Nabaz-e-punjab.com

ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਵੱਲੋਂ ਸੂਬਾ ਪੱਧਰੀ ਵਿਸ਼ਾਲ ਰੈਲੀ, ਚੱਕਾ ਜਾਮ

ਸਿਹਤ ਮੰਤਰੀ ਬਲਬੀਰ ਸਿੱਧੂ ਨਾਲ ਛੇ ਮੈਂਬਰੀ ਵਫ਼ਦ ਦੀ ਮੀਟਿੰਗ ਬੇਸਿੱਟਾ ਰਹੀ, ਸਿਹਤ ਵਰਕਰ ਮੰਗਾਂ ਮੰਨਣ ਲਈ ਬਜਿੱਦ

ਉੱਚ ਅਧਿਕਾਰੀਆਂ ’ਤੇ ਮੰਤਰੀ ਦੇ ਜ਼ਰੂਰੀ ਰੁਝੇਵਿਆਂ ਦੀ ਦੁਹਾਈ ਦੇ ਕੇ ਵਾਰ ਵਾਰ ਮੀਟਿੰਗਾਂ ਮੁਲਤਵੀ ਕਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਇੱਥੋਂ ਦੇ ਫੇਜ਼-8 ਸਥਿਤ ਦੁਸਹਿਰਾ ਗਰਾਉਂਡ ਵਿੱਚ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕਰਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਹੁਕਮਰਾਨਾਂ ਨੂੰ ਕੋਸਿਆ ਗਿਆ। ਹਾਲਾਂਕਿ ਪਹਿਲਾਂ ਇਨ੍ਹਾਂ ਮਹਿਲਾ ਕਰਮਚਾਰਨਾਂ ਦਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਸੀ ਪ੍ਰੰਤੂ ਤਹਿਸੀਲਦਾਰ ਨੇ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਦੱਸਿਆ ਕਿ ਸਿਹਤ ਮੰਤਰੀ ਹੁਣ ਮੁਹਾਲੀ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਰਿਹਾਇਸ਼ ਸੈਕਟਰ-39 ਵਿੱਚ ਹੈ। ਲਿਹਾਜ਼ਾ ਉਹ ਮੰਤਰੀ ਦੀ ਬੰਦ ਕੋਠੀ ਦਾ ਘਿਰਾਓ ਨਾ ਕਰਨ ਕਿਉਂਕਿ ਇਸ ਨਾਲ ਸਿਰਫ਼ ਆਸਪਾਸ ਰਹਿੰਦੇ ਲੋਕਾਂ ਨੂੰ ਹੀ ਪ੍ਰੇਸ਼ਾਨੀ ਹੋਣੀ ਹੈ।
ਤਹਿਸੀਲਦਾਰ ਦੀ ਗੱਲ ਮੰਨ ਕੇ ਬੀਬੀਆਂ ਨੇ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਪ੍ਰੋਗਰਾਮ ਬਦਲ ਕੇ ਚੌਕ ਵਿੱਚ ਚੱਕਾ ਜਾਮ ਕਰਕੇ ਧਰਨੇ ’ਤੇ ਬੈਠ ਗਈਆਂ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪੁਲੀਸ ਨੇ ਥਾਣੇ ਬੰਦ ਕਰਨ ਅਤੇ ਪਰਚਾ ਦਰਜ ਕਰਨ ਦੀ ਧਮਕੀ ਵੀ ਦਿੱਤੀ ਪ੍ਰੰਤੂ ਮਹਿਲਾ ਕਰਮਚਾਰਨਾਂ ਵਿਰੋਧ ਪ੍ਰਦਰਸ਼ਨ ’ਤੇ ਡਟੀਆਂ ਰਹੀਆਂ। ਇਸ ਮਗਰੋਂ ਤਹਿਸੀਲਦਾਰ
ਯੂਨੀਅਨ ਦੀ ਸੂਬਾ ਕਨਵੀਨਰ ਨਰਿੰਦਰ ਕੌਰ ਅਤੇ ਕਿਰਨਜੀਤ ਕੌਰ ਸਮੇਤ ਛੇ ਮੈਂਬਰੀ ਵਫ਼ਦ ਨੂੰ ਸਿਹਤ ਮੰਤਰੀ ਨਾਲ ਮਿਲਾਉਣ ਲਈ ਸਿਵਲ ਸਕੱਤਰੇਤ ਲੈ ਗਏ। ਮੰਤਰੀ ਨਾਲ ਲੰਮਾ ਚਿਰ ਚੱਲੀ ਇਹ ਮੀਟਿੰਗ ਬੇਸਿੱਟਾ ਰਹੀ। ਜਿਸ ਕਾਰਨ ਧਰਨੇ ’ਤੇ ਬੈਠੀਆਂ ਕਰਮਚਾਰਨਾਂ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਗੁਪਤ ਐਕਸ਼ਨ ਪ੍ਰੋਗਰਾਮ ਉਲੀਕਣ ਦੀ ਚਿਤਾਵਨੀ ਦਿੰਦਿਆਂ ਦੇਰ ਸ਼ਾਮ 7 ਵਜੇ ਧਰਨਾ ਸਮਾਪਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਭਲਕੇ ਬੁੱਧਵਾਰ ਤੋਂ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ’ਤੇ ਸਮੂਹ ਸਿਵਲ ਸਰਜਨਾਂ ਦੇ ਦਫ਼ਤਰਾਂ ਦੇ ਬਾਹਰ ਹੜਤਾਲਾਂ ਕੀਤੀਆਂ ਜਾਣਗੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਰਿਪੋਰਟਾਂ ਦਾ ਬਾਈਕਾਟ ਜਾਰੀ ਰਹੇਗਾ। ਜੇਕਰ ਫਿਰ ਵੀ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਨਰਿੰਦਰ ਕੌਰ ਅਤੇ ਕਿਰਨਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਕੰਮ ਕਰਦੀਆਂ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਵਿੱਚ ਸਰਕਾਰ ਦੀ ਅਣਦੇਖੀ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿਹਤ ਮੰਤਰੀ ਵੱਲੋਂ ਪੈਨਲ ਮੀਟਿੰਗ ਦਾ ਲਿਖਤੀ ਭਰੋਸਾ ਦੇਣ ਦੇ ਬਾਵਜੂਦ ਅਧਿਕਾਰੀ ਵਾਰ-ਵਾਰ ਮੀਟਿੰਗ ਦਾ ਸਮਾਂ ਅਤੇ ਤਰੀਕਾਂ ਬਦਲ ਕੇ ਮੰਗਾਂ ਮੰਨਣ ਤੋ ਟਾਲ-ਮਟੋਲ ਕਰ ਰਹੇ ਹਨ। ਪਹਿਲਾਂ ਉਨ੍ਹਾਂ ਨੂੰ 19 ਅਗਸਤ, ਫਿਰ 21, 22 ਅਤੇ 23 ਅਗਸਤ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਪ੍ਰੰਤੂ ਅਧਿਕਾਰੀਆਂ ਨੇ ਫਿਰ ਤੋਂ ਸਿਹਤ ਮੰਤਰੀ ਦੇ ਜ਼ਰੂਰੀ ਰੁਝੇਵਿਆਂ ਦੀ ਦੁਹਾਈ ਦਿੰਦਿਆਂ ਮੀਟਿੰਗ ਮੁਲਤਵੀ ਕਰ ਦਿੱਤੀ ਅਤੇ ਮੰਤਰੀ ਨੇ 5 ਸਤੰਬਰ ਨੂੰ ਪੈਨਲ ਮੀਟਿੰਗ ਬੁਲਾਉਣ ਦਾ ਭਰੋਸਾ ਦਿੱਤਾ ਸੀ ਲੇਕਿਨ ਹੁਣ ਤੱਕ ਯੂਨੀਅਨ ਨੂੰ ਕੋਈ ਲਿਖਤੀ ਜਾਣਕਾਰੀ ਨਹੀਂ ਆਈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 12 ਸਾਲਾਂ ਤੋਂ ਸਿਹਤ ਵਿਭਾਗ ਵਿੱਚ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੀਆਂ ਹਨ। ਅਕਾਲੀ ਸਰਕਾਰ ਨੇ ਸੂਬੇ ਦੇ ਵਿੱਤੀ ਹਾਲਾਤ ਮਾੜੇ ਦੱਸ ਕੇ ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਉਨ੍ਹਾਂ ਨੂੰ ਠੇਕੇ ’ਤੇ ਭਰਤੀ ਕੀਤਾ ਸੀ। ਇਸ ਮਗਰੋਂ ਵਿਭਾਗ ਵਿੱਚ ਕੋਈ ਰੈਗੂਲਰ ਅਸਾਮੀ ਨਹੀਂ ਕੱਢੀ ਗਈ। ਉਨ੍ਹਾਂ ਦੱਸਿਆ ਕਿ ਕਾਫੀ ਮਹਿਲਾ ਮੁਲਾਜ਼ਮਾਂ ਦੀ ਉਮਰ ਬੀਤਦੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਰੈਗੂਲਰ ਕੀਤਾ ਜਾਵੇ ਅਤੇ ਪੂਰੀ ਤਨਖ਼ਾਹ ਦਿੱਤੀ ਜਾਵੇ।
ਇਸ ਮੌਕੇ ਅਮਰੀਕ ਸਿੰਘ ਧਾਲੀਵਾਲ, ਰਾਜਵਿੰਦਰ ਕੌਰ, ਬਲਜੀਤ ਕੌਰ, ਬਬੀਤਾ ਰਾਣੀ, ਪਰਨੀਤ ਕੌਰ, ਕਰਨਾ ਅੰਮ੍ਰਿਤਸਰ, ਪਰਮਜੀਤ ਕੌਰ, ਸਰਬਜੀਤ ਕੌਰ ਸੰਗਰੂਰ, ਪ੍ਰਭਦੀਪ ਤਰਨਤਾਰਨ, ਪਰਮਜੀਤ ਕੌਰ ਪਟਿਆਲਾ, ਬਲਵਿੰਦਰ ਕੌਰ ਬਰਨਾਲਾ ਅਤੇ ਹੋਰ ਕਰਮਚਾਰਨਾਂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…