ਿਆਦਾ ਖੱਡੇ ਬਣੇ ਹੋਏ ਅਤੇ ਰੋਜ਼ਾਨਾ ਲੰਮੇ ਲੰਮੇ ਜਾਮ ਲਗਦੇ ਹਨ। ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸੱਤ ਦਿਨਾਂ ਵਿੱਚ ਰਿਪੋਰਟ ਭੇਜੀ ਜਾਵੇ।
ਡੀਸੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਸੜਕ ਹਾਦਸਿਆਂ ਅਤੇ ਆਵਾਜਾਈ ਦਿੱਕਤਾਂ ਵਾਲੇ ਪੁਆਇੰਟਾਂ ਦਾ ਜਾਇਜ਼ਾ ਲਿਆ ਸੀ। ਇਸ ਦੌਰਾਨ ਦੇਖਿਆ ਗਿਆ ਕਿ ਬਲੌਂਗੀ ਤੋਂ ਖਾਨਪੁਰ ਤੱਕ ਉਸਾਰੀ ਅਧੀਨ ਫਲਾਈਓਵਰ ਅਤੇ ਐਲੀਵੇਟਿਡ ਸੜਕ ਦੀ ਹਾਲਤ ਕਾਫੀ ਮਾੜੀ ਹੈ ਅਤੇ ਕੰਮ ਕਾਫੀ ਠੰਢਾ ਚਲ ਰਿਹਾ ਹੈ। ਇੰਝ ਹੀ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਆਵਾਜਾਈ ਦੀ ਸਮੱਸਿਆ ਦਾ ਹੱਲ ਕਰਨ ਲਈ ਆਖਿਆ ਗਿਆ ਹੈ।
ਸਾਬਕਾ ਕੌਂਸਲਰ ਡਾ. ਪਵਨ ਕੁਮਾਰ ਜੈਨ, ਪੰਚਾਇਤ ਯੂਨੀਅਨ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਅਤੇ ਦੁਕਾਨਦਾਰ ਅਸ਼ੋਕ ਸ਼ਰਮਾ, ਨਰੇਸ਼ ਕੁਮਾਰ ਨੇਸ਼ੀ ਸਮੇਤ ਹੋਰਨਾਂ ਲੋਕਾਂ ਦਾ ਕਹਿਣਾ ਹੈ ਕਿ ਬਦਲਵੇਂ ਪ੍ਰਬੰਧ ਨਾ ਕੀਤੇ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੰਮਾ ਸਮਾਂ ਜਾਮ ਵਿੱਚ ਫਸੇ ਰਹਿੰਦੇ ਹਨ। ਜਿਸ ਕਾਰਨ ਰੋਜ਼ਾਨਾ ਕੰਮ-ਕਾਜੀ ਅੌਰਤਾਂ ਅਤੇ ਸਕੂਲ/ਕਾਲਜਾਂ ਦੇ ਵਿਦਿਆਰਥੀ ਪਛੜ ਕੇ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ 200 ਫੁੱਟ ਚੌੜੀ ਏਅਰਪੋਰਟ ਸੜਕ ਬਣਨ ਨਾਲ ਇਸ ਮਾਰਗ ’ਤੇ ਟਰੈਫ਼ਿਕ ਘਟਣ ਦੀ ਬਜਾਏ, ਉਲਟਾ ਹੋਰ ਜ਼ਿਆਦਾ ਵਧ ਗਿਆ ਹੈ। ਕਈ ਵਾਰ ਤਾਂ ਮੁਹਾਲੀ ਤੋਂ ਖਰੜ ਤੱਕ 5-7 ਮਿੰਟ ਦਾ ਸਫ਼ਰ ਤੈਅ ਕਰਨ ਵਿੱਚ ਅੱਧਾ ਜਾਂ ਪੌਣਾ ਘੰਟਾ ਵਿੱਚ ਲੱਗ ਜਾਂਦਾ ਹੈ।
(ਬਾਕਸ ਆਈਟਮ)
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ ਕ੍ਰਿਸ਼ਨਨ ਸਚਦੇਵਾ ਨੇ ਕਿਹਾ ਕਿ ਬਰਸਾਤ ਦੇ ਮੌਸਮ ਕਾਰਨ ਫਲਾਈਓਵਰ ਦੇ ਨਿਰਮਾਣ ਕਾਰਜਾਂ ਵਿੱਚ ਖੜੋਤ ਆਈ ਹੈ। ਉਨ੍ਹਾਂ ਕਿਹਾ ਕਿ ਜੁਲਾਈ ਦੇ ਪਹਿਲੇ ਹਫ਼ਤੇ ਹੀ ਪ੍ਰਾਈਵੇਟ ਕੰਪਨੀ ਨੂੰ ਨਵੇਂ ਸਿਰਿਓਂ ਕੰਮ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸੀ। ਉਨ੍ਹਾਂ ਦੱਸਿਆ ਕਿ ਮੌਸਮ ਸਾਫ਼ ਹੋਣ ਤੋਂ ਬਾਅਦ ਫਲਾਈਓਵਰ ਅਤੇ ਐਲੀਵੇਟਿਡ ਸੜਕ ਦੇ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਅਗਲੇ ਇਕ ਸਾਲ ਵਿੱਚ ਇਹ ਪ੍ਰਾਜੈਕਟ ਮੁਕੰਮਲ ਕਰਕੇ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਮੁਹਾਲੀ ਪ੍ਰਸ਼ਾਸਨ ਅਤੇ ਇਲਾਕੇ ਦੇ ਲੋਕਾਂ ਨੂੰ ਪੂਰਨ ਸਹਿਯੋਗ ਦੀ ਮੰਗ ਵੀ ਕੀਤੀ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…