Nabaz-e-punjab.com

ਮੁਹਾਲੀ ਵਿੱਚ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਤੜਕੇ ਸਵੇਰ ਤੱਕ ਚਲਦੇ ਹਨ ਨਾਈਟ ਕਲੱਬ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਰਾਤ 12 ਵਜੇ ਤੋਂ ਬਾਅਦ ਨਾਈਟ ਕਲੱਬ ਖੁੱਲ੍ਹਾ ਰੱਖਣ ’ਤੇ ਪਾਬੰਦੀ ਦੇ ਹੁਕਮ ਜਾਰੀ

ਮੁਹਾਲੀ ਪੁਲੀਸ ਨੇ ਚੁੱਪੀ ਤੋੜੀ, ਨਾਈਟ ਕਲੱਬਾਂ ਦੀ ਸੂਚੀ ਤਿਆਰ ਕਰਨ ਵਿੱਚ ਜੁਟੇ ਪੁਲੀਸ ਮੁਲਾਜ਼ਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਸ਼ਰ੍ਹੇਆਮ ਨਾਈਟ ਕਲੱਬ ਚਲ ਰਹੇ ਹਨ। ਹਾਲਾਂਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਿੱਛੇ ਜਿਹੇ ਨਾਈਟ ਕਲੱਬਾਂ ਖ਼ਿਲਾਫ਼ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਸਨ ਕਿ ਸਮੁੱਚੇ ਜ਼ਿਲ੍ਹੇ ਅੰਦਰ ਕੋਈ ਵੀ ਨਾਈਟ ਕਲੱਬ, ਡਿਸਕੋ, ਬਾਰ ਆਦਿ ਅੱਧੀ ਰਾਤ 12 ਵਜੇ ਤੋਂ ਖੁੱਲ੍ਹਾ ਨਹੀਂ ਰਹੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰੰਤੂ ਤਤਕਾਲੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਦੇ ਇਹ ਹੁਕਮ ਮਹਿਜ਼ ਸਰਕਾਰੀ ਫਾਈਲਾਂ ਵਿੱਚ ਦੱਬ ਕੇ ਰਹਿ ਗਏ ਹਨ ਅਤੇ ਸਰਕਾਰ ਅਤੇ ਪ੍ਰਸ਼ਾਸਨ ਦਾ ਕੋਈ ਖ਼ੌਫ਼ ਨਾ ਹੋਣ ਕਾਰਨ ਅਜਿਹੇ ਕਲੱਬ ਤੜਕੇ ਸਵੇਰ ਤੱਕ ਚੱਲ ਰਹੇ ਹਨ।
ਅਜਿਹਾ ਹੀ ਇਕ ਤਾਜ਼ਾ ਮਾਮਲਾ ਅੱਜ ਸਾਹਮਣੇ ਆਇਆ ਹੈ। ਇੱਥੋਂ ਦੇ ਫੇਜ਼-11 ਸਥਿਤ ਇਕ ਚਰਚਿਤ ਨਾਈਟ ਕਲੱਬ (ਵਾਕਿੰਗ ਸਟ੍ਰੀਟ ਐਂਡ ਕੈਫ਼ੇ) ਵਿੱਚ ਨੱਚਣ ਕੁੱਦਣ ਦੌਰਾਨ ਦੋ ਨੌਜਵਾਨਾਂ ਦੀ ਆਪਸੀ ਬਹਿਸ ਖੂੰਨੀ ਸੰਘਰਸ਼ ਵਿੱਚ ਤਬਦੀਲ ਹੋ ਗਈ। ਇਕ ਨੌਜਵਾਨ ਨੇ ਪੰਜਾਬ ਪੁਲੀਸ ਦੇ ਕਮਾਂਡੋ ਸੁਖਵਿੰਦਰ ਸਿੰਘ (23) ਦੀ ਸ਼ਰ੍ਹੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਬੜੀ ਹੈਰਾਨੀ ਇਸ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਈਟ ਕਲੱਬ ਰਾਤ ਨੂੰ 12 ਵਜੇ ਤੱਕ ਹੀ ਖੁੱਲ੍ਹੇ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ ਪ੍ਰੰਤੂ ਪ੍ਰਬੰਧਕ ਆਪਣਾ ਸਿਆਸੀ ਰਸੂਖ ਵਰਤ ਕੇ ਤੜਕੇ ਸਵੇਰ ਤੱਕ ਕਲੱਬ ਨੂੰ ਖੁੱਲ੍ਹਾ ਰੱਖਦੇ ਹਨ। ਇਸ ਤੋਂ ਪਹਿਲਾਂ ਵੀ ਉਕਤ ਕਲੱਬ ਦੇ ਖ਼ਿਲਾਫ਼ ਨਿਯਮਾਂ ਦੀ ਉਲੰਘਣਾ ਕਰਕੇ ਤੜਕੇ ਸਵੇਰੇ ਤੱਕ ਕਲੱਬ ਖੁੱਲ੍ਹਾ ਰੱਖਣ ਸਬੰਧੀ ਪ੍ਰਸ਼ਾਸਨ ਅਤੇ ਪੁਲੀਸ ਕੋਲ ਸ਼ਿਕਾਇਤਾਂ ਪੁੱਜੀਆਂ ਸਨ। ਇਸ ਸਬੰਧੀ ਫੇਜ਼-11 ਦੇ ਥਾਣੇ ਵਿੱਚ ਨਾਈਟ ਕਲੱਬ (ਵਾਕਿੰਗ ਸਟ੍ਰੀਟ ਐਂਡ ਕੈਫ਼ੇ) ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪ੍ਰੰਤੂ ਇਸ ਦੇ ਬਾਵਜੂਦ ਕਲੱਬ ਪ੍ਰਬੰਧਕਾਂ ਨੇ ਆਪਣੇ ਫੇਸਬੁੱਕ ਪੇਜ ’ਤੇ ਨੌਜਵਾਨਾਂ ਨੂੰ ਨਾਈਟ ਕਲੱਬ ਵਿੱਚ ਆਉਣ ਲਈ ਪ੍ਰੇਰਨ ਲਈ ਆਪਣੇ ਨਾਈਟ ਕਲੱਬ ਰਾਤ 10 ਤੋਂ ਵਜੇ ਸਵੇਰੇ 4 ਵਜੇ ਤੱਕ ਖੁੱਲ੍ਹਾ ਹੋਣ ਦਾ ਸਮਾਂ ਲਿਖਿਆ ਹੋਇਆ ਹੈ। ਇਹੀ ਨਹੀਂ ਪ੍ਰਬੰਧਕਾਂ ਨੇ ਪੂਰੇ ਹਫ਼ਤੇ ਦਾ ਸ਼ਡਿਊਲ ਵੀ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਗਿਆ ਹੈ। ਜ਼ੀਰਕਪੁਰ ਵਿੱਚ ਨਾਈਟ ਕਲੱਬ ਸਵੇਰੇ ਤੜਕੇ ਤੱਕ ਖੁੱਲ੍ਹੇ ਰਹਿਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਸੂਤਰ ਦੱਸਦੇ ਹਨ ਪੁਲੀਸ ਨੇ ਵਾਕਿੰਗ ਸਟ੍ਰੀਟ ਐਂਡ ਕੈਫ਼ੇ ਦਾ ਲਾਇਸੈਂਸ ਰੱਦ ਕਰਨ ਲਈ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਸਿਫਾਰਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਆਪਣੀ ਚੁੱਪੀ ਤੋੜਦਿਆਂ ਅਜਿਹੇ ਹੋਰਨਾਂ ਨਾਈਟ ਕਲੱਬਾਂ ਦੀ ਸੂਚੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਉਧਰ, ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਨਾਈਟ ਕਲੱਬ ਫੇਜ਼-11 ਵਿੱਚ ਪੰਜਾਬ ਪੁਲੀਸ ਦੇ ਕਮਾਂਡੋ ਦੀ ਹੱਤਿਆ ਤੋਂ ਬਾਅਦ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਤੁਰੰਤ ਪ੍ਰਭਾਵ ਨਾਲ ਸਾਰੇ ਨਾਈਟ ਕਲੱਬ ਰਾਤ ਨੂੰ 12 ਵਜੇ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਐਤਵਾਰ ਨੂੰ ਦੇਰ ਰਾਤ ਜਾਰੀ ਕੀਤੇ ਇਨ੍ਹਾਂ ਹੁਕਮਾਂ ਤਹਿਤ ਜ਼ਿਲ੍ਹਾ ਮੈਜਿਸਟਰੇਟ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨਾਈਟ ਕਲੱਬਾਂ ਦੇ ਪ੍ਰਬੰਧਕਾਂ ਸਮੇਤ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਤਤਕਾਲੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਨੇ ਅਜਿਹੇ ਹੀ ਹੁਕਮ ਜਾਰੀ ਕੀਤੇ ਸਨ ਲੇਕਿਨ ਕਲੱਬਾਂ ਵਾਲਿਆਂ ਦੀ ਉੱਚੀ ਪਹੁੰਚ ਹੋਣ ਕਾਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ ਛੋਟੇ ਪੈ ਗਏ ਸੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…