nabaz-e-punjab.com

ਸੈਕਟਰ-69 ਵਿੱਚ ਘਰਾਂ ਨੇੜੇ ਸ਼ਰਾਬ ਠੇਕਾ ਖੋਲ੍ਹਣ ਵਿਰੁੱਧ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਇੱਥੋਂ ਦੇ ਸੈਕਟਰ-69 ਸਥਿਤ ਰਿਹਾਇਸ਼ੀ ਖੇਤਰ ਵਿੱਚ ਘਰਾਂ ਨੇੜੇ ਅਤੇ ਗਰੇਸ਼ੀਅਨ ਹਸਪਤਾਲ ਦੇ ਬਿਲਕੁਲ ਸਾਹਮਣੇ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਵਿਰੋਧ ਕਰਦਿਆਂ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਕੁੰਭੜਾ ਵਾਸੀਆਂ ਨੇ ਮੰਗ ਕੀਤੀ ਕਿ ਠੇਕੇ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ ਕਿਉਂਕਿ ਇਹ ਠੇਕਾ ਜਿਸ ਥਾਂ ’ਤੇ ਖੋਲ੍ਹਿਆ ਗਿਆ ਹੈ। ਉੱਥੇ ਨੇੜੇ ਹੀ ਇੱਕ ਪਾਸੇ ਸਕੂਲ ਅਤੇ ਦੂਜੇ ਪਾਸੇ ਪ੍ਰਾਈਵੇਟ ਹਸਪਤਾਲ ਹੈ ਅਤੇ ਬਿਲਕੁਲ ਸਾਹਮਣੇ ਪਿੰਡ ਕੁੰਭੜਾ ਵਿੱਚ ਬਾਬਾ ਬਾਲਕ ਨਾਥ ਮੰਦਰ ਵੀ ਹੈ। ਇਸ ਦੌਰਾਨ ਮੇਅਰ ਧੜੇ ਦੇ ਅਕਾਲੀ ਕੌਂਸਲਰ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਪਹਿਲਵਾਨ ਅਤੇ ਹੋਰ ਪਿੰਡ ਵਾਲਿਆਂ ਨੇ ਸ਼ਰਾਬ ਦੇ ਠੇਕੇਦਾਰ ਰਵੀ ਸ਼ਰਮਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਨਿੱਜੀ ਤੌਰ ’ਤੇ ਉਨ੍ਹਾਂ ਦੇ ਖ਼ਿਲਾਫ਼ ਨਹੀਂ ਹਨ ਪ੍ਰੰਤੂ ਘਰਾਂ, ਹਸਪਤਾਲ ਅਤੇ ਸਕੂਲ ਤੋਂ ਥੋੜ੍ਹਾ ਪਾਸੇ ਹੱਟ ਕੇ ਠੇਕਾ ਖੋਲ੍ਹਿਆ ਜਾਵੇ।
ਇਸ ਮੌਕੇ ਅਕਾਲੀ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਪਹਿਲਵਾਨ, ਤੇਜਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਇਹ ਠੇਕਾ ਇੱਥੇ ਗਲਤ ਤਰੀਕੇ ਨਾਲ ਬਣਾਇਆ ਗਿਆ ਹੈ ਅਤੇ ਨਿਯਮਾਂ ਅਨੁਸਾਰ ਘਰਾਂ, ਸਕੂਲ, ਮੰਦਰ ਅਤੇ ਹਸਪਤਾਲ ਨੇੜੇ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹ ਸਕਦਾ ਹੈ। ਉਂਜ ਵੀ ਇਸ ਚੌਕ ’ਤੇ ਭਾਰੀ ਟਰੈਫ਼ਿਕ ਹੋਣ ਕਾਰਨ ਹਰ ਸਮੇਂ ਹਾਦਸਾ ਵਾਪਰਨ ਦਾ ਖ਼ਤਰਾ ਰਹਿੰਦਾ ਹੈ। ਮਹਿਲਾ ਆਗੂ ਚਰਨਜੀਤ ਕੌਰ ਨੇ ਕਿਹਾ ਕਿ ਅੱਜ ਠੇਕੇਦਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਅਤੇ ਜੇਕਰ ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਤਾਂ ਪਿੰਡ ਵਾਸੀ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸ ਮੌਕੇ ਜ਼ੈਲਦਾਰ ਬਲਵਿੰਦਰ ਸਿੰਘ, ਰਾਜੇਸ਼ ਲਖੋਤਰਾ, ਅਮਰੀਕ ਸਿੰਘ, ਸਾਧੂ ਸਿੰਘ, ਲਾਭ ਸਿੰਘ, ਸੁਨੀਤਾ ਸ਼ਰਮਾ, ਗੁਰਮੀਤ ਸਿੰਘ, ਗੁਰਸੇਵਕ ਸਿੰਘ, ਕੁਲਵੰਤ ਸਿੰਘ, ਗੌਰਵ ਕੁਮਾਰ, ਜਗਤਾਰ ਸਿੰਘ, ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
(ਬਾਕਸ ਆਈਟਮ)
ਠੇਕੇਦਾਰ ਰਵੀ ਸ਼ਰਮਾ ਨੇ ਲੋਕਾਂ ਨੂੰ ਦੱਸਿਆ ਕਿ ਉਸ ਨੇ 5 ਕਰੋੜ 55 ਲੱਖ ਰੁਪਏ ਜਮ੍ਹਾ ਕਰਵਾ ਠੇਕਾ ਲਿਆ ਅਤੇ ਗਮਾਡਾ ਨੇ ਇਹ ਥਾਂ ਅਲਾਟ ਕੀਤੀ ਹੈ। ਪ੍ਰੰਤੂ ਫਿਰ ਵੀ ਉਹ ਇਸ ਗੱਲ ਲਈ ਤਿਆਰ ਹਨ ਕਿ ਜੇਕਰ ਗਮਾਡਾ ਕੋਈ ਹੋਰ ਬਦਲਵੀਂ ਢੁਕਵੀਂ ਸਾਈਟ ਅਲਾਟ ਕਰਦਾ ਹੈ ਤਾਂ ਉਹ ਆਪਣਾ ਠੇਕਾ ਉੱਥੇ ਤਬਦੀਲ ਕਰ ਲੈਣਗੇ। ਠੇਕੇਦਾਰ ਨੇ ਕਿਹਾ ਕਿ ਅਸਲ ਵਿੱਚ ਇਹ ਸਾਰਾ ਕੁਝ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਕੁੰਭੜਾ ਦੇ ਦੂਜੇ ਪਾਸੇ ਵੀ ਸ਼ਰਾਬ ਠੇਕਾ ਹੈ। ਉਹ ਤਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਹੈ। ਕਿਉਂÎਕ ਉਹ ਠੇਕਾ ਰਸੂਖਵਾਨਾਂ ਹੈ ਜੋ ਇੱਥੇ ਕੋਈ ਦੂਜਾ ਠੇਕਾ ਖੁੱਲ੍ਹਣ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਮਈ ਵਿੱਚ ਉਨ੍ਹਾਂ ਨੂੰ ਠੇਕਾ ਅਲਾਟ ਹੋਇਆ ਸੀ। ਜਦੋਂ ਵੀ ਉਹ ਠੇਕਾ ਖੋਲ੍ਹਦੇ ਹਨ ਤਾਂ ਉਨ੍ਹਾਂ ’ਤੇ ਦਬਾਅ ਪਾਉਣ ਲਈ ਲੋਕਾਂ ਤੋਂ ਵਿਰੋਧ ਕਰਵਾ ਦਿੱਤਾ ਜਾਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…