Share on Facebook Share on Twitter Share on Google+ Share on Pinterest Share on Linkedin ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਸ਼ਹਿਰ ਦੇ ਸਰਬਪੱਖੀ ਵਿਕਾਸ ਤੇ ਲੋਕਹਿੱਤ ਮੁੱਦਿਆਂ ’ਤੇ ਹੋਈ ਭਖਵੀਂ ਬਹਿਸ , ਸਾਰੇ ਮਤੇ ਪਾਸ ਬੱਸ ਕਿਊ ਸ਼ੈਲਟਰ, ਬਜਟ, ਸੜਕਾਂ, ਨਵੇਂ ਟਿਊਬਵੈੱਲ ਲਗਾਉਣ ਤੇ ਮੁਲਾਜ਼ਮਾਂ ਦੇ ਸੇਵਾਕਾਲ ’ਚ ਵਾਧਾ ਕਰਨ ਦਾ ਫੈਸਲਾ ਵਿਕਾਸ ਕੰਮਾਂ ਲਈ ਲੋੜੀਂਦੀ ਰਕਮ ਦਾ ਪ੍ਰਬੰਧ ਕਰਨ, ਅਣਵਰਤੀ ਰਾਸ਼ੀ ਨੂੰ ਵਿਕਾਸ ਕਾਰਜਾਂ ’ਤੇ ਖ਼ਰਚਣ ਬਾਰੇ ਵੀ ਹੋਈ ਚਰਚਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ: ਮੁਹਾਲੀ ਨਗਰ ਨਿਗਮ ਦੀ ਮੀਟਿੰਗ ਅੱਜ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਹਿਰ ਦੇ ਸਰਬਪੱਖੀ ਵਿਕਾਸ, ਨਗਰ ਨਿਗਮ ਦੇ ਬਜਟ, ਬੱਸ ਕਿਊ ਸ਼ੈਲਟਰ, ਸੜਕਾਂ ’ਤੇ ਪ੍ਰੀਮਿਕਸ ਪਾਉਣ, ਇਤਿਹਾਸਕ ਨਗਰ ਸੋਹਾਣਾ ਅਤੇ ਕੁੰਭੜਾ ਵਿੱਚ ਨਵੇਂ ਟਿਊਬਵੈੱਲ ਲਗਾਉਣ ਸਮੇਤ ਮੁਲਾਜ਼ਮਾਂ ਦੇ ਸੇਵਾਕਾਲ ਵਿੱਚ ਵਾਧਾ ਕਰਨ, ਤਰਸ ਦੇ ਆਧਾਰ ’ਤੇ ਨੌਕਰੀ ਦੇਣ ਅਤੇ ਉੱਚੇ ਲੰਮੇ ਦਰਖ਼ਤਾਂ ਨੂੰ ਛਾਂਗਣ ਸਮੇਤ ਹੋਰ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਗਈ ਅਤੇ ਸਾਰੇ ਮਤੇ ਪਾਸ ਕੀਤੇ ਗਏ। ਇਸ ਤੋਂ ਇਲਾਵਾ ਵਿਕਾਸ ਕੰਮਾਂ ਲਈ ਲੋੜੀਂਦੀ ਰਕਮ ਦਾ ਪ੍ਰਬੰਧ ਕਰਨ ਲਈ ਹੋਰਨਾਂ ਮੱਦਾਂ ਵਿੱਚ ਪਏ ਵਾਧੂ ਫੰਡ (ਅਣਵਰਤੀ ਰਾਸ਼ੀ) ਨੂੰ ਵਿਕਾਸ ਕਾਰਜਾਂ ’ਤੇ ਖਰਚਣ ਦੀ ਪ੍ਰਵਾਨਗੀ ਲੈਣ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਸਾਲ 2019 ਦੇ ਬਜਟ ਲਈ ਸਰਕਾਰ ਵੱਲੋਂ ਆਮਦਨ 125.66 ਕਰੋੜ ਰੁਪਏ, ਮੁੱਢਲਾ ਬਕਾਇਆ 40.11 ਕਰੋੜ ਰੁਪਏ (ਕੁੱਲ 165077 ਕਰੋੜ ਰੁਪਏ) ਦਾ ਬਜਟ ਸਮੇਤ ਅਮਲੇ ਤੇ ਖਰਚਾ 38.50 ਕਰੋੜ ਰੁਪਏ ਅਤੇ ਵਿਕਾਸ ਕੰਮਾਂ ਲਈ 108.85 ਕਰੋੜ ਪਾਸ ਕੀਤੇ ਗਏ। ਮਤੇ ਅਨੁਸਾਰ ਬਜਟ ਵਿੱਚ ਵਾਟਰ ਸਪਲਾਈ ਦੇ ਰੱਖ ਰਖਾਓ, ਸੜਕਾਂ ਦੀ ਮੁਰੰਮਤ ਅਤੇ ਮੁੜ ਉਸਾਰੀ ਅਤੇ ਫੁਟਪਾਥਾਂ ਦੀ ਉਸਾਰੀ ਤੇ ਕਿਤੇ ਵੱਧ ਖਰਚੇ ਦੀ ਲੋੜ ਹੈ। ਟਿਊਬਵੈਲਾਂ ਦੇ ਬਿਜਲੀ ਬਿਲ, ਸੀਵਰੇਜ ਅਤੇ ਬਰਸਾਤੀ ਨਾਲੀਆਂ ਦੇ ਰੱਖ ਰਖਾਓ, ਵਾਟਰ ਸਪਲਾਈ ਦੀ ਮੁਰੰਮਤ, ਡਾਇਰੈਕਟਰੇਟ ਖਰਚੇ, ਸਟਰੀਟ ਲਾਈਟ ਦੇ ਰੱਖ ਰਖਾਓ, ਕੈਂਸਰ ਸੈਸ, ਆਡਿਟ ਫੀਸ, ਨਿਗਮ ਇਮਾਰਤ ਦੀ ਉਸਾਰੀ ਅਤੇ ਰੱਖ ਰਖਾਓ, ਸਟਰੀਟ ਲਾਈਟਾਂ ਦੇ ਬਿਜਲੀ ਬਿੱਲ, ਪਬਲਿਕ ਪਖਾਨਿਆਂ ਦੇ ਰੱਖ ਰਖਾਓ ਅਤੇ ਗਊਸ਼ਾਲਾ ਲਈ ਜ਼ਮੀਨ ਦੀ ਖਰੀਦ ਅਤੇ ਇਮਾਰਤ ਦੀ ਉਸਾਰੀ ਲਈ ਰੱਖੇ ਗਏ 49 ਕਰੋੜ ਰੁਪਏ ਦੀ ਰਕਮ ’ਚੋਂ ਵਾਧੂ ਰਕਮ ਨੂੰ ਹੋਰਨਾਂ ਮੱਦਾਂ ਵਿੱਚ ਖਰਚ ਕਰਨ ਦੀ ਪ੍ਰਵਾਨਗੀ ਮੰਗੀ ਗਈ ਹੈ। ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਟੈਲੀਕਾਮ ਕੰਪਨੀਆਂ ਵੱਲੋਂ ਸ਼ਹਿਰ ਵਿੱਚ ਅੰਡਰ ਗਰਾਉਂਡ ਕੇਬਲ ਪਾਉਣ ਕਾਰਨ ਜ਼ਮੀਨ ਧਸਣ ਅਤੇ ਇਸ ਨਾਲ ਸੜਕਾਂ ਅਤੇ ਫੁਟਪਾਥਾਂ ਨੂੰ ਹੋਏ ਨੁਕਸਾਨ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਫੁੱਟਪਾਥ ਧਸ ਗਏ ਹਨ ਅਤੇ ਨੁਕਸਾਨ ਦੀ ਭਰਪਾਈ ਸਬੰਧਤ ਕੰਪਨੀਆਂ ਜਾਂ ਅਧਿਕਾਰਤ ਠੇਕੇਦਾਰਾਂ ਤੋਂ ਕੀਤੀ ਜਾਣੀ ਚਾਹੀਦੀ ਹੈ। ਅਕਾਲੀ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ ਦੀ ਅਪੀਲ ’ਤੇ ਸੋਹਾਣਾ ਵਾਸੀਆਂ ਪਿਆਸ ਬੁਝਾਉਣ ਲਈ ਨਵਾਂ ਟਿਊਬਵੈੱਲ ਲਗਾਉਣ ਦੇ ਨਾਲ ਨਾਲ ਸਮੁੱਚੇ ਪਿੰਡ ਵਿੱਚ ਵਾਟਰ ਸਪਲਾਈ ਦੀਆਂ ਸਾਰੀਆਂ ਪੁਰਾਣੀਆਂ ਪਾਈਪਾਂ ਬਦਲ ਕੇ ਨਵੇਂ ਸਿਰਿਓਂ ਜਲ ਸਪਲਾਈ ਪਾਈਪਲਾਈਨ ਵਿਛਾਉਣ ਦਾ ਮਤਾ ਪਾਸ ਕੀਤਾ ਗਿਆ। ਮੌਜੂਦਾ ਸਮੇਂ ਵਿੱਚ ਥਾਂ ਥਾਂ ਤੋਂ ਪੁਰਾਣੀ ਪਾਈਪਾਂ ਟੁੱਟਣ ਕਾਰਨ ਗੰਦਾ ਪਾਣੀ ਰਸਣ ਨਾਲ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਹਿਲਾ ਕੌਂਸਲਰ ਕਮਲਜੀਤ ਕੌਰ ਦੀ ਮੰਗ ’ਤੇ ਪਿੰਡ ਸੋਹਾਣਾ ਵਿੱਚ ਖਸਤਾ ਹਾਲਤ ਸਿਵਲ ਡਿਸਪੈਂਸਰੀ ਦੀ ਨਵੇਂ ਸਿਰਿਓਂ ਉਸਾਰੀ ਕਰਨ ਦਾ ਮਤਾ ਪਾਸ ਕੀਤਾ ਗਿਆ। ਸ਼ਹਿਰ ਵਿੱਚ 40 ਤੋਂ 50 ਫੁੱਟ ਉੱਚੇ ਰੁੱਖਾਂ ਦੀ ਕਟਾਈ ਲਈ ਇਨ੍ਹਾਂ ਦਰਖ਼ਤਾਂ ਦੀ ਕੀਮਤ ਦਾ ਮੁਲਾਂਕਨ ਕਰਨ ਲਈ ਵਣ ਵਿਭਾਗ ਕੋਲ ਪਹੁੰਚ ਕਰਨ ਅਤੇ ਸੁੱਕ ਚੁੱਕੇ ਦਰਖਤਾਂ ਨੂੰ ਕੱਟਣ ਦਾ ਮਤਾ ਪਾਸ ਕਰ ਦਿੱਤਾ ਗਿਆ। ਨਗਰ ਨਿਗਮ ਵੱਲੋਂ ਖਰੀਦੀ ਗਈ ਟਰੀ ਪਰੂਨਿੰਗ ਮਸ਼ੀਨ ਦੇ ਮਤੇ (ਜਿਸ ਉੱਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਰੋਕ ਲਗਾ ਦਿੱਤੀ ਗਈ ਸੀ) ਬਾਰੇ ਵੀ ਚਰਚਾ ਹੋਈ ਅਤੇ ਮੇਅਰ ਨੇ ਦੱਸਿਆ ਕਿ ਇਸ ਮਸ਼ੀਨ ਦੀ ਖਰੀਦ ਨੂੰ ਪ੍ਰਵਾਨਗੀ ਦੇਣ ਲਈ ਸਰਕਾਰ ਨੂੰ ਦੁਬਾਰਾ ਚਿੱਠੀ ਲਿਖੀ ਗਈ ਹੈ। ਉਦਯੋਗਿਕ ਖੇਤਰ ਵਿੱਚ ਚੱਲਦੇ ਕੰਕਰੀਟ ਪਲਾਟਾਂ ਕਾਰਨ ਸੜਕਾਂ ਨੂੰ ਹੋਣ ਵਾਲੇ ਭਾਰੀ ਨੁਕਸਾਨ ਦਾ ਮਾਮਲਾ ਵੀ ਉੱਠਿਆ। ਫੈਸਲਾ ਕੀਤਾ ਕਿ ਇਨ੍ਹਾਂ ਕੰਕਰੀਟ ਪਲਾਟਾਂ ਵਾਲਿਆਂ ਨੂੰ ਇਕ ਮਹੀਨੇ ਵਿੱਚ ਸੜਕਾਂ ਠੀਕ ਕਰਵਾਉਣ ਲਈ ਕਿਹਾ ਜਾਵੇਗਾ ਅਤੇ ਜੇਕਰ ਪਲਾਂਟ ਵਾਲਿਆਂ ਨੇ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਨ੍ਹਾਂ ਦੇ ਬਿਜਲੀ ਕਨੈਕਸ਼ਨ ਕਟਵਾ ਦਿੱਤੇ ਜਾਣਗੇ। (ਬਾਕਸ ਆਈਟਮ) ਅਕਾਲੀ ਕੌਸਲਰ ਸਤਵੀਰ ਸਿੰਘ ਧਨੋਆ (ਪ੍ਰਧਾਨ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ) ਨੇ ਪੰਜਾਬੀ ਮਾਂ ਬੋਲੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਮੁਹਾਲੀ ਨਗਰ ਨਿਗਮ ਵੱਲੋਂ ਪੰਜਾਬੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਸ਼ਮਸ਼ਾਨਘਾਟ ਵਿੱਚ ਦੋ ਸੂਚਨਾ ਬੋਰਡ ਹਿੰਦੀ ਵਿੱਚ ਲਗਾਏ ਗਏ ਹਨ, ਜੋ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਮਸ਼ਾਨਘਾਟ ਸਮੇਤ ਸਮੁੱਚੇ ਸ਼ਹਿਰ ਪੰਜਾਬੀ ਭਾਸ਼ਾ ਵਿੱਚ ਹੀ ਬੋਰਡ ਲਗਾਏ ਜਾਣ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਮੇਅਰ ਨੇ ਐਸਡੀਓ ਸੁਖਵਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਸਾਰੇ ਸੂਚਨਾ ਬੋਰਡਾਂ ਉੱਤੇ ਪੰਜਾਬੀ ਵੀ ਲਿਖਵਾਈ ਜਾਵੇ ਅਤੇ ਭਵਿੱਖ ਵਿੱਚ ਕੋਈ ਵੀ ਸੂਚਨਾ ਬੋਰਡ ਲਗਾਉਣ ਸਮੇਂ ਰਾਜ ਦੀ ਪਹਿਲੀ ਭਾਸ਼ਾ ਪੰਜਾਬੀ ਨੂੰ ਤਰਜ਼ੀਹ ਦਿੱਤੀ ਜਾਵੇ। (ਬਾਕਸ ਆਈਟਮ) ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਫੇਜ਼-3ਬੀ1 ਦੀ ਹਾਲਤ ਸੁਧਾਰਨ ਲਈ 14.50 ਲੱਖ ਰੁਪਏ ਦੀ ਟੇਬਲ ਆਈਟਮ ਪਾਉਣ ਅਤੇ ਸ਼ਹਿਰ ਗਮਾਡਾ ਵੱਲੋਂ ਬਣਾਏ ਖੇਡ ਕੰਪਲੈਕਸਾਂ ਨੂੰ ਨਗਰ ਨਿਗਮ ਅਧੀਨ ਲੈਣ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਗਰੀਬ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਲਾਭ ਹੋਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ