Nabaz-e-punjab.com

ਸੁਪਰ ਫਿੱਟਨੈਸ ਜਿੰਮ ਖਰੜ ਵਿੱਚ ਲੱਗੀਆਂ ‘ਤੀਆਂ’ ਦੀਆਂ ਰੌਣਕਾਂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਅਗਸਤ:
ਇੱਥੋਂ ਦੇ ਖਰੜ-ਲਾਂਡਰਾਂ ਮੁੱਖ ਸੜਕ ’ਤੇ ਸਥਿਤ ਸੁਪਰ ਫਿੱਟਨੈੱਸ ਜਿੰਮ (ਓ-ਹਾਇਓ) ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜਿੰਮ ਪ੍ਰਬੰਧਕ ਅਮਨ ਸੋਨੀ ਦੀ ਅਗਵਾਈ ਹੇਠ ਕਰਵਾਏ ਇਸ ਰੰਗਾਰੰਗ ਪ੍ਰੋਗਰਾਮ ਵਿੱਚ ਜਿੰਮ ਵਿੱਚ ਰੋਜ਼ਾਨਾ ਕਸ਼ਰਤ ਕਰਨ ਆਉਂਦੇ ਨੌਜਵਾਨ ਮੁੰਡੇ ਕੁੜੀਆਂ ਨੇ ਖੂਬ ਧਮਾਲ ਪਾਈ। ਜਿੰਮ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਸੀ ਕਿ ਪੰਜਾਬੀ ਪਹਿਰਾਵਾ ਪਹਿਨ ਕੇ ਆਈਆਂ ਮੁਟਿਆਰਾਂ ਨੇ ਵੱਖ-ਵੱਖ ਪ੍ਰੋਗਰਾਮ ਪੇਸ਼ ਕਰਕੇ ਪੰਜਾਬੀ ਸਭਿਆਚਾਰ ਅਤੇ ਆਪਣਾ ਵਿਰਸਾ ਸੰਭਾਲਣ ਦਾ ਹੋਕਾ ਦਿੱਤਾ।
ਇਸ ਪ੍ਰੋਗਰਾਮ ਦਾ ਆਗਾਜ਼ ਜਿੰਮ ਦੇ ਫਿੱਟਨੈੱਸ ਮੈਨੇਜਰ ਧਰਮਿੰਦਰ ਸਿੰਘ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਾਣਨਾ ਪਾਇਆ। ਇਸ ਤੋਂ ਬਾਅਦ ਪੰਜਾਬੀ ਗਾਣਿਆਂ ’ਤੇ ਨਾਚ ਕੀਤਾ ਅਤੇ ਬੋਲੀਆਂ ਪਾਈਆਂ। ਅਖੀਰ ਵਿੱਚ ਨੌਜਵਾਨ ਮੁੰਡਿਆਂ ਦਾ ਪੰਜਾਬੀ ਭੰਗੜਾ ਅਤੇ ਕੁੜੀਆਂ ਦਾ ਗਿੱਧਾ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ। ਪੰਜਾਬੀ ਸਭਿਆਚਾਰ ਦਾ ਸੁਨੇਹਾ ਦੇਣ ਲਈ ਜਿੰਮ ਨੂੰ ਅੰਦਰੋਂ ਅਤੇ ਬਾਹਰੋਂ ਰੰਗੀ-ਬੰਰਗੀ ਕੂੜੀਆਂ, ਚੁੰਨੀਆਂ, ਚਰਖਾ, ਫੁਲਕਾਰੀ ਅਤੇ ਫੁੱਲਾਂ ਨਾਲ ਸਿੰਗਾਰਿਆ ਗਿਆ ਸੀ। ਮੁਟਿਆਰਾਂ ਨੇ ਪੀਂਘਾਂ ਝੂਟ ਕੇ ਪੂਰਾ ਆਨੰਦ ਮਾਣਿਆ ਅਤੇ ਹਾਸੇ ਮਜ਼ਾਕ ਭਰੇ ਮਾਹੌਲ ਨੇ ਜਿੰਮ ਦੇ ਵਿਹੜੇ ਵਿੱਚ ਖੂਬ ਰੌਣਕਾਂ ਲਾਈਆਂ।
ਇਸ ਮੌਕੇ ਜਿੰਮ ਪ੍ਰਬੰਧਕ ਅਮਨ ਸੋਨੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਨਸੂਨ ਰੁੱਤ ਨਾਲ ਜੁੜਿਆ ਪੰਜਾਬ ਦਾ ਇਹ ਮਾਣਮੱਤਾ ਤੀਆਂ ਦਾ ਤਿਉਹਾਰ ਭਾਵੇਂ ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਅਲੋਪ ਹੋ ਰਿਹਾ ਹੈ। ਪਰ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਪੰਜਾਬੀ ਸਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਦਿਆਂ ਕਿਹਾ ਕਿ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਅਮੀਰ ਵਿਰਸੇ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਈਏ। ਉਨ੍ਹਾਂ ਤੀਜ ਦੇ ਪਿਛੋਕੜ ਵੱਲ ਜਾਂਦੇ ਹੋਏ ਕਿਹਾ ਕਿ ਜੇਕਰ ਅਸੀਂ ਕੁੱਝ ਸਮਾਂ ਪਿੱਛੇ ਜਾਂਦੇ ਹਾਂ ਤਾਂ ਸਾਲ ਵਿੱਚ ਇਕ ਵਾਰ ਲੱਗਦਾ ਤੀਆਂ ਦਾ ਮੇਲਾ ਹੀ ਇਕ ਮਾਤਰ ਸਾਧਨ ਸੀ ਜਦ ਚਿਰਾਂ ਤੋਂ ਵਿਛੜੀਆਂ ਹੋਈਆਂ ਕੁੜੀਆਂ ਇਕ ਦੂਜੇ ਨੂੰ ਮਿਲਦੀਆਂ ਸਨ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਸਮਾਂ ਬਦਲ ਚੁੱਕਾ ਹੈ ਪਰ ਤੀਆਂ ਮੌਕੇ ਉਹੀ ਪਿਆਰ ਅਤੇ ਜੋਸ਼ ਦੇਖਣ ਨੂੰ ਮਿਲਦਾ ਹੈ। ਇਸ ਸਮਾਰੋਹ ਨੂੰ ਸਫਲ ਬਣਾਉਣ ਲਈ ਜਿੰਮ ਦੇ ਮੈਨੇਜਰ ਧਰਮਿੰਦਰ ਸਿੰਘ, ਕੋਚ ਅਮਨਦੀਪ ਸਿੰਘ ਸੋਢੀ, ਤੇਜਵੀਰ ਸਿੰਘ ਅਤੇ ਯੁਗਲ ਸਿੰਘ ਨੇ ਅਹਿਮ ਭੂਮਿਕਾ ਨਿਭਾਈ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…