Nabaz-e-punjab.com

ਸਿੱਖ ਰਿਲੀਫ ਤੇ ਵਕੀਲਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਬਿਸਤਰੇ ਤੇ ਮੱਛਰਦਾਨੀਆਂ ਦਾ ਟਰੱਕ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਪੰਜਾਬ ਵਿੱਚ ਹੜ੍ਹਾਂ ਕਾਰਨ ਮਚੀ ਤਬਾਹੀ ਦੇ ਮੱਦੇਨਜ਼ਰ ਪੰਜਾਬ ਅਤੇ ਬਾਹਰਲੇ ਮੁਲਕਾਂ ਵਿੱਚ ਵੱਸਦੇ ਸਿੱਖਾਂ ਅਤੇ ਪੰਜਾਬੀਆਂ ਵੱਲੋਂ ਗੁਰੂਆਂ ਦੀਆਂ ਸਿੱਖਿਆਵਾਂ ’ਤੇ ਪਹਿਰਾ ਦਿੰਦਿਆਂ ਹੜ੍ਹ ਪੀੜਤਾਂ ਦੀ ਖੁੱਲ੍ਹਦਿਲੀ ਨਾਲ ਮਦਦ ਕੀਤੀ ਜਾ ਰਹੀ ਹੈ। ਇਸ ਲੜੀ ਨੂੰ ਅੱਗੇ ਤੋਰਦਿਆਂ ਅੱਜ ਸਮਾਜ ਸੇਵੀ ਸੰਸਥਾ ਸਿੱਖ ਰਿਲੀਫ ਯੂਕੇ ਅਤੇ ਅਖੰਡ ਕੀਰਤਨੀ ਜਥੇ ਨੇ ਵਕੀਲਾਂ ਦੀ ਜਥੇਬੰਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਐਸ.ਏ.ਐਸ. ਨਗਰ (ਮੁਹਾਲੀ) ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਬਿਸਤਰੇ, ਗੱਦੇ ਤੇ ਮੱਛਰਦਾਨੀਆਂ ਦਾ ਟਰੱਕ ਭੇਜਿਆ ਗਿਆ।
ਸਿੱਖ ਰਿਲੀਫ ਦੇ ਨੁਮਾਇੰਦੇ ਪਰਵਿੰਦਰ ਸਿੰਘ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਅਤੇ ਹੋਰ ਵਕੀਲਾਂ ਦੀ ਅਗਵਾਈ ਹੇਠ ਬਿਸਤਰੇ, ਗੱਦਿਆਂ ਅਤੇ ਮੱਛਰਦਾਨੀਆਂ ਦਾ ਟਰੱਕ ਹੜ੍ਹ ਪੀੜਤ ਵੱਖ ਵੱਖ ਪਿੰਡਾਂ ਲੋੜਵੰਦਾਂ ਨੂੰ ਵੰਡਣ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚਾਹਲ ਨੇ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਹਰ ਪੱਖੋਂ ਹੜ੍ਹ ਪੀੜਤਾਂ ਦੀ ਮਦਦ ਲਈ ਤਤਪਰ ਰਹੇਗੀ ਅਤੇ ਰਾਹਤ ਕਾਰਜਾਂ ਲਈ ਸਿੱਖ ਰਿਲੀਫ ਅਤੇ ਅਖੰਡ ਕੀਰਤਨੀ ਜਥੇ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗੀ। ਪਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਬਿਸਤਰੇ, ਗੱਦੇ ਅਤੇ ਮੱਛਰਦਾਨੀਆਂ ਰੂਪਨਗਰ ਦੇ ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਫੁਲ, ਖੈਰਾਬਾਦ, ਗੁਰਦਾਸਪੁਰਾ, ਬੜਾਫੂਲ ਅਤੇ ਚੱਕ ਢੇਰਾ ਵਿੱਚ ਸਿੱਖ ਰਿਲੀਫ ਵੱਲੋਂ ਵੰਡੇ ਜਾਣਗੇ। ਪੰਜਾਬ ਦੇ ਹੜ੍ਹਾਂ ਪੀੜਤਾਂ ਲਈ ਸਿੱਖ ਰਿਲੀਫ ਵੱਲੋਂ ਹੜ੍ਹ ਪੀੜਤ ਪਿੰਡਾਂ ਲਈ ਮੱਛਰਦਾਨੀਆ, ਰਾਸ਼ਨ, ਬਿਸਤਰੇ ਅਤੇ ਡਾਕਟਰੀ ਟੀਮਾਂ ਵੱਲੋਂ ਘਰ-ਘਰ ਪਹੁੰਚ ਕੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮੌਕੇ ਬਾਰ ਐਸੋਸੀਏਸ਼ਨ ਜਨਰਲ ਸਕੱਤਰ ਹਰਜਿੰਦਰ ਸਿੰਘ ਬੈਦਵਾਨ, ਸੰਯੁਕਤ ਸਕੱਤਰ ਗੀਤਾਂਜਲੀ ਬਾਲੀ, ਹਰਦੀਪ ਸਿੰਘ ਦੀਵਾਨਾ, ਸੁਨੀਲ ਪਰਾਸ਼ਰ, ਸਨੇਹਪ੍ਰੀਤ ਸਿੰਘ, ਨਵੀਨ ਸੈਣੀ, ਕੁਲਵਿੰਦਰ ਕੌਰ, ਜਗਦੀਪ ਕੌਰ ਭੰਗੂ, ਤਜਿੰਦਰ ਕੌਰ, ਨਰਪਿੰਦਰ ਸਿੰਘ ਰੰਗੀ, ਸਿੱਖ ਰਿਲੀਫ ਦੇ ਨੁਮਾਇੰਦੇ ਭਾਈ ਪਰਮਿੰਦਰ ਸਿੰਘ ਅਮਲੋਹ, ਜਸਵਿੰਦਰ ਸਿੰਘ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਵਕੀਲ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਹਰ ਕੁਦਰਤੀ ਆਫ਼ਤਾਂ ਸਮੇਂ ਸਿੱਖ ਰਿਲੀਫ ਵੱਲੋਂ ਪਹੁੰਚ ਕੇ ਪੀੜਤ ਲੋਕਾਂ ਦਾ ਦਰਦ ਵੰਡਾਇਆ ਜਾਂਦਾ ਹੈ। ਉਹ ਭਾਵੇਂ ਕਸ਼ਮੀਰ ਦੇ ਹੜ੍ਹ ਹੋਣ, ਨੇਪਾਲ ਦੇ ਭੂਚਾਲ ਹੋਣ ਜਾਂ ਪੰਜਾਬ ਦੀ ਤਰਾਸਦੀ ਹੋਵੇ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…