Nabaz-e-punjab.com

ਸਿਹਤ ਵਿਭਾਗ ਵੱਲੋਂ ਅੱਖ ਦਾਨ ਪੰਦਰਵਾੜਾ ਤਹਿਤ ਜ਼ਿਲ੍ਹਾ ਹਸਪਤਾਲ ਤੋਂ ਰਵਾਨਾ ਕੀਤੀ ਜਾਗਰੂਕਤਾ ਵੈਨ

ਅੱਖਾਂ ਦਾਨ ਕਰਨ ਨਾਲ ਹੋਰ ਲੋੜਵੰਦਾਂ ਦੀ ਜ਼ਿੰਦਗੀ ਰੁਸ਼ਨਾਉਣ ਲਈ ਅੱਗੇ ਆਉਣ ਲੋਕ: ਕੁਮਾਰ ਰਾਹੁਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
‘ਹਰ ਵਿਅਕਤੀ ਨੂੰ ਆਪਣੇ ਜਿਉਂਦੇ ਜੀਅ ਅੱਖਾਂ ਦਾਨ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ ਤਾਂ ਜੋ ਮੌਤ ਮਗਰੋਂ ਦਾਨ ਕੀਤੀਆਂ ਅੱਖਾਂ ਨਾਲ ਨੇਤਰਹੀਣ ਵਿਅਕਤੀ ਇਸ ਰੰਗ-ਬਿਰੰਗੀ ਦੁਨੀਆਂ ਨੂੰ ਵੇਖ ਸਕਣ।’ ਇਹ ਗੱਲ ਸਿਹਤ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ ਨੇ ਅੱਖ ਦਾਨ ਪੰਦਰਵਾੜਾ ਤਹਿਤ ਅੱਜ ਇੱਥੋਂ ਦੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਫੇਜ਼-6 ਤੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਅੱਖ ਦਾਨ ਦਾ ਹੋਕਾ ਦੇਣ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਮਗਰੋਂ ਲੋਕਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਹੀ।
ਕੁਮਾਰ ਰਾਹੁਲ ਨੇ ਦੱਸਿਆ ਕਿ ਕੌਰਨੀਅਲ ਬਲਾਈਂਡਨੈਸ ਯਾਨੀ ਪੁਤਲੀ ਰੋਗ ਕਾਰਨ 10 ਲੱਖ ਲੋਕ ਦੋਵੇਂ ਅੱਖਾਂ ਦੀ ਰੌਸ਼ਨੀ ਤੋਂ ਵਾਂਝੇ ਹਨ ਜਦਕਿ ਲਗਭਗ 68 ਲੱਖ ਲੋਕ ਇਸ ਰੋਗ ਤੋਂ ਪ੍ਰਭਾਵਿਤ ਹਨ। ਇਹ ਰੋਗ ਆਮ ਤੌਰ ’ਤੇ ਅੱਖਾਂ ਵਿੱਚ ਸੱਟ ਲੱਗਣ, ਇਨਫੈਕਸ਼ਨ ਜਾਂ ਬੱਚਿਆਂ ਅੰਦਰ ਵਿਟਾਮਿਨ ਏ ਦੀ ਕਮੀ ਕਾਰਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ 15 ਮਿਲੀਅਨ ਤੋਂ ਵੱਧ ਲੋਕ ਨੇਤਰਹੀਣਤਾ ਦਾ ਸ਼ਿਕਾਰ ਹਨ ਅਤੇ ਇਨ੍ਹਾਂ ’ਚੋਂ ਬਹੁਤੇ ਲੋਕ ਦਾਨ ਕੀਤੀਆਂ ਅੱਖਾਂ ਰਾਹੀਂ ਵੇਖ ਸਕਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਭਾਰਤ ਵਿੱਚ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਮੌਤ ਮਗਰੋਂ ਅੱਖਾਂ ਕੱਢਣ ਦਾ ਕੰਮ ਛੇ ਘੰਟਿਆਂ ਵਿੱਚ ਹੋਣਾ ਚਾਹੀਦਾ ਹੈ। ਜੇ ਕਿਸੇ ਕਾਰਨ ਦੇਰੀ ਵੀ ਹੋ ਜਾਵੇ ਤਾਂ 24 ਘੰਟਿਆਂ ਤੱਕ ਅੱਖਾਂ ਵਿੱਚ ਜਾਨ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ਵਿਚ ਅੱਖਾਂ ਦਾਨ ਹੋ ਸਕਦੀਆਂ ਹਨ। ਚਾਹੇ ਐਨਕਾਂ ਲੱਗੀਆਂ ਹੋਣ, ਅਪਰੇਸ਼ਨ ਹੋਇਆ ਹੋਵੇ, ਲੈਨਜ਼ ਪਏ ਹੋਣ ਤਾਂ ਵੀ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਅੱਖਾਂ ਲੈਣ ਮਗਰੋਂ ਮ੍ਰਿਤਕ ਵਿਅਕਤੀ ਨੂੰ ਨਕਲੀ ਅੱਖਾਂ ਲਗਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਸ ਦੇ ਅੰਤਿਮ ਦਰਸ਼ਨਾਂ ਵੇਲੇ ਬੁਰਾ ਨਾ ਲੱਗੇ। ਜੇਕਰ ਕਿਸੇ ਵਿਅਕਤੀ ਨੂੰ ਏਡਜ਼, ਪੀਲੀਆ, ਬਲੱਡ ਕੈਂਸਰ ਅਤੇ ਦਿਮਾਗ਼ੀ ਬੁਖ਼ਾਰ ਜਿਹੀਆਂ ਬਿਮਾਰੀਆਂ ਹੋਣ ਤਾਂ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ ਹਨ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਅੱਖਾਂ ਦਾਨ ਕਰਨਾ ਮਨੁੱਖਤਾ ਦੀ ਭਲਾਈ ਦਾ ਕਾਰਜ ਹੈ ਅਤੇ ਹਰ ਕਿਸੇ ਨੂੰ ਫਾਰਮ ਭਰ ਕੇ ਅੱਖਾਂ ਦਾਨ ਕਰਨ ਦਾ ਤਹੱਈਆ ਕਰਨਾ ਚਾਹੀਦਾ ਹੈ ਤਾਂ ਕਿ ਮਰਨ ਉਪਰੰਤ ਉਸ ਦੀ ਅੱਖਾਂ ਕਿਸੇ ਨੇਤਰਹੀਣ ਵਿਅਕਤੀਆਂ ਨੂੰ ਲਾਈਆਂ ਜਾ ਸਕਣ ਅਤੇ ਉਹ ਵੀ ਦੁਨੀਆਂ ਦੇ ਰੰਗ ਵੇਖ ਸਕੇ। ਉਨ੍ਹਾਂ ਦੱਸਿਆ ਕਿ ਇਹ ਵੈਨ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਵੱਖ ਵੱਖ ਸਰਕਾਰੀ ਹਸਪਤਾਲਾਂ ਅਤੇ ਹੋਰ ਅਹਿਮ ਥਾਵਾਂ ’ਤੇ ਜਾ ਕੇ ਲੋਕਾਂ ਨੂੰ ਅੱਖਾਂ ਦਾਨ ਕਰਨ ਬਾਰੇ ਹੋਕਾ ਦੇਵੇਗੀ। ਵੈਨ ਉੱਤੇ ਲੱਗੇ ਬੈਨਰਾਂ, ਪੋਸਟਰਾਂ ਅਤੇ ਸਕਰੀਨ ’ਤੇ ਵਿਖਾਈ ਜਾਣ ਵਾਲੀ ਲਘੂ ਫ਼ਿਲਮ ਰਾਹੀਂ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੈਨ ਵਿੱਚ ਨਾਟਕ ਮੰਡਲੀ ਵੀ ਹੋਵੇਗੀ ਜਿਹੜੀ ਅੱਖਾਂ ਦੇ ਦਾਨ ਦੀ ਮਹੱਤਤਾ ਸਬੰਧੀ ਵੱਖ-ਵੱਖ ਥਾਈਂ ਨੁੱਕੜ ਨਾਟਕ ਖੇਡੇਗੀ।
ਅੱਖਾਂ ਦੀ ਸਾਂਭ-ਸੰਭਾਲ ਬਾਰੇ ਪ੍ਰੋਗਰਾਮ ਅਫ਼ਸਰ ਡਾ. ਅਰੀਤ ਕੌਰ ਨੇ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਬਹੁਤ ਹੀ ਮਹੱਤਵ ਪੂਰਨ ਅੰਗ ਹਨ। ਉਨ੍ਹਾਂ ਕਿਹਾ ਕਿ ਅੱਖਾਂ ਦੀ ਜਾਂਚ ਹਰ ਛੇ ਮਹੀਨੇ ਮਗਰੋਂ ਘੱਟੋ-ਘੱਟ ਇਕ ਵਾਰ ਜ਼ਰੂਰ ਕਰਾਉਣੀ ਚਾਹੀਦੀ ਹੈ। ਨਾਟਕ ਮੰਡਲੀ ਨੇ ਅੱਖ ਦਾਨ ਦੀ ਅਹਿਮੀਅਤ ਦਰਸਾਉਂਦਾ ਨੁੱਕੜ ਨਾਟਕ ਵੀ ਖੇਡਿਆ। ਇਸ ਮੌਕੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਅਰੀਤ ਕੌਰ, ਸਿਵਲ ਸਰਜਨ ਡਾ. ਮਨਜੀਤ ਸਿੰਘ, ਐਸਐਮਓ ਡਾ. ਮਨਜੀਤ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…