Nabaz-e-punjab.com

ਪੰਜਾਬ ਵਿਧਾਨ ਸਭਾ ਵਿੱਚ ਸੋਮਵਾਰ ਨੂੰ ਗੂੰਜੇਗਾ ਪਸ਼ੂਆਂ ਦੀ ਮੌਤ ਤੇ ਨਾਜਾਇਜ਼ ਮਾਈਨਿੰਗ ਦਾ ਮਾਮਲਾ

ਅਕਾਲੀ ਵਿਧਾਇਕ ਐਨਕੇ ਸ਼ਰਮਾ ਅਤੇ ਹਰਿੰਦਰਪਾਲ ਚੰਦੂਮਾਜਰਾ ਧਿਆਨ ਦਿਵਾਊ ਮਤੇ ਰਾਹੀਂ ਚੁੱਕਣਗੇ ਮਾਮਲਾ

ਪਿੰਡ ਕੰਬਾਲੀ ਦੇ ਸ਼ਿਵ ਮੰਦਰ ਅਤੇ ਡੇਰੇ ’ਚੋਂ ਮਹੰਤ ਤੇ ਹੋਰ ਸਾਧੂਆਂ ਨੂੰ ਜ਼ਬਰਦਸਤੀ ਖਦੇੜਨ ਦਾ ਮਾਮਲਾ ਵੀ ਉੱਠੇਗਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਇੱਥੋਂ ਦੇ ਨਜ਼ਦੀਕੀ ਪਿੰਡ ਕੰਡਾਲਾ ਅਤੇ ਸਫ਼ੀਪੁਰ ਦੇ ਤਿੰਨ ਡੇਅਰੀ ਫਾਰਮਰਾਂ ਵਿੱਚ ਪਿਛਲੇ ਦਿਨੀਂ ਜ਼ਹਿਰੀਲਾ ਚਾਰਾ ਖਾਣ ਨਾਲ ਮਰੇ ਸੈਂਕੜੇ ਪਸ਼ੂਆਂ ਦੀ ਮੌਤ ਦਾ ਮਾਮਲਾ ਭਲਕੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਗੂੰਜੇਗਾ। ਜ਼ਿਲ੍ਹਾ ਅਕਾਲੀ ਦਲ ਮੁਹਾਲੀ ਦੇ ਪ੍ਰਧਾਨ ਤੇ ਡੇਰਾਬੱਸੀ ਦੇ ਵਿਧਾਇਕ ਐਨਕੇ ਸ਼ਰਮਾ ਅਤੇ ਮੁਹਾਲੀ ਦੇ ਵਸਨੀਕ ਤੇ ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਧਿਆਨ ਦਿਵਾਊ ਮਤੇ ਰਾਹੀਂ ਇਹ ਮੁੱਦਾ ਵਿਧਾਨ ਸਭਾ ਦੇ ਸੈਸ਼ਨ ਵਿੱਚ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ ਜਾਵੇਗਾ।
ਅਕਾਲੀ ਆਗੂਆਂ ਨੇ ਕਿਹਾ ਕਿ ਉਕਤ ਡੇਅਰੀ ਫਾਰਮਾਂ ਵਿੱਚ ਜ਼ਹਿਰੀਲੀ ਫੀਡ ਖਾਣ ਨਾਲ ਲਗਭਗ 115 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਜਿਸ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਉਨ੍ਹਾਂ ਪੀੜਤ ਡੇਅਰੀ ਫਾਰਮਰ ਦੇ ਹਵਾਲੇ ਨਾਲ ਕਿਹਾ ਕਿ ਬਿਮਾਰ ਪਸ਼ੂਆਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ ਡਾਕਟਰੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ। ਜਿਸ ਕਾਰਨ ਵੱਡੀ ਗਿਣਤੀ ਵਿੱਚ ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਦੇਰੀ ਨਾਲ ਡਾਕਟਰੀ ਇਲਾਜ ਸ਼ੁਰੂ ਕੀਤਾ ਗਿਆ ਹੈ ਅਤੇ ਜਦੋਂ ਲੁਧਿਆਣਾ ਤੋਂ ਸੱਦੀ ਮਾਹਰਾਂ ਦੀ ਟੀਮ ਪਹੁੰਚੀ ਤਾਂ ਉਦੋਂ ਤੱਕ ਕਾਫੀ ਪਸ਼ੂਆਂ ਦੀ ਮੌਤ ਹੋ ਚੁੱਕੀ ਸੀ। ਸਰਕਾਰ ਵੱਲੋਂ ਇਸ ਮਾਮਲੇ ਵਿੱਚ ਗੰਭੀਰਤਾ ਨਾ ਦਿਖਾਉਣ ਕਰਕੇ ਇਲਾਕੇ ਦੇ ਲੋਕਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਪੀੜਤ ਡੇਅਰੀ ਫਾਰਮਰਾਂ ਦੀ ਰੋਜ਼ੀ ਰੋਟੀ ਮਾਰੀ ਗਈ ਹੈ ਅਤੇ ਹੁਣ ਪੀੜਤਾਂ ਨੂੰ ਮੁੜ ਪੈਰਾਂ ’ਤੇ ਖੜਾ ਹੋਣ ਲਈ ਨੂੰ ਸਰਕਾਰ ਨੂੰ ਤੁਰੰਤ ਉਨ੍ਹਾਂ ਦੀ ਬਾਂਹ ਫੜ ਕੇ ਪੀੜਤਾਂ ਨੂੰ ਮੁਨਾਸਿਬ ਮਾਲੀ ਸਹਾਇਤਾ ਦੇਣੀ ਚਾਹੀਦੀ ਹੈ। ਵਿਧਾਇਕਾਂ ਨੇ ਇਸ ਮਾਮਲੇ ਵਿੱਚ ਢਿੱਲ ਵਰਤਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਵਿਧਾਨ ਸਭਾ ਦੀ ਸਕੱਤਰ ਸ੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਦੋਵੇਂ ਅਕਾਲੀ ਵਿਧਾਇਕਾਂ ਨੂੰ ਇਹ ਮਾਮਲਾ ਵਿਧਾਨ ਸਭਾ ਵਿੱਚ ਚੁੱਕਣ ਦੀ ਅਰਜ਼ੀ ਪ੍ਰਵਾਨ ਕਰਨ ਇਤਲਾਹ ਭੇਜਦਿਆਂ ਪਸ਼ੂ ਪਾਲਣ ਮੰਤਰੀ ਨੂੰ ਇਸ ਮਾਮਲੇ ਦੀ ਪ੍ਰਤੱਖ ਅਤੇ ਅਤਿਅੰਤ ਮਹੱਤਤਾ ਦੇ ਮੱਦੇਨਜ਼ਰ ਸਦਨ ਵਿੱਚ ਬਿਆਨ ਦੇਣ ਦੀ ਖੇਚਲ ਕਰਨ।
ਇਸ ਤੋਂ ਇਲਾਵਾ ਸ੍ਰੀ ਸ਼ਰਮਾ ਜ਼ਿਲ੍ਹਾ ਮੁਹਾਲੀ ਵਿੱਚ ਨਾਜਾਇਜ਼ ਮਾਈਨਿੰਗ ਅਤੇ ਪਿੰਡ ਕੰਬਾਲੀ ਦੇ ਸ਼ਿਵ ਮੰਦਰ ਅਤੇ ਡੇਰੇ ’ਚੋਂ ਮਹੰਤ ਅਤੇ ਹੋਰ ਸਾਧੂਆਂ ਨੂੰ ਜ਼ਬਰਦਸਤੀ ਖਦੇੜਨ ਦਾ ਮਾਮਲਾ ਵੀ ਚੁੱਕਣਗੇ। ਉਨ੍ਹਾਂ ਕਿਹਾ ਕਿ ਭਾਵੇ ਮੁਹਾਲੀ ਪ੍ਰਸ਼ਾਸਨ ਨੇ ਨਾਜਾਇਜ਼ ਖਣਨ ਦੇ ਮਾਮਲੇ ਵਿੱਚ ਬਲਾਕ ਮਾਜਰੀ ਦੇ ਤਿੰਨ ਪਿੰਡਾਂ ਦੇ ਜ਼ਮੀਨ 193 ਮਾਲਕਾਂ ਨੂੰ 52.33 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਪ੍ਰੰਤੂ ਪਿੰਡ ਕਕਰਾਲੀ, ਧਰਮਗੜ੍ਹ ਤੇ ਕੋਰੇਮਾਜਰਾ ਦੀ ਜ਼ਮੀਨ ’ਚੋਂ ਨਾਜਾਇਜ਼ ਖਣਨ ਵਿੱਚ ਕਾਂਗਰਸੀਆਂ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਰੈਵੇਨਿਊ ਵਿਭਾਗ ਨੇ ਸਿਆਸੀ ਦਬਾਅ ਪੈਣ ਕਾਰਨ ਹਾਲੇ ਤੱਕ ਜ਼ਮੀਨ ਮਾਲਕਾਂ ਦਾ ਵੇਰਵਾ ਨਹੀਂ ਦਿੱਤਾ ਹੈ।
(ਬਾਕਸ ਆਈਟਮ)
ਸੋਹਾਣਾ ਥਾਣਾ ਦੇ ਐਸਐਚਓ ਰਾਜੇਸ਼ ਹਸਤੀਰ ਨੇ ਦੱਸਿਆ ਕਿ ਇੱਥੋਂ ਦੇ ਨਜ਼ਦੀਕੀ ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਅਤੇ ਪਿੰਡ ਸਫ਼ੀਪੁਰ ਵਿੱਚ ਦੂਸ਼ਿਤ ਚਾਰਾ (ਜ਼ਹਿਰੀਲੀ ਫੀਡ) ਖਾਣ ਨਾਲ ਮਰਨ ਵਾਲੇ ਪਸ਼ੂਆਂ ਦੇ ਮਾਮਲੇ ਵਿੱਚ ਯੂਪੀ ਤੋਂ ਗ੍ਰਿਫ਼ਤਾਰ ਕੀਤੇ ਗਏ ਡੇਅਰੀ ਫਾਰਮਰਾਂ ਨੂੰ ਫੀਡ ਅਤੇ ਦੂਸ਼ਿਤ ਚਾਰਾ ਸਪਲਾਈ ਕਰਨ ਵਾਲੇ ਗੁਫ਼ਾਰ ਮੀਆਂ ਨੂੰ ਮੁਹਾਲੀ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਪਸ਼ੂਆਂ ਦੀ ਮੌਤ ਦੀ ਖ਼ਬਰ ਸੁਣ ਕੇ ਮੁਲਜ਼ਮ ਫਰਾਰ ਹੋ ਗਿਆ ਸੀ ਅਤੇ ਯੂਪੀ ਵਿੱਚ ਜਾ ਕੇ ਛੁਪ ਗਿਆ ਸੀ। ਜਿਸ ਨੂੰ ਰਾਹਦਾਰੀ ਵਾਰੰਟਾਂ ’ਤੇ ਯੂਪੀ ’ਚੋਂ ਗ੍ਰਿਫ਼ਤਾਰ ਕਰਕੇ ਮੁਹਾਲੀ ਲਿਆਂਦਾ ਗਿਆ ਸੀ। ਮੁਲਜ਼ਮ ਵੱਖ ਵੱਖ ਹੋਟਲਾਂ, ਰੈਸਟੋਰੈਂਟਾਂ ਦਾ ਬਚਿਆ ਖਾਣਾ ਅਤੇ ਬਾਸੀਆਂ ਰੋਟੀਆਂ ਪੀੜਤ ਡੇਅਰੀ ਫਾਰਮਾਂ ਨੂੰ ਸਪਲਾਈ ਕਰਦਾ ਸੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…