Nabaz-e-punjab.com

ਬੇਰੁਜ਼ਗਾਰ ਸਿਹਤ ਕਾਮਿਆਂ ਨੇ ਮੁਹਾਲੀ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਕੋਠੀ ਦਾ ਘਿਰਾਓ

ਲੜੀਵਾਰ ਪੱਕਾ ਧਰਨਾ ਲਾਉਣ ਆਏ ਸੀ ਬੇਰੁਜ਼ਗਾਰੀ ਸਿਹਤ ਕਰਮਚਾਰੀ, ਮੰਤਰੀ ਦੇ ਭਰੋਸੇ ਮਗਰੋਂ 14 ਤੱਕ ਧਰਨਾ ਮੁਲਤਵੀ

ਨਾਇਬ ਤਹਿਸੀਲਦਾਰ ਨੇ ਮੰਤਰੀ ਨਾਲ ਫੋਨ ’ਤੇ ਕੀਤੀ ਗੱਲ, ਅਗਲੇ ਮੰਗਲਵਾਰ ਜਾਂ ਬੁੱਧਵਾਰ ਨੂੰ ਪੈਨਲ ਮੀਟਿੰਗ ਸੱਦਣ ਦਾ ਭਰੋਸਾ

ਸਿਹਤ ਕਾਮੇ ਪਹਿਲਾਂ ਰਿਹਾਇਸ਼ੀ ਖੇਤਰ ਫੇਜ਼-7 ਦੇ ਪਾਰਕ ਵਿੱਚ ਇਕੱਠੇ ਹੋਏ, ਉਪਰੰਤ ਮੰਤਰੀ ਦੀ ਕੋਠੀ ਤੱਕ ਕੀਤਾ ਮਾਰਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਸਿਹਤ ਵਿਭਾਗ ਪੰਜਾਬ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਦੀ ਨਵੀਂ ਭਰਤੀ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਹੇਠ ਸੋਮਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਇੱਥੋਂ ਦੇ ਫੇਜ਼-7 ਸਥਿਤ ਨਿੱਜੀ ਰਿਹਾਇਸ਼ੀ ਦਾ ਘਿਰਾਓ ਕੀਤਾ ਅਤੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਉਕਤ ਜਥੇਬੰਦੀ ਨੇ ਸਾਬਕਾ ਸਿਹਤ ਮੰਤਰੀ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਸੀ, ਪ੍ਰੰਤੂ ਹੁਣ ਪ੍ਰਦਰਸ਼ਨਕਾਰੀਆਂ ਨੇ ਨਵੇਂ ਸਿਹਤ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਰਾਹੀਂ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ ਸੀ ਲੇਕਿਨ ਹੁਣ ਤੱਕ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਬੇਰੁਜ਼ਗਾਰ ਸਿਹਤ ਕਾਮਿਆਂ ਨੂੰ ਮਜਬੂਰ ਹੋ ਕੇ ਸੜਕਾਂ ’ਤੇ ਆਉਣ ਪਿਆ ਹੈ। ਉਨ੍ਹਾਂ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ’ਤੇ ਸਿਹਤ ਕਾਮਿਆਂ ਦੀ ਨਵੀਂ ਭਰਤੀ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਿੱਚ ਸਿਹਤ ਵਰਕਰ ਮੇਲ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆ ਹਨ ਅਤੇ ਦੂਜੇ ਪਾਸੇ 3800 ਤੋਂ ਵੱਧ ਬੇਰੁਜ਼ਗਾਰ ਸਿਹਤ ਕਾਮੇ ਨੌਕਰੀ ਲਈ ਖੱਜਲ ਖੁਆਰ ਹੋ ਰਹੇ ਹਨ। ਇਨ੍ਹਾਂ ’ਚੋਂ ਸੈਂਕੜੇ ਉਮੀਦਵਾਰ ਉਮਰ ਹੱਦ ਪੁਗਾ ਚੁੱਕੇ ਹਨ।
ਬੇਰੁਜ਼ਗਾਰ ਸਿਹਤ ਵਰਕਰ ਅੱਜ ਸਵੇਰੇ 11 ਵਜੇ ਇੱਥੋਂ ਦੇ ਫੇਜ਼-7 ਸਥਿਤ ਰਿਹਾਇਸ਼ੀ ਪਬਲਿਕ ਪਾਰਕ ਵਿੱਚ ਇਕੱਠੇ ਹੋਏ ਅਤੇ ਇੱਥੋਂ ਕਾਫ਼ਲੇ ਦੇ ਰੂਪ ਵਿੱਚ ਸਿਹਤ ਮੰਤਰੀ ਦੀ ਨਿੱਜੀ ਕੋਠੀ ਵੱਲ ਮਾਰਚ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਪ੍ਰਦਰਸ਼ਨਕਾਰੀ ਸਿੱਧੂ ਦੀ ਕੋਠੀ ਅੱਗੇ ਧਰਨਾ ਲਗਾ ਕੇ ਬੈਠ ਗਏ। ਸੂਚਨਾ ਮਿਲਦੇ ਹੀ ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਵੀ ਮੌਕੇ ’ਤੇ ਪਹੁੰਚ ਗਏ ਅਤੇ ਸਿਹਤ ਕਾਮਿਆਂ ਨੂੰ ਗੱਲੀਬਾਤੀਂ ਸਮਝਾ ਕੇ ਧਰਨਾ ਚੁੱਕਣ ਦੀ ਅਪੀਲ ਕੀਤੀ ਲੇਕਿਨ ਉਹ ਨਹੀਂ ਮੰਨੇ। ਇਸ ਮਗਰੋਂ ਨਾਇਬ ਤਹਿਸੀਲਦਾਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਫੋਨ ’ਤੇ ਗੱਲ ਕਰਕੇ ਧਰਨੇ ਬਾਰੇ ਰਿਪੋਰਟ ਦਿੱਤੀ। ਮੰਤਰੀ ਨੇ ਭਰੋਸਾ ਦਿੱਤਾ ਕਿ ਅਗਲੇ ਮੰਗਲਵਾਰ ਜਾਂ ਬੁੱਧਵਾਰ ਨੂੰ ਬੇਰੁਜ਼ਗਾਰ ਸਿਹਤ ਕਾਮਿਆਂ ਦੇ ਮੋਹਰੀ ਆਗੂਆਂ ਨਾਲ ਪੈਨਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਇਸ ਮਗਰੋਂ ਸਿਹਤ ਕਾਮਿਆਂ ਨੇ 14 ਅਗਸਤ ਤੱਕ ਆਪਣਾ ਧਰਨਾ ਮੁਲਤਵੀ ਕਰ ਦਿੱਤਾ। ਉਂਜ ਐਲਾਨ ਕੀਤਾ ਕਿ ਜੇਕਰ ਹੁਣ ਮੰਤਰੀ ਆਪਣੇ ਵਾਅਦੇ ਤੋਂ ਮੁਨਕਰ ਹੋਏ ਤਾਂ 15 ਅਗਸਤ ਨੂੰ ਜਿੱਥੇ ਵੀ ਸਿਹਤ ਮੰਤਰੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਉਣ ਪੁੱਜਣਗੇ। ਸਿਹਤ ਕਾਮਿਆਂ ਵੱਲੋਂ ਕਾਲੇ ਝੰਡੇ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਸ ਮਗਰੋਂ 19 ਅਗਸਤ ਨੂੰ ਸ੍ਰੀ ਸਿੱਧੂ ਦੀ ਕੋਠੀ ਅੱਗੇ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ।
ਸ੍ਰੀ ਢਿੱਲਵਾਂ ਨੇ ਸਿਹਤ ਕਾਮਿਆਂ ਦੀ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਖਾਲੀ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਸਾਰੀ ਅਸਾਮੀਆਂ ਰੈਗੂਲਰ ਅਤੇ ਉਮਰ ਹੱਦ ਵਿੱਚ ਚਾਰ ਸਾਲ ਛੋਟ ਦੇ ਕੇ ਆਧਾਰ ’ਤੇ ਭਰੀਆਂ ਜਾਣ। ਆਬਾਦੀ ਮੁਤਾਬਕ ਹੋਰ ਪੈਦਾ ਹੋਣ ਵਾਲੀਆਂ ਸਿਹਤ ਵਰਕਰ ਦੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਜਾਵੇ। ਭਰਤੀ ਪ੍ਰਕਿਰਿਆ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਬੰਦ ਕੀਤੀ ਜਾਵੇ। ਸਰਕਾਰੀ ਹਸਪਤਾਲਾਂ ਵਿੱਚ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਣ ਅਤੇ ਸਿਹਤ ਵਰਕਰ ਦਾ ਕੋਰਸ ਸਾਲ 2012 ਤੋਂ ਬੰਦ ਹੋ ਚੁੱਕਾ ਹੈ। ਇਸ ਲਈ ਕੋਰਸ ਪਾਸ ਸਾਰੇ ਉਮੀਦਵਾਰਾਂ ਨੂੰ ਪਹਿਲ ਦੇ ਆਧਾਰ ’ਤੇ ਭਰਤੀ ਕੀਤਾ ਜਾਵੇ।
ਇਸ ਮੌਕੇ ਮੁਲਾਜ਼ਮ ਆਗੂ ਸੋਨੀ ਪਾਇਲ, ਅਮਰੀਕ ਸਿੰਘ ਬਠਿੰਡਾ, ਤਰਲੋਚਨ ਨਾਗਰਾ ਸੰਗਰੂਰ, ਸੁਖਦੇਵ ਸਿੰਘ ਫਾਜ਼ਿਲਕਾ, ਹਰਵਿੰਦਰ ਸਿੰਘ ਪਟਿਆਲਾ, ਪਲਵਿੰਦਰ ਹੁਸ਼ਿਆਰਪੁਰ, ਸਵਰਨ ਸਿੰਘ ਫਿਰੋਜ਼ਪੁਰ, ਰਵਿੰਦਰ ਫਿਰੋਜ਼ਪੁਰ, ਲਖਵੀਰ ਮਾਨਸਾ, ਮੱਖਣ ਰੱਲਾ, ਜਸਪਾਲ ਪਾਲੀ, ਅਮਰਜੀਤ ਮੁਕਤਸਰ, ਗੁਰਲਾਲ ਬਰਨਾਲਾ, ਪਵਨ ਫਾਜ਼ਿਲਕਾ, ਕੁਲਵਿੰਦਰ ਸਿੰਘ ਅਤੇ ਜਸਮੇਲ ਸਿੰਘ ਤੇ ਜਗਦੀਪ ਮੁਹਾਲੀ, ਦਵਿੰਦਰ ਸਿੰਘ, ਬਲਵਿੰਦਰ ਤਪਾ, ਜਸਵੀਰ ਜਲੰਧਰ, ਗੁਰਚਰਨ ਲੁਧਿਆਣਾ, ਗੁਰਲਾਲ ਮੋੜ, ਵਿਨੋਦ ਪਟਿਆਲਾ ਤਅੇ ਰਾਜੂ ਸੁਖਣਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…