Nabaz-e-punjab.com

ਵਾਤਾਵਰਨ ਨੂੰ ਬਚਾਉਣ ਲਈ ਸਮਾਜ ਸੇਵੀ ਜਥੇਬੰਦੀਆਂ ਅੱਗੇ ਆਉਣ: ਸਿੱਧੂ

ਸਿਹਤ ਮੰਤਰੀ ਨੇ ਐਸੋਸੀਏਸ਼ਨਾਂ ਤੇ ਸੁਸਾਇਟੀਆਂ ਨੂੰ ਸਮਾਜਿਕ ਗਤੀਵਿਧੀਆਂ ਲਈ ਚੈੱਕ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਮਾਜ ਸੇਵੀ ਜਥੇਬੰਦੀਆਂ ਅਤੇ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਉਲੀਕੇ ਪ੍ਰੋਗਰਾਮਾਂ ਤਹਿਤ ਵੱਧ ਤੋਂ ਵੱਧ ਲਗਾਉਣ ਦੀ ਮੁਹਿੰਮ ਅਤੇ ਹੋਰ ਸਮਾਜਿਕ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ। ਅੱਜ ਇੱਥੇ ਵੱਖ ਵੱਖ ਐਸੋਸੀਏਸ਼ਨਾਂ ਤੇ ਸੁਸਾਇਟੀਆਂ ਨੂੰ ਸਮਾਜਿਕ ਕਾਰਜਾਂ ਲਈ ਗਰਾਂਟਾਂ ਦੇ ਚੈੱਕ ਵੰਡਣ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਪ੍ਰੋਗਰਾਮ ਉਲੀਕੇ ਗਏ ਹਨ, ਜਿਨ੍ਹਾਂ ਵਿੱਚ ਸਮਾਜ ਸੇਵੀ ਜਥੇਬੰਦੀਆਂ ਅਤੇ ਐਸੋਸੀਏਸ਼ਨਾਂ ਨੂੰ ਵੀ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਇਸੇ ਸੰਕਲਪ ਉੱਤੇ ਚੱਲਦਿਆਂ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਹੰਭਲਾ ਮਾਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਸਬੰਧੀ ਹਰੇਕ ਪਿੰਡ ਵਿੱਚ 550 ਬੂਟੇ ਲਾਉਣ ਦੀ ਮੁਹਿੰਮ ਵਿੱਢੀ ਗਈ ਹੈ, ਜਿਸ ਵਿੱਚ ਸਭ ਨੂੰ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਿਹਤ ਮੰਤਰੀ ਨੇ ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ, ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਫੇਜ਼-2 ਮੁਹਾਲੀ, ਭਾਈ ਘਨੱਈਆ ਜੀ ਵੈੱਲਫੇਅਰ ਸੁਸਾਇਟੀ ਫੇਜ਼-5, ਮੁਹਾਲੀ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਫੇਜ਼-3ਬੀ2, ਮੁਹਾਲੀ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ (ਸਾਢੇ ਸੱਤ ਮਰਲਾ ਹਾਊਸ) ਫੇਜ਼-3ਬੀ1, ਸ੍ਰੀ ਸੇਵਾ ਸਮਿਤੀ ਮੁਹਾਲੀ, ਦੀ ਦੰਗਾ ਪੀੜਤ ਕੋ ਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਸੈਕਟਰ-67 ਮੁਹਾਲੀ ਨੂੰ 51-51 ਹਜ਼ਾਰ ਅਤੇ ਜਲਵਾਯੂ ਵਿਹਾਰ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈਕਟਰ-67 ਮੁਹਾਲੀ ਨੂੰ ਇਕ ਲੱਖ ਪਚਵੰਜਾ ਹਜ਼ਾਰ ਰੁਪਏ ਦਾ ਚੈੱਕ ਦਿੱਤਾ।
ਇਸ ਸਮੇਂ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਪ੍ਰਧਾਨ ਸ਼ਹਿਰੀ ਕਾਂਗਰਸ ਮੁਹਾਲੀ ਜਸਪ੍ਰੀਤ ਸਿੰਘ ਗਿੱਲ, ਕੌਂਸਲਰ ਭਾਰਤ ਭੂਸ਼ਨ ਮੈਣੀ, ਕੌਂਸਲਰ ਕੁਲਜੀਤ ਸਿੰਘ ਬੇਦੀ, ਕੌਂਸਲਰ ਨਰੈਣ ਸਿੰਘ ਸਿੱਧੂ, ਪਵਿੱਤਰ ਸਿੰਘ ਵਿਰਦੀ, ਬਲਬੀਰ ਸਿੰਘ, ਬਲਜੀਤ ਕੌਰ, ਜਤਿੰਦਰ ਸਿੰਘ ਜੌਲੀ, ਰਾਮ ਸਰੂਪ ਜੋਸ਼ੀ, ਅਮਿਤ ਮਰਵਾਹਾ, ਸੁਰਿੰਦਰ ਸ਼ਰਮਾ, ਅਸ਼ੋਕ ਕੌਂਡਲ ਅਤੇ ਅੰਨਾਕ੍ਰਿਸ਼ਨਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…